For the best experience, open
https://m.punjabitribuneonline.com
on your mobile browser.
Advertisement

ਤੈਨੂੰ ਠਾਣੇਦਾਰ ਬੁਲਾਉਂਦੈ

09:24 AM Dec 27, 2023 IST
ਤੈਨੂੰ ਠਾਣੇਦਾਰ ਬੁਲਾਉਂਦੈ
Advertisement

ਸੁਰਿੰਦਰ ਸਿੰਘ ਰਾਏ

Advertisement

“ਇੰਦਰ ਕੌਰੇ, ਮੈਂ ਸੁਣਿਆਂ ਤਿੰਨ-ਚਾਰ ਦਿਨ ਦਾ ਕਿਰਨਬੀਰ ਪਿੰਡ ਆਇਆ ਹੋਇਐ। ਕਿੱਧਰ ਐ ਓਹ? ਮਿਲ ਈ ਲਈਏ।” ਮੇਰੇ ਭਾਰਤ ਆਉਣ ਬਾਰੇ ਪਤਾ ਲੱਗਣ ’ਤੇ ਸਾਡੇ ਘਰ ਪਹੁੰਚਦਿਆਂ ਹੀ ਮਾਸਟਰ ਇਕਬਾਲ ਸਿੰਘ ਨੇ ਮੇਰੀ ਮਾਤਾ ਨੂੰ ਪੁੱਛਿਆ।
“ਭਰਾ ਜੀ, ਬਾਹਰਲੀ ਪੌੜੀ ਚੜ੍ਹ ਜਾਓ ਉੱਪਰ ਨੂੰ। ਕੋਠੇ ’ਤੇ ਬੈਠਾ ਧੁੱਪ ਸੇਕਦੈ।” ਮਾਤਾ ਜੀ ਨੇ ਅੰਦਰੋਂ ਹੀ ਜਵਾਬ ਦਿੱਤਾ।
“ਸਤਿ ਸ੍ਰੀ ਅਕਾਲ ਸਰ! ਸੁਣਾਓ, ਸਿਹਤਾਂ ਠੀਕ ਨੇ?” ਅੰਕਲ ਨੂੰ ਵੇਖਦਿਆਂ ਹੀ ਮੈਂ ਆਖਿਆ।
“ਕਿਰਨਬੀਰ, ਸਿਹਤ ਤਾਂ ਠੀਕ ਐ, ਪਰ ਉਮਰ ਮੁਤਾਬਕ ਬੰਦੇ ਨੂੰ ਫ਼ਰਕ ਤਾਂ ਪੈਂਦਾ ਈ ਏ। ਪੱਚੀ ਸਾਲ ਤਾਂ ਮੈਨੂੰ ਰਿਟਾਇਰ ਹੋਏ ਨੂੰ ਹੋ ਗਏ ਨੇ।” ਕੁਰਸੀ ’ਤੇ ਬੈਠਦਿਆਂ ਉਹ ਬੋਲੇ।
“ਸਰ, ਸਮਾਂ ਸਾਡਾ ਮਿੱਤਰ ਵੀ ਏ ਤੇ ਦੁਸ਼ਮਣ ਵੀ। ਹਰ ਗੱਲ ਦੇ ਨਕਾਰਾਤਮਕ-ਸਕਾਰਾਤਮਕ ਦੋਵੇਂ ਪੱਖ ਹੁੰਦੇ ਨੇ। ਜਿੱਧਰ ਨੂੰ ਮਰਜ਼ੀ ਸੋਚ ਲਓ।”
“ਕਿਰਨਬੀਰ, ਤੂੰ ਇੰਗਲੈਂਡ ਜਾ ਕੇ ਬਾਹਲਾ ਸਿਆਣਾ ਹੋ ਗਿਆ ਲੱਗਦੈਂ। ਹੁਣ ਤਾਂ ਤੂੰ ਫ਼ਿਲਾਸਫ਼ੀ ਬੜੀ ਘੋਟਦਾਂ। ਤੈਨੂੰ ਇੰਗਲੈਂਡ ਦੀ ਹਵਾ ਲੱਗ ਗਈ ਲੱਗਦੀ ਏ।” ਇਕਬਾਲ ਸਿੰਘ ਨੇ ਮੇਰੀ ਗੱਲ ਦਾ ਵਿਅੰਗ ਵਿੱਚ ਜਵਾਬ ਮੋੜਿਆ।
“ਸਰ ਜੀ, ਜਦੋਂ ਬਾਹਰ ਜਾ ਕੇ ਬੰਦੇ ਨੂੰ ਠੋਕਰਾਂ ਖਾਣੀਆਂ ਪੈਂਦੀਆਂ ਨੇ ਤਾਂ ਜ਼ਿੰਦਗੀ ਬੜਾ ਕੁਝ ਸਿਖਾਉਂਦੀ ਏ।” ਮੈਂ ਆਖਿਆ।
“ਹਾਂ ਕਿਰਨਬੀਰ, ਤੇਰੀ ਇਹ ਗੱਲ ਤਾਂ ਦਰੁਸਤ ਏ। ਬੰਦਾ ਜਿੰਨੀਆਂ ਵੱਧ ਠੋਕਰਾਂ ਖਾਊ, ਓਨਾ ਈ ਵੱਧ ਸਿਆਣਾ ਬਣੂ। ਸਾਡਾ ਇੱਕ ਅਧਿਆਪਕ ਹੁੰਦਾ ਸੀ ਪੁਰਾਣੇ ਸਮਿਆਂ ’ਚ। ਉਹ ਇੱਕ ਕਹਾਣੀ ਸੁਣਾਉਂਦਾ ਹੁੰਦਾ ਸੀ, ਬਈ ਇੱਕ ਵਾਰ ਇੱਕ ਫ਼ਿਲਾਸਫ਼ਰ ਨੂੰ ਕਿਸੇ ਆ ਦੱਸਿਆ ਕਿ ਜਿਹੜਾ ਤੇਰਾ ਵਿਰੋਧੀ ਦੂਜਾ ਫ਼ਿਲਾਸਫ਼ਰ ਏ, ਉਹਨੂੰ ਤਾਂ ਇੱਕ ਕੇਸ ਵਿੱਚ ਪੰਜ ਸਾਲ ਦੀ ਸਜ਼ਾ ਹੋ ਗਈ ਏ। ਉਸ ਵਿਅਕਤੀ ਦੀ ਇਹ ਗੱਲ ਸੁਣਦੇ ਹੀ ਪਹਿਲਾ ਫ਼ਿਲਾਸਫ਼ਰ ਉਦਾਸ ਹੋ ਗਿਆ।
ਭਾਈ ਸਾਬ੍ਹ, ਤੁਹਾਨੂੰ ਤਾਂ ਖ਼ੁਸ਼ ਹੋਣਾ ਚਾਹੀਦੈ ਕਿ ਤੁਹਾਡੇ ਵਿਰੋਧੀ ਬੰਦੇ ਨੂੰ ਸਜ਼ਾ ਹੋ ਗਈ ਏ, ਪਰ ਤੁਸੀਂ ਤਾਂ ਉਦਾਸ ਹੋ ਗਏ ਹੋ? ਸੂਚਨਾ ਦੇਣ ਵਾਲੇ ਵਿਅਕਤੀ ਨੇ ਹੈਰਾਨ ਹੁੰਦਿਆਂ ਉਸ ਫ਼ਿਲਾਸਫ਼ਰ ਨੂੰ ਸਵਾਲ ਕੀਤਾ।
