ਸੰਜੇ ਸਿੰਘ ਖ਼ਿਲਾਫ਼ ਗਵਾਹੀ ਦਬਾਅ ਹੇਠ ਦਿਵਾਈ ਗਈ: ‘ਆਪ’
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਪਰੈਲ
ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਸੁਪਰੀਮ ਕੋਰਟ ਤੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਜ਼ਮਾਨਤ ਮਿਲਣ ਮਗਰੋਂ ਆਮ ਆਦਮੀ ਪਾਰਟੀ ਵੱਲੋਂ ਖੁਸ਼ੀ ਮਨਾਈ ਗਈ। ਇਸ ਮੌਕੇ ਪਾਰਟੀ ਆਗੂਆਂ ਨੇ ਇਹ ਦਾਅਵਾ ਕੀਤਾ ਕਿ ਸੰਜੇ ਸਿੰਘ ਖ਼ਿਲਾਫ਼ ਬਣਾਇਆ ਮਾਮਲਾ ਗਵਾਹਾਂ ਉਪਰ ਦਬਾਅ ਹੇਠ ਦਿਵਾਈਆਂ ਗਵਾਹੀਆਂ ਉਤੇ ਹੀ ਟਿਕਿਆ ਹੋਇਆ ਹੈ।
ਆਪ ਆਗੂ ਸੌਰਭ ਭਾਰਦਵਾਜ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਈਡੀ ਤੋਂ ਸਖ਼ਤ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਸਵਾਲ ਕੀਤਾ ਕਿ ਗਿਆਰ੍ਹਵੀਂ ਵਾਰ ਸੰਜੇ ਸਿੰਘ ਖ਼ਿਲਾਫ਼ ਦਿਨੇਸ਼ ਅਰੋੜਾ ਦਾ ਬਿਆਨ ਸਾਹਮਣੇ ਕਿਉਂ ਲਿਆਂਦਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਦਿਨੇਸ਼ ਅਰੋੜਾ ਉੱਪਰ ਦਬਾਅ ਪਾ ਕੇ ਇਹ ਬਿਆਨ ਦਿਵਾਇਆ ਗਿਆ ਜਿਸ ਵਿੱਚ ਸੰਜੇ ਸਿੰਘ ਦਾ ਨਾਂ ਸ਼ਾਮਲ ਕੀਤਾ ਗਿਆ ਸੀ। ਭਾਰਦਵਾਜ ਮੁਤਾਬਕ ਈਡੀ ਕੋਲ ਹੁਣ ਕੋਈ ਚਾਰਾ ਨਹੀਂ ਸੀ ਕਿ ਉਹ ਜ਼ਮਾਨਤ ਦੇਣ ਦਾ ਵਿਰੋਧ ਕਰਦੀ।
ਪ੍ਰੈੱਸ ਕਾਨਫਰੰਸ ਦੌਰਾਨ ਆਤਿਸ਼ੀ ਨੇ ਕਿਹਾ ਕਿ ਈਡੀ ਵੱਲੋਂ ਗ੍ਰਿਫ਼ਤਾਰ ਲੋਕਾਂ ’ਤੇ ਦਬਾਅ ਪਾ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਖਿਲਾਫ ਬਿਆਨ ਦਿਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਨੀ ਟਰੇਲ ਦਾ ਪੈਸਾ ਕਿਸੇ ਕੋਲੋਂ ਵੀ ਬਰਾਮਦ ਨਹੀਂ ਹੋਇਆ। ਆਤਿਸ਼ੀ ਨੇ ਕਿਹਾ ਕਿ ਦਿਨੇਸ਼ ਦੇ ਪਹਿਲੇ ਦਸ ਬਿਆਨਾਂ ਨੂੰ ਅਦਾਲਤ ਵਿੱਚ ਨਹੀਂ ਲਿਆਂਦਾ ਗਿਆ ਤੇ ਗਿਆਰ੍ਹਵੇਂ ਬਿਆਨ ਉੱਪਰ ਹੀ ਕਿਉਂ ਜੋਰ ਦਿੱਤਾ ਗਿਆ। ਦੋਵਾਂ ਆਗੂਆਂ ਨੇ ਕਿਹਾ ਕਿ ਭਾਜਪਾ ਦੇ ਤਾਨਾਸ਼ਾਹੀ ਰਵੱਈਏ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਡਰਨ ਵਾਲੇ ਨਹੀਂ ਹਨ।