ਥਾਈਲੈਂਡ ਓਪਨ: ਲਕਸ਼ੈ ਸੇਨ ਦੀ ਹਾਰ ਨਾਲ ਭਾਰਤੀ ਚੁਣੌਤੀ ਖ਼ਤਮ
ਜਕਾਰਤਾ, 7 ਜੂਨ
ਸਟਾਰ ਸ਼ਟਲਰ ਲਕਸ਼ੈ ਸੇਨ ਦੀ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਹਾਰ ਨਾਲ ਇੰਡੋਨੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਵਿੱਚ ਅੱਜ ਭਾਰਤ ਦੀ ਚੁਣੌਤੀ ਖ਼ਤਮ ਹੋ ਗਈ। ਦੁਨੀਆ ਦਾ 14ਵੇਂ ਨੰਬਰ ਦਾ ਖਿਡਾਰੀ ਲਕਸ਼ੈ ਸੇਨ ਇੱਕ ਘੰਟਾ ਅਤੇ ਇੱਕ ਮਿੰਟ ਤੱਕ ਚੱਲੇ ਮੈਚ ਵਿੱਚ ਦੁਨੀਆ ਦੇ ਪੰਜਵੇਂ ਨੰਬਰ ਦੇ ਖਿਡਾਰੀ ਡੈਨਮਾਰਕ ਕੇ ਐਂਡਰਸ ਅੰਤੋਨਸੇਨ ਨੂੰ ਸਖ਼ਤ ਟੱਕਰ ਦੇਣ ਦੇ ਬਾਵਜੂਦ 22-24, 18-21 ਨਾਲ ਹਾਰ ਗਿਆ। ਦੋਵਾਂ ਖਿਡਾਰੀਆਂ ਦਰਮਿਆਨ ਪੰਜ ਮੈਚਾਂ ਵਿੱਚ ਇਹ ਅੰਤੋਨਸੇਨ ਦੀ ਤੀਜੀ ਜਿੱਤ ਹੈ। ਸੇਨ ਅਤੇ ਅੰਤੋਨਸੇਨ ਦਰਮਿਆਨ ਪਹਿਲੀ ਗੇਮ ਵਿੱਚ ਕਾਫ਼ੀ ਕਰੀਬੀ ਮੁਕਾਬਲਾ ਦੇਖਣ ਨੂੰ ਮਿਲਿਆ। ਡੈਨਮਾਰਕ ਦੇ ਖਿਡਾਰੀ ਨੇ 4-0 ਦੀ ਲੀਡ ਨਾਲ ਸ਼ੁਰੂਆਤ ਕੀਤੀ ਪਰ ਸੇਨ ਨੇ ਵਾਪਸੀ ਕਰਦਿਆਂ ਸਕੋਰ 5-5 ’ਤੇ ਬਰਾਬਰ ਕਰ ਦਿੱਤਾ ਅਤੇ ਫਿਰ 15-11 ਦੀ ਲੀਡ ਬਣਾਈ ਲਈ। ਹੁਣ ਵਾਪਸੀ ਕਰਨ ਦੀ ਵਾਰੀ ਅੰਤੋਨਸੇਨ ਦੀ ਸੀ। ਉਸ ਨੇ ਲਗਾਤਾਰ ਅੰਕ ਜਿੱਤਦਿਆਂ ਸਕੋਰ ਨੂੰ 16-16 ’ਤੇ ਬਰਾਬਰ ਕੀਤਾ। ਦੋਵੇਂ ਖਿਡਾਰੀ 22 ਅੰਕ ਤੱਕ ਲਗਭਗ ਬਰਾਬਰੀ ’ਤੇ ਰਹੇ ਪਰ ਅੰਤੋਨਸੇਨ ਨੇ ਲਗਾਤਾਰ ਦੋ ਅੰਕ ਬਣਾ ਕੇ ਪਹਿਲੀ ਗੇਮ ਨੂੰ 32 ਮਿੰਟ ਵਿੱਚ ਜਿੱਤ ਲਿਆ।
ਦੂਜੀ ਗੇਮ ਵਿੱਚ ਵੀ ਸਖ਼ਤ ਮੁਕਾਬਲਾ ਜਾਰੀ ਰਿਹਾ ਅਤੇ ਦੋਵੇਂ ਖਿਡਾਰੀ ਇੱਕ ਸਮੇਂ 18-18 ਦੀ ਬਰਾਬਰੀ ’ਤੇ ਸੀ।
ਸੇਨ ਦੀਆਂ ਗਲਤੀਆਂ ਦਾ ਲਾਹਾ ਲੈਂਦਿਆਂ ਡੈਨਮਾਰਕ ਦੇ ਖਿਡਾਰੀ ਨੇ ਲਗਾਤਾਰ ਤਿੰਨ ਅੰਕ ਬਣਾਏ ਅਤੇ ਮੈਚ ਜਿੱਤ ਲਿਆ। -ਪੀਟੀਆਈ