ਯਾਰ, ਤੈਨੂੰ ਖ਼ੁਸ਼ ਹੋਣ ਦੀ ਪਈ ਹੋਈ ਏ। ਮੈਨੂੰ ਤਾਂ ਚਿੰਤਾ ਇਹ ਲੱਗੀ ਏ ਕਿ ਉਸ ਨੇ ਮੇਰੇ ਨਾਲੋਂ ਜੇਲ੍ਹ ਦੇ ਤਜਰਬੇ ਵਿੱਚ ਅੱਗੇ ਲੰਘ ਜਾਣਾ ਏ। ਉਸ ਵਿਅਕਤੀ ਦਾ ਸਵਾਲ ਸੁਣ ਕੇ ਉਹ ਫ਼ਿਲਾਸਫ਼ਰ ਤੁਰੰਤ ਬੋਲਿਆ। ਸੋ ਇਹੀ ਗੱਲ ਮੈਨੂੰ ਤੇਰੇ ’ਤੇ ਇੰਗਲੈਂਡ ਵਿੱਚ ਲਾਗੂ ਹੋ ਗਈ ਲੱਗਦੀ ਏ।” ਇੰਝ ਆਖ ਇਕਬਾਲ ਸਿੰਘ ਤਾੜੀ ਮਾਰਦਿਆਂ ਉੱਚੀ ਦੇਣੀ ਹੱਸਿਆ।
“ਕਾਕਾ, ਚਾਹ ਲੈ ਜਾ ਆ ਕੇ।” ਇੰਨੇ ਨੂੰ ਹੇਠੋਂ ਮਾਤਾ ਦੀ ਆਵਾਜ਼ ਆਈ। ਤੇ ਫਿਰ ਮੈਂ ਚਾਹ ਲੈਣ ਚਲਾ ਗਿਆ।
“ਕਾਕਾ, ਅੱਜ ਇਕਬਾਲ ਸਿੰਘ ਬੜਾ ਖ਼ੁਸ਼ ਹੈ। ਪਹਿਲਾਂ ਤਾਂ ਮੈਂ ਕਦੇ ਇਹਨੂੰ ਐਨਾ ਹੱਸਦਾ ਵੇਖਿਆ ਨ੍ਹੀਂ।” ਇਕਬਾਲ ਸਿੰਘ ਨੂੰ ਉੱਚੀ-ਉੱਚੀ ਹੱਸਦਾ ਵੇਖ ਮਾਤਾ ਜੀ ਨੇ ਮੈਨੂੰ ਪੁੱਛਿਆ।
“ਮਾਤਾ ਜੀ, ਮੇਰਾ ਅੰਕਲ ਜੀ ਨਾਲ ਪਹਿਲਾਂ ਤੋਂ ਪਿਆਰ ਏ। ਜਦੋਂ ਮੈਂ ਭਾਰਤ ਆਉਂਦਾ, ਤਾਂ ਇਹ ਮੈਨੂੰ ਸਪੈਸ਼ਲ ਮਿਲਣ ਆਉਂਦੇ ਆ।” ਮੈਂ ਆਖਿਆ।
“ਆਹੋ ਕਿਰਨਬੀਰ, ਇਹ ਤਾਂ ਮੈਨੂੰ ਪਤਾ ਐ, ਬਈ ਇਕਬਾਲ ਸਿੰਘ ਹੋਰ ਨ੍ਹੀਂ ਪਿੰਡ ’ਚ ਕਿਸੇ ਕੋਲ ਬਾਹਲਾ ਜਾਂਦਾ, ਪਰ ਜਦੋਂ ਤੂੰ ਆਉਨੈ ਤਾਂ ਤੈਨੂੰ ਮਿਲਣ ਜ਼ਰੂਰ ਆਉਂਦੈ। ਚਲੋ ਇੱਦਾਂ ਦੇ ਸਿਆਣੇ ਬੰਦੇ ਤੋਂ ਬੰਦਾ ਕੁਝ ਸਿੱਖਦਾ ਈ ਐ।” ਮਾਤਾ ਜੀ ਖ਼ੁਸ਼ ਹੋ ਕੇ ਬੋਲੇ। ਤੇ ਫਿਰ ਮੈਂ ਚਾਹ ਵਾਲੀ ਕੇਤਲੀ ਚੁੱਕ ਕੋਠੇ ਉੱਤੇ ਚਲਾ ਗਿਆ।
“ਕਿਰਨਬੀਰ, ਮੈਂ ਤਾਂ ਇਸ ਗੱਲੋਂ ਹੈਰਾਨ ਆਂ, ਤੁਸੀਂ ਲੋਕ ਆਪਣੇ ਮੁਲਕ ਆ ਕੇ ਆਖਦੇ ਹੋ ਕਿ ਐਸ਼ ਤਾਂ ਇੰਡੀਆ ਵਿੱਚ ਈ ਏ। ਉੱਧਰ ਤਾਂ ਬਸ ਚੌਵੀ ਘੰਟੇ ਕੰਮ...ਕੰਮ...ਕੰਮ। ਬੋਰਿੰਗ ਲਾਈਫ। ਕੋਈ ਸੁਸਾਇਟੀ ਨਹੀਂ ਏ, ਪਰ ਭੱਜਦੇ ਫਿਰ ਵੀ ਉੱਧਰ ਨੂੰ ਈ ਹੋ।” ਚਾਹ ਪੀਂਦਿਆਂ ਇਕਬਾਲ ਸਿੰਘ ਨੇ ਗੱਲਾਂਬਾਤਾਂ ਦਾ ਸਿਲਸਿਲਾ ਦੁਬਾਰਾ ਫਿਰ ਸ਼ੁਰੂ ਕੀਤਾ।
“ਸਰ, ਤੁਹਾਡੀ ਇਹ ਗੱਲ ਤਾਂ ਦਰੁਸਤ ਏ, ਪਰ ਇਨ੍ਹਾਂ ਨੁਕਸਾਂ ਨੂੰ ਜਮ੍ਹਾਂ-ਘਟਾਓ ਕਰਕੇ ਜਦੋਂ ਬੰਦਾ ਅਖ਼ੀਰ ਨੂੰ ਰਿਜਲਟ ਕੱਢਦਾ ਤਾਂ ਉਹ ਪੱਛਮੀ ਮੁਲਕਾਂ ਦੇ ਪੱਖ ਵਿੱਚ ਈ ਨਿਕਲਦੈ।”
“ਕਿਰਨਬੀਰ, ਉਹ ਕਿਵੇਂ?” ਮੇਰੀ ਗੱਲ ਸੁਣਦੇ ਹੀ ਮਾਸਟਰ ਇਕਬਾਲ ਸਿੰਘ ਹੈਰਾਨੀ ਵਿੱਚ ਬੋਲਿਆ।
“ਸਰ, ਉੱਧਰ ਬੰਦੇ ਦੇ ਕੰਮ ਦੀ ਕਦਰ ਪੈਂਦੀ ਏ। ਸਭ ਨੂੰ ਤਰੱਕੀ ਕਰਨ ਦੇ ਬਰਾਬਰ ਮੌਕੇ ਮਿਲਦੇ ਨੇ। ਬੁੱਢੀ ਉਮਰ ਵਿੱਚ ਮੁਫ਼ਤ ਮੈਡੀਕਲ, ਪੈਨਸ਼ਨ ਦੀਆਂ ਸਹੂਲਤਾਂ ਨੇ। ਭ੍ਰਿਸ਼ਟਾਚਾਰ ਨ੍ਹੀਂ ਚੱਲਦਾ। ਕੋਈ ਵੱਟ-ਬੰਨੇ ਦਾ ਰੌਲ਼ਾ ਨ੍ਹੀਂ ਹੈ। ਬਸ ਇਹ ਕੁਝ ਗੱਲਾਂ ਨੇ ਜਿਹੜੀਆਂ ਬੰਦੇ ਨੂੰ ਉੱਥੇ ਰਹਿਣ ਲਈ ਖਿੱਚ ਪਾਉਂਦੀਆਂ ਨੇ।”
