ਥਾਈਲੈਂਡ: ਸਕੂਲ ਬੱਸ ਨੂੰ ਅੱਗ ਲੱਗੀ; ਵਿਦਿਆਰਥੀਆਂ ਸਣੇ 25 ਦੀ ਮੌਤ
ਬੈਂਕਾਕ:
ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲਿਜਾ ਰਹੀ ਬੱਸ ’ਚ ਅੱਗ ਲੱਗਣ ਕਾਰਨ ਘੱਟੋ-ਘੱਟ 25 ਵਿਦਿਆਰਥੀਆਂ ਤੇ ਅਧਿਆਪਕਾਂ ਦੇ ਮਰਨ ਦਾ ਦਾ ਖ਼ਦਸ਼ਾ ਹੈ। ਘਟਨਾ ’ਚ 16 ਵਿਦਿਆਰਥੀ ਤੇ 3 ਅਧਿਆਪਕ ਜ਼ਖ਼ਮੀ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਟਰਾਂਸਪੋਰਟ ਮੰਤਰੀ ਸੂਰਿਆ ਜੌਂਗਰੂੰਗਰੁਨਾਕਿਤ ਨੇ ਦੱਸਿਆ ਕਿ ਬੱਸ ’ਚ 44 ਜਣੇ ਸਵਾਰ ਸਨ, ਜੋ ਕੇਂਦਰੀ ਉਥਾਈ ਥਾਨੀ ਸੂਬੇ ਤੋਂ ਅਯੂੁਤਥਾਯਾ ਅਤੇ ਨੌਂਥਾਬੁਰੀ ਸੂੁਬਿਆਂ ਵੱਲ ਯਾਤਰਾ ’ਤੇ ਜਾ ਰਹੇ ਸਨ। ਬੱਸ ’ਚ ਅੱਗ ਲੱਗਣ ਦੀ ਘਟਨਾ ਉੱਤਰੀ ਪਥੁਮ ਥਾਨੀ ਸੂਬੇ ’ਚ ਅੱਜ ਦੁਪਹਿਰ ਸਮੇਂ ਵਾਪਰੀ। ਜਾਣਕਾਰੀ ਮੁਤਾਬਕ ਬੱਸ ’ਚ ਸਵਾਰ ਵਿਦਿਆਰਥੀ ਪ੍ਰਾਇਮਰੀ ਅਤੇ ਜੂਨੀਅਰ ਹਾਈ ਸਕੂਲ ਦੇ ਸਨ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ ਜਿਸ ਵਿੱਚ ਕਈ ਘੰਟੇ ਬਾਅਦ ਤੱਕ ਲਾਸ਼ਾਂ ਬੱਸ ਅੰਦਰ ਹੀ ਪਈਆਂ ਰਹੀਆਂ। ਗ੍ਰਹਿ ਮੰਤਰੀ ਅਨੁਤਿਨ ਚਾਰਨਵਿਰਾਕੁਲ ਨੇ ਕਿਹਾ ਕਿ ਅਧਿਕਾਰੀ ਹਾਲੇ ਤੱਕ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕਰ ਸਕਦੇ ਕਿਉਂਕਿ ਘਟਨਾ ’ਤੇ ਜਾਂਚ ਪੂਰੀ ਨਹੀਂ ਹੋਈ। -ਏਪੀ