ਥਾਈਲੈਂਡ: ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਬਾਰੇ ਬਿੱਲ ਪਾਸ
ਬੈਂਕਾਕ: ਥਾਈਲੈਂਡ ਦੀ ਸੰਸਦ ਦੇ ਹੇਠਲੇ ਸਦਨ ਨੇ ਅੱਜ ਹਰ ਵਿਆਹ ਇਕ ਬਰਾਬਰ ਮੰਨੇ ਜਾਣ ਸਬੰਧੀ ਬਿੱਲ ਭਾਰੀ ਬਹੁਮਤ ਨਾਲ ਪਾਸ ਕਰ ਦਿੱਤਾ ਜਿਸ ਵਿੱਚ ਸਮਲਿੰਗੀ ਵਿਆਹ ਸਮੇਤ ਕਿਸੇ ਵੀ ਲਿੰਗਕ ਪਛਾਣ ਦੇ ਲੋਕਾਂ ਵਿਚਾਲੇ ਵਿਆਹ ਸਬੰਧਾਂ ਨੂੰ ਮਾਨਤਾ ਦਿੱਤੀ ਗਈ ਹੈ। ਇਸ ਬਿੱਲ ਦੇ ਕਾਨੂੰਨ ਬਣਨ ਨਾਲ ਥਾਈਲੈਂਡ ਕਿਸੇ ਵੀ ਲਿੰਗਕ ਪਛਾਣ ਵਾਲੇ ਜੀਵਨ ਸਾਥੀਆਂ ਦੇ ਬਰਾਬਰੀ ਦੇ ਅਧਿਕਾਰ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਦੱਖਣੀ-ਪੂਰਬ ਏਸ਼ੀਆ ਦਾ ਪਹਿਲਾ ਮੁਲਕ ਬਣ ਜਾਵੇਗਾ। ਸਦਨ ’ਚ ਹਾਜ਼ਰ 415 ਮੈਂਬਰਾਂ ’ਚੋਂ 400 ਨੇ ਬਿੱਲ ਦੇ ਹੱਕ ’ਚ ਵੋਟ ਪਾਈ ਜਦਕਿ 10 ਜਣਿਆਂ ਨੇ ਇਸ ਬਿੱਲ ਦਾ ਵਿਰੋਧ ਕੀਤਾ। ਪੰਜ ਮੈਂਬਰਾਂ ਨੇ ਵੋਟਿੰਗ ਪ੍ਰਕਿਰਿਆ ’ਚ ਹਿੱਸਾ ਨਹੀਂ ਲਿਆ। ਬਿੱਲ ਵਿੱਚ ਸਿਵਲ ਤੇ ਕਮਰਸ਼ੀਅਲ ਕੋਡ ’ਚ ਸੋਧ ਕਰਕੇ ‘ਪੁਰਸ਼ਾਂ ਅਤੇ ਮਹਿਲਾਵਾਂ’ ਅਤੇ ‘ਪਤੀ ਤੇ ਪਤਨੀ’ ਸ਼ਬਦਾਂ ਦੀ ਥਾਂ ‘ਲੋਕ’ ਅਤੇ ‘ਵਿਆਹੁਤਾ ਜੀਵਨ ਸਾਥੀ’ ਸ਼ਬਦਾਂ ਨੂੰ ਜੋੜਿਆ ਗਿਆ ਹੈ। ਇਹ ਬਿੱਲ ਐੱਲਜੀਬੀਟੀਕਿਊ ਜੋੜਿਆਂ ਨੂੰ ਪੂਰੀ ਤਰ੍ਹਾਂ ਕਾਨੂੰਨੀ, ਵਿੱਤੀ ਅਤੇ ਮੈਡੀਕਲ ਅਧਿਕਾਰ ਮੁਹੱਈਆ ਕਰਵਾਏਗਾ। -ਏਪੀ