“ਕਿਰਨਬੀਰ, ਤੂੰ ਪੜ੍ਹਿਆ ਲਿਖਿਆ ਮੁੰਡਾ ਏਂ। ਜ਼ਰਾ ਸੋਚ ਕੇ ਵੇਖ! ਆਪਣੀ ਮਾਂ-ਬੋਲੀ, ਜਨਮ ਭੋਇੰ ਤੇ ਸਭਿਆਚਾਰ ਨਾਲੋਂ ਟੁੱਟ ਕੇ ਜਿਉਣਾ ਕਿੰਨਾ ਮੁਸ਼ਕਿਲ ਏ? ਤੂੰ ਭਾਰਤ ਹਰ ਸਾਲ ਗੇੜਾ ਮਾਰਦਾ ਏਂ। ਇਸੇ ਖਿੱਚ ਕਾਰਨ ਤੂੰ ਆਉਨੈਂ, ਪਰ ਹੁਣ ਤਾਂ ਤੂੰ ਆਈ ਜਾਨੈਂ, ਅੱਗੇ ਤੇਰੇ ਬੱਚੇ ਥੋੜ੍ਹੇ ਆਉਣਗੇ? ਲੱਗ ਗਿਆ ਨਾ ਫੁੱਲ-ਸਟਾਪ।”
“ਸਰ, ਤੁਹਾਡੀ ਇਸ ਗੱਲ ਨਾਲ ਮੈਂ ਸਹਿਮਤ ਆਂ। ਵਿਅਕਤੀ ਦੋਵਾਂ ਪੁੜਾਂ ਵਿਚਕਾਰ ਪਿੱਸਦਾ ਏ, ਪਰ ਬੰਦਾ ਸੋਚਦੈ ਕਿ ਜ਼ਿੰਦਗੀ ਵਿੱਚ ਸੁੱਖ-ਸਹੂਲਤਾਂ ਮਾਨਣ ਲਈ ਕੁਝ ਨਾ ਕੁਝ ਤਾਂ ਗੁਆਉਣਾ ਈ ਪੈਂਦੈ।”
“ਕਿਰਨਬੀਰ, ਤੂੰ ਆਪਣੀ ਮਾਤ-ਭਾਸ਼ਾ ਤੇ ਜਨਮ ਭੋਇੰ ਨੂੰ ਗੁਆਉਣਾ ਕੋਈ ਮਾਮੂਲੀ ਜਿਹੀ ਗੱਲ ਸਮਝਦੈਂ। ਇਨ੍ਹਾਂ ਤੋਂ ਵਗੈਰ ਬੰਦੇ ਕੋਲ ਬਚਦਾ ਈ ਕੀ ਏ?” ਮੇਰਾ ਜਵਾਬ ਸੁਣਦੇ ਹੀ ਅੰਕਲ ਜੀ ਭਾਵੁਕ ਹੋ ਕੇ ਬੋਲੇ। ਅੰਕਲ ਨੂੰ ਭਾਵੁਕ ਹੋਏ ਵੇਖ ਮੈਂ ਚੁੱਪ ਕਰ ਗਿਆ, ਜਿਵੇਂ ਇਸ ਗੱਲ ਨਾਲ ਚੁੱਪ ਸਹਿਮਤੀ ਦੇ ਦਿੱਤੀ ਹੋਵੇ।
“ਸਰ, ਤੁਹਾਡੀ ਗੱਲ ਨਾਲ ਤਾਂ ਮੈਂ ਸਹਿਮਤ ਆਂ, ਪਰ ਸਾਡੇ ਸਿਸਟਮ ਦਾ ਤਾਣਾ-ਬਾਣਾ ਈ ਬੜਾ ਵਿਗੜਿਆ ਹੋਇਐ। ਜਦੋਂ ਇਸ ਭ੍ਰਿਸ਼ਟ ਸਿਸਟਮ ਵੱਲ ਵੇਖੀ ਦਾ, ਫਿਰ ਇੱਥੇ ਰਹਿਣ ਨੂੰ ਦਿਲ ਨ੍ਹੀਂ ਕਰਦੈ।” ਕੁਝ ਚਿਰ ਦੀ ਚੁੱਪ ਬਾਅਦ ਮੈਂ ਫਿਰ ਗੱਲ ਤੋਰੀ।
“ਕਿਰਨਬੀਰ, ਪਹਿਲਾਂ ਸਾਡੇ ਸਮਾਜ ਵਿੱਚ
ਅਨਪੜ੍ਹਤਾ ਵਧੇਰੇ ਹੁੰਦੀ ਸੀ। ਹੁਣ ਜਿਉਂ-ਜਿਉਂ ਸਿੱਖਿਆ ਫੈਲਦੀ ਏ, ਸਾਡੇ ਲੋਕ ਵੀ ਸਿਆਣੇ ਹੋਈ ਜਾਂਦੇ ਨੇ। ਤੂੰ ਆਪਣੇ ਪਿੰਡ ਵੱਲ ਈ ਨਿਗ੍ਹਾ ਮਾਰ। ਪੰਜਾਹ-ਸੱਠ ਸਾਲ ਪਹਿਲਾਂ ਮੈਂ ਇੱਥੇ ’ਕੱਲੇ ਨੇ ਈ ਬੀ.ਏ. ਕੀਤੀ ਸੀ। ਹੁਣ ਤਾਂ ਬੱਚੇ ਘਰ-ਘਰ ਬੀ.ਏ. ਤੇ ਐੱਮ.ਏ. ਪਾਸ ਨੇ। ਸਿਸਟਮ ਵਿੱਚ ਆਪੇ ਹੌਲੀ-ਹੌਲੀ ਸੁਧਾਰ ਹੋ ਜਾਣੈ। ਅਕਸਰ ਕਿਸੇ ਗੱਲ ਨੂੰ ਟੈਮ ਤਾਂ ਲੱਗਦਾ ਈ ਏ। ਤੈਨੂੰ ਵੀ ਇੱਥੋਂ ਗਏ ਨੂੰ ਮੇਰੇ ਖ਼ਿਆਲ ’ਚ ਵੀਹ-ਪੱਚੀ ਸਾਲ ਹੋ ਗਏ ਹੋਣੇ ਆਂ। ਉਸ ਵੇਲੇ ਨਾਲੋਂ ਹੁਣ ਕਿੰਨੀ ਤਬਦੀਲੀ ਹੋ ਗਈ ਏ? ਨਵੀਂ ਟੈਕਨਾਲੋਜੀ ਆ ਗਈ ਏ। ਸੜਕਾਂ ਦੇ ਜਾਲ
ਵਿਛ ਗਏ ਨੇ। ਕਿੰਨੀ ਇੰਡਸਟਰੀ ਵਧ ਗਈ ਏ।
ਹੁਣ ਸਾਡਾ ਮੁਲਕ ਕਿਹਦੇ ਨਾਲੋਂ ਘੱਟ ਏ?” ਮੇਰੀ
ਗੱਲ ਸੁਣਨ ਤੋਂ ਬਾਅਦ ਅੰਕਲ ਜੀ ਨੇ ਮੇਰੇ ’ਤੇ ਖਾਸਾ ਲੈਕਚਰ ਝਾੜਿਆ।
“ਸਰ, ਮੇਰੇ ਵਰਗੇ ਇੱਕ-ਅੱਧ ਬੰਦੇ ਦੇ ਉੱਧਰ ਜਾਣ ਜਾਂ ਨਾ ਜਾਣ ਨਾਲ ਕੀ ਫ਼ਰਕ ਪੈ ਜਾਣੈ? ਵਿਦੇਸ਼ ਜਾਣ ਲਈ ਲੋਕਾਂ ਵਿੱਚ ਦੌੜ ਤਾਂ ਲੱਗੀ ਪਈ ਏ। ਬੱਚੇ ਪਲੱਸ-ਟੂ ਬਾਅਦ ਵਿੱਚ ਕਰਦੇ ਨੇ, ਤੇ ਆਇਲੈਟਸ ਸੈਂਟਰਾਂ ਦੇ ਗੇੜੇ ਪਹਿਲਾਂ ਮਾਰਨ ਲੱਗ ਜਾਂਦੇ ਨੇ।”
“ਕਿਰਨਬੀਰ, ਤੂੰ ਮੇਰੀ ਗੱਲ ਸਮਝਦਾ ਏਂ। ਮੈਂ ਤੇਰੇ ਨਾਲ ਤਾਂ ਗੱਲ ਛੇੜੀ ਏ। ਲੋਕਾਂ ਦਾ ਕੀ ਏ? ਕੋਈ ਇਸ ਦੇ ਨਤੀਜਿਆਂ ਬਾਰੇ ਥੋੜ੍ਹੇ ਸੋਚਦੈ।” ਗੱਲ ਕਰਦਿਆਂ ਅੰਕਲ ਜੀ ਨੇ ਅਵੱਲਾ ਜਿਹਾ ਚਿਹਰਾ ਬਣਾਇਆ, ਜਿਵੇਂ ਉਨ੍ਹਾਂ ਦੇ ਦਿਲ ਵਿੱਚ ਕੋਈ ਨਮੋਸ਼ੀ ਦੀ ਪੀੜਾ ਉੱਠੀ ਹੋਵੇ।
“ਕਿਰਨਬੀਰ, ਕਦੋਂ ਆ ਗਿਆ ਤੂੰ? ਮੈਂ ਤਾਂ ਕੋਠੇ ਉੱਤੇ ਹੁੰਦਾ ਬੋਲ-ਬੁਰਾਲਾ ਸੁਣ ਕੇ ਚੜ੍ਹ ਆਇਆ ਉੱਪਰ ਨੂੰ।” ਇੰਨੇ ਨੂੰ ਮੇਰੇ ਚਾਚਾ ਜੀ ਨੇ ਕੋਠੇ ’ਤੇ ਆਉਂਦਿਆਂ ਹੀ ਮੈਨੂੰ ਹੈਰਾਨੀ ਵਿੱਚ ਪੁੱਛਿਆ। ਖ਼ਬਰਸਾਰ ਤੋਂ ਬਾਅਦ ਅਸੀਂ ਤਿੰਨੋਂ ਜਣੇ ਦੁਬਾਰਾ ਫਿਰ ਆਪਸੀ ਗੁਫ਼ਤਗੂ ਵਿੱਚ ਰੁੱਝ ਗਏ।
“ਕਿਰਨਬੀਰ, ਤੈਨੂੰ ਪਤਾ ਈ ਐ, ਤਿੰਨ ਕੁ ਮਹੀਨੇ ਪਹਿਲਾਂ ਮੈਂ ਬਲਜੀਤ ਨੂੰ ਕੈਨੇਡਾ ਭੇਜਿਆ ਸੀ, ਸਟੱਡੀ ਬੇਸ ’ਤੇ। ਪਹਿਲਾਂ-ਪਹਿਲਾਂ ਜਾ ਕੇ ਤਾਂ ਬੜਾ ਖ਼ੁਸ਼ ਸੀ। ਹੁਣ ਉਹਦਾ ਮਨ ਕੁਝ ਓਦਰ ਜਿਹਾ ਜਾਂਦਾ। ਸਾਨੂੰ ਐਧਰ ਫ਼ਿਕਰ ਲੱਗਿਆ ਹੋਇਐ।”
“ਚਾਚਾ ਜੀ, ਸ਼ੁਰੂ-ਸ਼ੁਰੂ ਵਿੱਚ ਬੱਚਿਆਂ ਨੂੰ ਬਾਹਰ ਜਾ ਕੇ ਕੁਝ ਤਕਲੀਫ਼ਾਂ ਆਉਂਦੀਆਂ ਨੇ। ਫਿਰ ਸਮਾਂ ਪਾ ਕੇ ਸਭ ਕੁਝ ਆਪੇ ਠੀਕ ਹੋ ਜਾਂਦੈ।” ਮੈਂ ਚਾਚਾ ਜੀ ਦੇ ਡੋਲਦੇ ਮਨ ਨੂੰ ਦਿਲਾਸਾ ਦਿੱਤਾ।
“ਬਲਿਹਾਰ ਸਿਆਂ, ਕੀ ਆਖਦਾ ਏ ਮੁੰਡਾ?” ਕੋਲ ਬੈਠੇ ਮਾਸਟਰ ਇਕਬਾਲ ਸਿੰਘ ਨੇ ਚਾਚਾ ਜੀ ਨੂੰ ਬੜੀ ਉਤਸੁਕਤਾ ਨਾਲ ਪੁੱਛਿਆ।
“ਆਖਦਾ ਪਿਆ ਕਿ ਕੈਨੇਡਾ ਵਿੱਚ ਹੁਣ ਬਾਹਲਾ ਕੰਮ ਨ੍ਹੀਂ ਮਿਲਦਾ। ਘਰਾਂ ਦੀਆਂ ਕੀਮਤਾਂ ਵੱਧ ਗਈਆਂ ਨੇ। ਕਿਰਾਏ ਮਹਿੰਗੇ ਹੋ ਗਏ ਆ। ਕਹਿੰਦਾ ਮੈਨੂੰ ਕੁਛ ਪੈਸੇ ਭੇਜੋ। ਅਖੇ ਫੀਸਾਂ ਦੇਣੀਆਂ ਔਖੀਆਂ ਹੋਈਆਂ ਪਈਆਂ ਨੇ। ਮਾਂ ਓਹਦੀ ਆਪਣੇ ਮੁੰਡੇ ਦੇ ਫ਼ਿਕਰ ’ਚ ਪਰਸੋਂ ਦੀ ਰੋਟੀ ਨ੍ਹੀਂ ਖਾਂਦੀ। ਮੈਨੂੰ ਤਾਂ ਆਪ ਬੜੀ ਚਿੰਤਾ ਲੱਗੀ ਪਈ ਐ, ਬਈ ਹੁਣ ਪੈਸੇ ਦਾ ਜੁਗਾੜ ਕਿੱਦਾਂ ਕਰਨੈਂ।” ਚਾਚਾ ਜੀ ਨੇ ਦੁਖੀ ਜਿਹੇ ਲਹਿਜੇ ਵਿੱਚ ਆਪਣੀ ਵਿਥਿਆ ਸੁਣਾਈ।
“ਬਲਿਹਾਰ ਸਿਆਂ, ਇਹੀ ਗੱਲਾਂ ਤਾਂ ਅੱਜ ਅਸੀਂ ਦੋਏ ਕਰਦੇ ਪਏ ਐਂ ਕਿ ਬੱਚੇ ਉੱਧਰ ਨੂੰ ਨੱਠੀ ਤਾਂ ਜਾਂਦੇ ਐ, ਕੁਝ ਸੋਚਦੇ-ਸਾਚਦੇ ਹੈਨ੍ਹੀਂ।” ਸਾਰੀ ਗੱਲ ਸੁਣ ਕੇ ਮਾਸਟਰ ਇਕਬਾਲ ਸਿੰਘ ਨੇ ਚਾਚਾ ਜੀ ਨੂੰ ਫ਼ਿਕਰ ਨਾਲ ਆਖਿਆ।
“ਇਕਬਾਲ ਸਿਆਂ, ਬੱਚਿਆਂ ਨੂੰ ਬਹੁਤ ਸਮਝਾਈਦਾ, ਪਰ ਮੰਨਦੇ ਈ ਨਹੀਂ। ਅੱਜਕੱਲ੍ਹ ਇੱਕ-ਇੱਕ, ਦੋ-ਦੋ ਤਾਂ ਸਭ ਦੇ ਬੱਚੇ ਨੇ। ਬੰਦਾ ਕੀ ਕਰੇ?”
“ਬਈ ਬਲਿਹਾਰ ਸਿਆਂ, ਮੇਰਾ ਪੋਤਾ ਵੀ ਨਿਆਣਿਆਂ ਮਗਰ ਲੱਗ ਕੇ ਆਖਦਾ ਪਿਆ ਸੀ ਕਿ ਮੈਂ ਬਾਹਰ ਜਾਣੈ। ਪਰ ਮੈਂ ਨ੍ਹੀਂ ਜਾਣ ਦਿੱਤਾ। ਹੁਣ ਚੰਡੀਗੜ੍ਹ ਸਿਵਲ ਇੰਜਨੀਅਰਿੰਗ ਕਰਦੈ। ਡਿਗਰੀ ਕਰਨ ਤੋਂ ਬਾਅਦ ਇੱਥੇ ਐੱਸ.ਡੀ.ਓ. ਲੱਗ ਜਾਣੈਂ। ਸਾਰੀ ਉਮਰ ਮੌਜਾਂ ਕਰੂ।”
“ਮਾਸਟਰ ਜੀ, ਮੈਂ ਤਾਂ ਹੈਰਾਨ ਆਂ। ਤੁਹਾਡਾ ਬੱਚਾ ਐਨਾ ਕਹਿਣੇਕਾਰ ਐ। ਸਾਡੇ ਤਾਂ ਸਹੁਰੇ ਮੰਨਦੇ ਈ ਨਹੀਂ। ਹੁਣ ਬਾਹਰ ਜਾ ਕੇ ਚੀਕਾਂ ਮਾਰਦੇ ਐ।” ਚਾਚਾ ਜੀ ਨੇ ਇਕਬਾਲ ਸਿੰਘ ਦੀ ਆਖੀ ਗੱਲ ਸੁਣ ਕੇ ਹੈਰਾਨ ਹੁੰਦਿਆਂ ਆਖਿਆ।
“ਚਾਚਾ ਜੀ, ਤੁਸੀਂ ਤਾਂ ਐਵੇਂ ਫ਼ਿਕਰ ਕਰੀ ਜਾਨੇ ਹੋ। ਆਖਰ ਜ਼ਿੰਦਗੀ ’ਚ ਸਫਲ ਹੋਣ ਲਈ ਬੰਦੇ ਨੂੰ ਮਿਹਨਤ ਤਾਂ ਕਰਨੀ ਈ ਪੈਂਦੀ ਏ। ਆਪਣੇ ਬੱਚੇ ਤਾਂ ਫਿਰ ਵੀ ਸਟੂਡੈਂਟ ਦੇ ਤੌਰ ’ਤੇ ਜਾਂਦੇ ਨੇ, ਪਰ ਜਿਹੜੇ ਲੋਕ ਕਿਸ਼ਤੀਆਂ ਵਿੱਚ ਜਾਂਦੇ ਨੇ, ਉਨ੍ਹਾਂ ਦਾ ਹਾਲ ਵੇਖੋ ਤਾਂ। ਇੱਕ ਬੰਨੇ ਜ਼ਿੰਦਗੀ ਹੁੰਦੀ ਏ ਤੇ ਦੂਜੇ ਬੰਨੇ ਮੌਤ। ਉਹ ਲੋਕ ਕਿੰਨਾ ਵੱਡਾ ਰਿਸਕ ਲੈ ਕੇ ਜਾਂਦੇ ਨੇ।” ਚੱਲਦੀ ਗੱਲ ਵਿੱਚ ਮੈਂ ਆਪਣੇ ਚਾਚਾ ਜੀ ਨੂੰ ਦੁਬਾਰਾ ਫਿਰ ਹੌਸਲਾ ਦਿੱਤਾ।
ਇੰਨੇ ਨੂੰ ਪਿੰਡ ਦੇ ਦੂਜੇ ਬੰਨੇ ਤੋਂ ਉੱਚੀ-ਉੱਚੀ ਰੌਲਾ ਪੈਣ ਦੀ ਆਵਾਜ਼ ਆਈ। ਸਭ ਦਾ ਧਿਆਨ ਉਸ ਰੌਲੇ ਵੱਲ ਖਿੱਚਿਆ ਗਿਆ।
“ਹਾਂ, ਮੈਨੂੰ ਯਾਦ ਆਇਆ, ਪਰਲੀ ਪੱਟੀ ਤੋਂ ਨੱਥਾ ਰਾਮ ਐ ਨਾ, ਓਹਦੀ ਲੜਕੀ ਸ਼ਹਿਰ ਦੇ ਸਕੂਲ ਪੜ੍ਹਨ ਜਾਂਦੀ ਐ। ਕੁਝ ਦਿਨ ਹੋਏ ਪਿੰਡ ਦੇ ਇੱਕ-ਦੋ ਮੁੰਡਿਆਂ ਨੇ ਰਸਤੇ ਜਾਂਦਿਆਂ ਲੜਕੀ ਨਾਲ ਕੋਈ ਛੇੜਖਾਨੀ ਕਰ ਦਿੱਤੀ। ਚੈਂਚਲ ਦਾ ਮੁੰਡਾ ਵੀ ਉਨ੍ਹਾਂ ਮੁੰਡਿਆਂ ਵਿੱਚ ਸੀ। ਲੜਕੀ ਨੇ ਘਰ ਆ ਕੇ ਆਪਣੀ ਮਾਂ ਨੂੰ ਦੱਸਿਆ ਬਈ ਚਾਰ-ਪੰਜ ਦਿਨਾਂ ਤੋਂ ਪਿੰਡ ਦੇ ਅਹਿ ਇੱਕ-ਦੋ ਮੁੰਡੇ ਮੈਨੂੰ ਸਕੂਲ ਜਾਂਦੀ ਨੂੰ ਰੋਜ਼ ਤੰਗ ਕਰਦੇ ਆ। ਤਾਂ ਫਿਰ ਕੁੜੀ ਦੇ ਭਰਾ ਨੇ ਆਪਣੇ ਨਾਲ ਇੱਕ-ਦੋ ਮੁੰਡੇ ਹੋਰ ਲੈ ਕੇ ਉਨ੍ਹਾਂ ਮੁੰਡਿਆਂ ਦੀ ਛਿੱਤਰ ਪਰੇਡ ਕਰ ਦਿੱਤੀ। ਇੱਥੋਂ ਗੱਲ ਵਧਦੀ-ਵਧਦੀ ਪੰਚਾਇਤ ਤੱਕ ਪਹੁੰਚ ਗਈ। ਪਰਸੋਂ ਵੀ ਪੰਚਾਇਤ ’ਕੱਠੀ ਹੋਈ ਸੀ। ਅੱਜ ਫਿਰ ’ਕੱਠੀ ਹੋਈ ਹੋਣੀ ਆ।” ਚਾਚਾ ਜੀ ਨੇ ਪਿੰਡ ਵਿੱਚ ਵਾਪਰੀ ਇਸ ਘਟਨਾ ਬਾਰੇ ਮੋਟੇ ਤੌਰ ’ਤੇ ਦੱਸਿਆ।
“ਬਲਿਹਾਰ ਸਿਆਂ, ਨੱਥਾ ਰਾਮ ਦੀ ਲੜਕੀ ਕਿੰਨਵੀਂ ਕਲਾਸ ’ਚ ਪੜ੍ਹਦੀ ਏ?” ਇਕਬਾਲ ਸਿੰਘ ਨੇ ਸਰਸਰੀ ਜਿਹੇ ਪੁੱਛਿਆ।
“ਮਾਸਟਰ ਜੀ, ਨੱਥਾ ਰਾਮ ਦੀ ਲੜਕੀ ਤਾਂ ਪੜ੍ਹਨ ਨੂੰ ਬੜੀ ਲੈਕ ਐ। ਪਿਛਲੇ ਸਾਲ ਸਾਡੇ ਪਿੰਡ ਦੇ ਸਕੂਲ ਦੀ ਅੱਠਵੀਂ ਜਮਾਤ ਵਿੱਚੋਂ ਫਸਟ ਆਈ ਸੀ।” ਚਾਚਾ ਜੀ ਨੇ ਇਹ ਗੱਲ ਇਵੇਂ ਠੋਕ ਕੇ ਆਖੀ, ਜਿਵੇਂ ਉਸ ਨੇ ਮਾਸਟਰ ਹੁਰਾਂ ਦੇ ਮਨ ਦਾ ਕੋਈ ਭਰਮ ਕੱਢਿਆ ਹੋਵੇ।
“ਫਿਰ ਤੇ ਬਲਿਹਾਰ ਸਿਆਂ, ਮੁੰਡਿਆਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਣਾ ਚਾਹੀਦੈ, ਤਾਂ ਕਿ ਅੱਗੇ ਤੋਂ ਕਿਸੇ ਦੀ ਧੀ-ਭੈਣ ਵੱਲ ਵੇਖਣ ਦੀ ਜੁਅਰੱਤ ਨਾ ਕਰਨ।” ਬਲਿਹਾਰ ਸਿੰਘ ਦੀ ਆਖੀ ਗੱਲ ਸੁਣ ਕੇ ਮਾਸਟਰ ਇਕਬਾਲ ਸਿੰਘ ਗੁੱਸੇ ’ਚ ਬੋਲਿਆ।
“ਮਾਸਟਰ ਜੀ, ਕਿਆ ਦੱਸੀਏ। ਪਿੰਡ ਦੇ ਕੁਝ ਪੰਚ ਅੰਦਰੋਂ-ਅੰਦਰ ਉਨ੍ਹਾਂ ਮੁੰਡਿਆਂ ਦੇ ਪੱਖ ਦੀ ਗੱਲ ਕਰੀ ਜਾਂਦੇ ਐ, ਤੇ ਕੁਝ ਕੁ ਲੜਕੀ ਦੇ ਪਿਓ ਵੱਲ ਨੇ। ਅੱਜਕੱਲ੍ਹ ਲੋਕ ਵੀ ਦੋਗਲੇ ਨੇ। ਸੱਚੀ ਗੱਲ ਤਾਂ ਕਰਦਾ ਈ ਕੋਈ ਨ੍ਹੀਂ। ਘੇਸਲ ਜਿਹੀ ਵੱਟ ਕੇ ਦੋਹਾਂ ਪਾਸਿਆਂ ਦਾ ਤਮਾਸ਼ਾ ਵੇਖੀ ਜਾਂਦੇ ਐ।”
“ਬਲਿਹਾਰ ਸਿਆਂ, ਸਰਪੰਚ ਕੀ ਆਖਦਾ ਪਿਆ ਏ?” ਇਕਬਾਲ ਸਿੰਘ ਨੇ ਬੜੇ ਗ਼ੌਰ ਨਾਲ ਪੁੱਛਿਆ।
“ਮਾਸਟਰ ਜੀ, ਸਰਪੰਚ ਦੀ ਚੱਲਦੀ ਐ ਕਿਤੇ, ਉਹ ਤਾਂ ਇੱਕ ਮਖੌਟਾ ਐ। ਪਿੱਛੇ ਤਾਂ ਕੋਈ ਹੋਰ ਲੋਕ ਨੇ।” ਚਾਚਾ ਜੀ ਨੇ ਵਿਚਲੀ ਗੱਲ ਦੱਸੀ।
ਚਾਚਾ ਜੀ ਦੀ ਇਹ ਗੱਲ ਸੁਣ ਕੇ ਮਾਹੌਲ ਵਿੱਚ ਕੁਝ ਖ਼ਾਮੋਸ਼ੀ ਵਰਤ ਗਈ, ਜਿਵੇਂ ਸਭ ਚਿੰਤਾਗ੍ਰਸਤ ਹੋ ਗਏ ਹੋਣ।
“ਕਿਰਨਬੀਰ, ਤੇਰੇ ਮੁਲਕ ਵਿੱਚ ਵੀ ਇੱਦਾਂ ਹੋ ਜਾਂਦੈ?” ਵਰਤੀ ਖ਼ਾਮੋਸ਼ੀ ਨੂੰ ਤੋੜਦਿਆਂ ਇਕਬਾਲ ਸਿੰਘ ਨੇ ਮੈਨੂੰ ਪੁੱਛਿਆ।
“ਸਰ, ਉਨ੍ਹਾਂ ਮੁਲਕਾਂ ਵਿੱਚ ਨ੍ਹੀਂ ਕੋਈ ਇਵੇਂ ਦੀ ਛੇੜ-ਛਾੜ ਦੀ ਘਟਨਾ ਵਾਪਰਦੀ। ਉਹ ਲੋਕ ਇਸ ਗੱਲ ਨੂੰ ਅਸੱਭਿਅਕ ਸਮਝਦੇ ਨੇ। ਅੱਵਲੇ ਤਾਂ ਹੁੰਦੀ ਹੀ ਨਹੀਂ, ਜੇ ਕੋਈ ਹੋਵੇ ਵੀ ਤਾਂ ਪੁਲੀਸ ਮਦਦ ਕਰਦੀ ਏ।” ਮੈਂ ਆਖਿਆ।
“ਕਿਰਨਬੀਰ, ਸਾਡੇ ਮੁਲਕ ਨੂੰ ਅਜੇ ਉੱਥੇ ਪਹੁੰਚਣ ਲਈ ਟੈਮ ਲੱਗੂਗਾ। ਸਿੱਖਿਆ ਵਧਣ ਨਾਲ ਪਹਿਲਾਂ ਨਾਲੋਂ ਤਾਂ ਖਾਸਾ ਸੁਧਾਰ ਐ, ਫਿਰ ਵੀ ਇੱਦਾਂ ਦੇ ਇੱਕੜ-ਦੁੱਕੜ ਅਨਸਰ ਸਮਾਜ ਵਿੱਚ ਰਹਿ ਈ ਜਾਂਦੇ ਨੇ।”
“ਸਰ, ਤਾਂ ਹੀ ਤੇ ਮੈਂ ਓਧਰਲੇ ਵਧੀਆ ਸਿਸਟਮ ਦੀ ਤੁਹਾਡੇ ਕੋਲ ਤਾਰੀਫ਼ ਕੀਤੀ ਸੀ, ਪਰ ਤੁਸੀਂ ਮੂਹਰੇ ਆਪਣੀ ਮਾਤ ਭਾਸ਼ਾ ਤੇ ਜਨਮ ਭੋਇੰ ਦੀ ਦਲੀਲ ਲਿਆ ਧਰੀ, ਫਿਰ ਮੈਂ ਲਾਜਵਾਬ ਹੋ ਗਿਆ।”
“ਕਿਰਨਬੀਰ, ਮੈਂ ਆਪਣੀ ਉਸ ਦਲੀਲ ’ਤੇ ਤਾਂ ਹੁਣ ਵੀ ਖੜ੍ਹਾ ਐਂ ਬਈ।” ਮਾਸਟਰ ਜੀ ਮੁਸਕੜੀ ਜਿਹੇ ਹੱਸਦਿਆਂ ਬੋਲੇ।
“ਸਰ, ਵੇਖੋ! ਪਹਿਲਾਂ ਸਾਡੇ ਲੋਕਾਂ ਦੀ ਗਿਣਤੀ ਕੈਨੇਡਾ ਵਿੱਚ ਘੱਟ ਸੀ ਤੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੀ ਬੜੀ ਸਮੱਸਿਆ ਆਉਂਦੀ ਸੀ। ਹੁਣ ਆਪਣੇ ਭਾਈਚਾਰੇ ਦੀ ਗਿਣਤੀ ਵਧਣ ਨਾਲ ਸਾਡੀ ਬੋਲੀ ਉੱਥੇ ਤੀਜੇ ਨੰਬਰ ’ਤੇ ਆ ਤੇ ਸਰਕਾਰ ਨੇ ਹੁਣ ਪੰਜਾਬੀ ਭਾਸ਼ਾ ਨੂੰ ਸਕੂਲਾਂ ਵਿੱਚ ਆਪਸ਼ਨਲ ਭਾਸ਼ਾ ਵਜੋਂ ਮਨਜ਼ੂਰੀ ਦੇ ਦਿੱਤੀ ਏ। ਜੇ ਸਾਡੀ ਵੱਸੋਂ ਕੈਨੇਡਾ ਵਿੱਚ ਵਧੀ ਏ, ਇਹ ਤਾਂ ਹੀ ਸੰਭਵ ਹੋ ਸਕਿਐ। ਪਹਿਲਾਂ ਤੇ ਆਪਣੇ ਬੱਚਿਆਂ ਨੂੰ ਆਪਣੀ ਮਾਤ-ਭਾਸ਼ਾ ਸਿਖਾਉਣ ’ਚ ਬੜੀ ਮੁਸ਼ਕਿਲ ਆਉਂਦੀ ਸੀ। ਮੇਰੇ ਕਹਿਣ ਦਾ ਮਤਲਬ ਜਿੱਥੇ ਕੁਝ ਗੱਲਾਂ ਨਾਲ ਨੁਕਸਾਨ ਹੁੰਦੈ, ਉੱਥੇ ਕਈ ਵਾਰ ਫਾਇਦਾ ਵੀ ਹੋ ਜਾਂਦੈ।”
“ਕਿਰਨਬੀਰ, ਉਹ ਤਾਂ ਤੇਰੀ ਗੱਲ ਠੀਕ ਏ, ਪਰ ਤੂੰ ਅਜੇ ਹੁਣੇ ਆਪਣੇ ਚਾਚੇ ਦੀ ਗੱਲ ਸੁਣ ਕੇ ਈ ਹਟਿਐਂ। ਵੇਖ ਤਾਂ, ਬੱਚੇ ਉੱਧਰ ਕਿੰਨੇ ਦੁਖੀ ਨੇ।”
“ਸਰ, ਸ਼ੁਰੂ-ਸ਼ੁਰੂ ਵਿੱਚ ਹਰੇਕ ਕੰਮ ਵਿੱਚ ਸਮੱਸਿਆਵਾਂ ਆਉਂਦੀਆਂ ਨੇ। ਤੁਸੀਂ ਕੋਈ ਕੰਮ ਵੀ ਲੈ ਲਓ। ਐਧਰ ਹੋਵੇ ਜਾਂ ਉੱਧਰ।” ਮੈਂ ਝਬਦੇ ਜਵਾਬ ਮੋੜਿਆ।
“ਕਿਰਨਬੀਰ, ਕੱਲ੍ਹ ਮੈਨੂੰ ਆਪਣੇ ਇੱਕ ਹੋਰ ਰਿਸ਼ਤੇਦਾਰ ਦਾ ਵੀ ਫੋਨ ਆਇਆ ਸੀ। ਉਹ ਵੀ ਆਹੀ ਗੱਲ ਕਰਦਾ ਸੀ, ਬਈ ਸਾਡੀ ਲੜਕੀ ਨੂੰ ਕੈਨੇਡਾ ਗਿਆਂ ਦੋ ਸਾਲ ਹੋ ਗਏ ਆ। ਪੰਜ-ਪੰਜ, ਛੇ-ਛੇ ਕੁੜੀਆਂ ਹੇਠਾਂ ਬੇਸਮੈਂਟਾਂ ਵਿੱਚ ਰਹਿੰਦੀਆਂ ਨੇ। ਕੁੜੀਆਂ ਨੂੰ ਖ਼ਰਚੇ ਪੂਰੇ ਕਰਨੇ ਬੜੇ ਔਖੇ ਹੋਏ ਪਏ ਐ। ਅਖੇ ਪਹਿਲਾਂ ਕੁੜੀ ਦੋ ਸ਼ਿਫ਼ਟਾਂ ਲਾਉਂਦੀ ਸੀ, ਹੁਣ ਤਿੰਨ ਲਾ ਕੇ ਵੀ ਮਸਾਂ ਗੁਜ਼ਾਰਾ ਤੁਰਦਾ। ਫਿਰ ਵੀ ਕਈ ਵਾਰ ਐਧਰੋਂ ਪੈਸੇ ਭੇਜਣੇ ਪੈਂਦੇ ਐ। ਦੱਸੋ ਬੰਦਾ ਕੀ ਕਰੇ?” ਗੱਲਬਾਤ ਵਿੱਚ ਆਪਣਾ ਜ਼ਿਕਰ ਆਉਣ ’ਤੇ ਚਾਚਾ ਜੀ ਨੇ ਨਾਲ ਲੱਗਦਿਆਂ ਹੀ ਆਪਣੇ ਰਿਸ਼ਤੇਦਾਰਾਂ ਵਿੱਚੋਂ ਕੈਨੇਡਾ ਗਈ ਇੱਕ ਹੋਰ ਲੜਕੀ ਦੀ ਗੱਲ ਸੁਣਾਈ।
“ਬਲਿਹਾਰ ਸਿਆਂ, ਇਹੀ ਗੱਲ ਤਾਂ ਮੈਂ ਆਖਦਾ ਪਿਐਂ। ਵੇਖੋ ਨਾ! ਰੋਜ਼ ਅਸੀਂ ਅਖ਼ਬਾਰਾਂ ’ਚ ਪੜ੍ਹਦੇ ਆਂ। ਸਾਡੇ ਕਿੰਨੇ ਨੌਜੁਆਨ ਮੁੰਡਿਆਂ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਏ। ਇਹ ਬੜੀ ਚਿੰਤਾ ਵਾਲੀ ਗੱਲ ਏ। ਆਪਣੇ ਬੱਚੇ ਕਿੰਨੇ ਸਟਰੈੱਸ ਵਿੱਚ ਨੇ? ਚਲੋ ਮੁੰਡੇ ਤਾਂ ਫਿਰ ਵੀ ਔਖੇ-ਸੌਖੇ ਮੁਸ਼ਕਿਲਾਂ ਝੇਲ ਲੈਂਦੇ ਨੇ, ਪਰ ਲੜਕੀਆਂ ਲਈ ਕਈ ਵੇਰ ਸਮੱਸਿਆ ਆ ਜਾਂਦੀ ਏ। ਕੋਈ ਨਿਆਣਾ ਬਿਮਾਰ-ਠਿਮਾਰ ਹੋ ਜਾਵੇ, ਕਿੰਨਾ ਮੁਸ਼ਕਿਲ ਏ?” ਮਾਸਟਰ ਇਕਬਾਲ ਸਿੰਘ ਬੜਾ ਦੁਖੀ ਜਿਹਾ ਹੋਇਆ ਬੋਲਿਆ।
“ਸਰ, ਐਧਰ ਵੀ ਤਾਂ ਨੌਜੁਆਨ ਮੁੰਡਿਆਂ ਦੀਆਂ ਮੌਤਾਂ ਹੋਈ ਜਾਂਦੀਆਂ ਨੇ। ਉੱਧਰ ਦੀ ਛੋਟੀ ਜਿਹੀ ਘਟਨਾ ਵੀ ਸਾਨੂੰ ਵੱਡੀ ਜਾਪਦੀ ਏ। ਅੱਜਕੱਲ੍ਹ ਦੇ ਕਾਹਲ ਭਰੇ ਯੁੱਗ ਵਿੱਚ ਸਟਰੈੱਸ ਤਾਂ ਹਰ ਜਗ੍ਹਾ ਈ ਹੁੰਦੈ। ਕੁਝ ਸਾਡੀਆਂ ਖੁਰਾਕਾਂ ਵੀ ਹੁਣ ਨੁਕਸਦਾਰ ਨੇ।” ਮੈਂ ਆਖਿਆ।
“ਕਿਰਨਬੀਰ, ਤੂੰ ਆਖੀ ਤਾਂ ਜਾਨਾ ਏਂ, ਪਰ ਐਦਾਂ ਦੀਆਂ ਗੱਲਾਂ ਵੇਖ ਕੇ ਕੋਈ ਆਪਣੇ ਬੱਚੇ ਕਿਵੇਂ ਬਾਹਰ ਤੋਰ ਦੇਵੇ? ਮੈਂ ਤਾਂ ਇਸ ਗੱਲ ਨੂੰ ਕੋਈ ਬਾਹਲੀ ਸਮਝਦਾਰੀ ਨ੍ਹੀਂ ਮੰਨਦਾ ਕਿ ਅੱਖੀਂ ਵੇਖ ਮੱਖੀ ਨਿਗਲ ਲਓ।” ਮੇਰੇ ਜਵਾਬ ਤੋਂ ਖਿਝ ਕੇ ਮਾਸਟਰ ਇਕਬਾਲ ਸਿੰਘ ਨੇ ਕਾਹਲੀ-ਕਾਹਲੀ ਆਪਣੀ ਗੱਲ ਮੁਕਾਈ ਤੇ ਕਿਸੇ ਲੰਬੀ ਸੋਚ ਵਿੱਚ ਲਿਵਲੀਨ ਹੋ ਗਿਆ, ਜਿਵੇਂ ਬੱਚਿਆਂ ਨੂੰ ਆ ਰਹੀਆਂ ਇਨ੍ਹਾਂ ਸਮੱਸਿਆਵਾਂ ਤੋਂ ਡਾਹਢਾ ਪਰੇਸ਼ਾਨ ਹੋਵੇ।
“ਮਾਸਟਰ ਜੀ, ਤੁਸੀਂ ਕਾਹਨੂੰ ਐਨੀਆਂ ਗਹਿਰੀਆਂ ਸੋਚਾਂ ’ਚ ਪੈ ਗਏ ਓ। ਬਾਕੀ ਦੁਨੀਆ ਵੀ ਨਾਲ ਈ ਏ। ਅਸੀਂ ਕਿਹੜਾ ਇਕੱਲੇ ਆਂ। ਨਾਲੇ ਸਾਡੇ ਆਖਣ ਨਾਲ ਕਿਹੜੇ ਕਿਸੇ ਨੇ ਬਾਹਰ ਜਾਣ ਤੋਂ ਹਟ ਜਾਣੈ। ਹਰ ਕੋਈ ਆਪਣੀ ਮਰਜ਼ੀ ਕਰਦੈ।” ਮਾਸਟਰ ਜੀ ਨੂੰ ਸੋਚੀਂ ਪਏ ਵੇਖ ਚਾਚਾ ਜੀ ਹੌਲੀ ਦੇਣੀਂ ਬੋਲੇ।
“ਮਾਸਟਰ ਇਕਬਾਲ ਸਿਆਂ, ਤੈਨੂੰ ਠਾਣੇਦਾਰ ਬੁਲਾਉਂਦੈ।” ਇੰਨੇ ਨੂੰ ਕੋਠੇ ’ਤੇ ਆਏ ਪਿੰਡ ਦੇ ਚੌਂਕੀਦਾਰ ਜੈਮਲ ਨੇ ਉੱਚੀ ਆਵਾਜ਼ ਵਿੱਚ ਆਖਿਆ।
“ਹੈਂ, ਮੈਨੂੰ ਠਾਣੇਦਾਰ ਬੁਲਾਉਂਦੈ। ਮੈਥੋਂ ਠਾਣੇਕਾਰ ਨੇ ਕੀ ਕਰਾਉਣੈ?” ਮਾਸਟਰ ਇਕਬਾਲ ਸਿੰਘ ਨੇ ਹੈਰਾਨੀ ਵਿੱਚ ਚੌਂਕੀਦਾਰ ਨੂੰ ਪੁੱਛਿਆ।
“ਔਹ ਜਿਹੜੀ ਪੈਲੀ ਤੂੰ ਅਮਰ ਚੰਦ ਨੂੰ ਪਟੇ ਉੱਤੇ ਦਿੱਤੀ ਹੋਈ ਆ, ਉੱਥੇ ਕੱਲ੍ਹ ਝਗੜਾ ਹੋ ਗਿਐ। ਅਮਰ ਚੰਦ ਹਲ ਵਾਹੁੰਦਾ ਤਾ, ਉਸ ਤੋਂ ਨਾਲ ਦੇ ਗੁਆਂਢੀ ਨਰੈਣ ਸਿੰਘ ਦਾ ਥੋੜ੍ਹਾ ਜਿਹਾ ਸਾਂਝਾ ਬੰਨਾ ਢਹਿ ਗਿਆ। ਅਮਰ ਚੰਦ ਨੇ ਉਹ ਠੀਕ ਤਾਂ ਕਰ ਦਿੱਤਾ, ਪਰ ਫਿਰ ਵੀ ਦੋਵਾਂ ਵਿੱਚ ਤੂੰ-ਤੂੰ, ਮੈਂ-ਮੈਂ ਹੋ ਗਈ ਤੀ। ਨਰੈਣ ਸਿੰਘ ਨੇ ਅਮਰ ਚੰਦ ’ਤੇ ਦਰਖਾਸਤ ਦੇ ਦਿੱਤੀ। ਹੁਣ ਠਾਣੇਦਾਰ ਮੌਕਾ ਵੇਖਣ ਆਇਆ ਹੋਇਐ, ਤਾਂ ਥੋਨੂੰ ਉੱਥੇ ਬੁਲਾਇਐ।” ਚੌਂਕੀਦਾਰ ਜੈਮਲ ਨੇ ਵਿਸਥਾਰ ਵਿੱਚ ਸਾਰੀ ਗੱਲ ਦੱਸੀ।
“ਸਾਂਝਾ ਬੰਨਾ ਤਾਂ ਅਮਰ ਚੰਦ ਨੇ ਢਾਹਿਆ ਸੀ। ਭਲਾ ਇਸ ਵਿੱਚ ਮੇਰਾ ਕੀ ਲੈਣਾ ਦੇਣਾ ਏਂ? ਨਾਲੇ ਮੈਂ ਤਾਂ ਪੈਲੀ ਪਟੇ ’ਤੇ ਦਿੱਤੀ ਹੋਈ ਏ।” ਸਾਰੀ ਗੱਲ ਸੁਣ ਕੇ ਮਾਸਟਰ ਜੀ ਥੋੜ੍ਹਾ ਜਿਹਾ ਗਰਮੀ ਵਿੱਚ ਬੋਲੇ।
“ਮਾਸਟਰ ਜੀ, ਜਿੱਦਾਂ ਮੈਨੂੰ ਠਾਣੇਦਾਰ ਨੇ ਆਖਿਐ, ਉਵੇਂ ਮੈਂ ਥੋਨੂੰ ਆ ਕੇ ਦੱਸ ਦਿੱਤੈ। ਬਾਕੀ ਤੁਸੀਂ ਜਾਣੋ ਜਾਂ ਠਾਣੇਦਾਰ। ਵਿਚਾਰੇ ਅਮਰ ਚੰਦ ਤੋਂ ਠਾਣੇਦਾਰ ਨੂੰ ਕੀ ਮਿਲਣੈਂ? ਸਮਝੇ ਮਾਸਟਰ ਜੀ!” ਚੌਂਕੀਦਾਰ ਜੈਮਲ ਨੇ ਮਾਸਟਰ ਇਕਬਾਲ ਸਿੰਘ ਨੂੰ ਹੌਲੀ ਦੇਣੀ ਕੰਨ ਵਿੱਚ ਆਖਿਆ।
ਪਰੇਸ਼ਾਨ ਹੋਇਆ ਮਾਸਟਰ ਇਕਬਾਲ ਸਿੰਘ ਕਦੇ ਮੇਰੇ ਵੱਲ ਝਾਕ ਰਿਹਾ ਸੀ ਤੇ ਕਦੇ ਜੈਮਲ ਚੌਂਕੀਦਾਰ ਵੱਲ। ਤੇ ਫਿਰ ਉਹ ਮੂੰਹ ’ਚ ਕੁਝ ਬੁੜਬੁੜਾਉਂਦਾ ਚੌਂਕੀਦਾਰ ਦੇ ਪਿੱਛੇ ਹੋ ਤੁਰਿਆ।
ਦੂਸਰੇ ਦਿਨ ਸਵਖਤੇ ਹੀ ਮੇਰੇ ਫੋਨ ’ਤੇ ਰਿੰਗ ਖੜਕੀ। ਮੈਂ ਵਾਹੋਦਾਹੀ ਉੱਠਿਆ ਤੇ ਫੋਨ ਚੁੱਕ ਕੇ ‘ਹੈਲੋ’ ਆਖਿਆ।
“ਕਿਰਨਬੀਰ, ਅੱਜ ਘਰ ਈ ਰਹਿਣਾ। ਕਿਧਰੇ ਬਾਹਰ ਤਾਂ ਨ੍ਹੀਂ ਜਾਣੈ?” ਅੱਗੋਂ ਮਾਸਟਰ ਇਕਬਾਲ ਸਿੰਘ ਦੀ ਆਵਾਜ਼ ਆਈ।
“ਸਰ ਜੀ, ਮੈਂ ਅੱਜ ਘਰ ਈ ਆਂ।”
“ਮੈਂ ਨੌਂ ਕੁ ਵਜੇ ਤੈਨੂੰ ਮਿਲਦਾਂ ਆ ਕੇ। ਤੇਰੇ ਨਾਲ ਇੱਕ ਜ਼ਰੂਰੀ ਸਲਾਹ ਕਰਨੀ ਏਂ।” ਇੰਨਾ ਆਖ ਫੋਨ ਕੱਟਿਆ ਗਿਆ। ਨੌਂ ਵਜੇ ਤੋਂ ਪਹਿਲਾਂ-ਪਹਿਲਾਂ ਤਿਆਰ ਹੋ ਕੇ ਮੈਂ ਆਪਣੇ ਅੰਕਲ ਦੀ ਬੇਸਬਰੀ ਨਾਲ ਉਡੀਕ ਕਰਨ ਲੱਗਾ।
“ਕਿਰਨਬੀਰ, ਤੂੰ ਤਾਂ ਬਾਹਰ ਰਹਿਨਾ ਐਂ। ਮੈਨੂੰ ਇਹ ਤਾਂ ਸਲਾਹ ਦੱਸ ਕਿ ਮੈਂ ਆਪਣੇ ਪੋਤੇ ਗੁਰਨੀਤ ਨੂੰ ਕੈਨੇਡਾ ਭੇਜਾਂ ਜਾਂ ਆਸਟਰੇਲੀਆ।” ਆਉਂਦਿਆਂ ਹੀ ਮਾਸਟਰ ਇਕਬਾਲ ਸਿੰਘ ਨੇ ਮੈਨੂੰ ਪੁੱਛਿਆ। ਆਪਣੇ ਅੰਕਲ ਦਾ ਇਹ ਸਵਾਲ ਸੁਣ ਕੇ ਮੈਂ ਉਨ੍ਹਾਂ ਵੱਲ ਤੱਕਦਾ ਹੀ ਰਹਿ ਗਿਆ, ਜਿਵੇਂ ਮੈਨੂੰ ਅਚੰਭਾ ਲੱਗਿਆ ਹੋਵੇ।
­ਸੰਪਰਕ +61431696030

Advertisement
Author Image

Advertisement
Advertisement
×