ਟੈਸਟ ਦਰਜਾਬੰਦੀ: ਜੈਸਵਾਲ ਸੱਤਵੇਂ ਤੇ ਕੋਹਲੀ ਅੱਠਵੇਂ ਸਥਾਨ ’ਤੇ ਕਾਬਜ਼
ਦੁਬਈ, 28 ਅਗਸਤ
ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਬੁੱਧਵਾਰ ਨੂੰ ਜਾਰੀ ਤਾਜ਼ਾ ਆਈਸੀਸੀ ਟੈਸਟ ਦਰਜਾਬੰਦੀ ’ਚ ਦੋ ਸਥਾਨ ਉਪਰ ਅੱਠਵੇਂ ਜਦਕਿ ਕਪਤਾਨ ਰੋਹਿਤ ਸ਼ਰਮਾ ਇੱਕ ਸਥਾਨ ਹੇਠਾਂ 6ਵੇਂ ਸਥਾਨ ’ਤੇ ਖਿਸਕ ਗਿਆ ਹੈ। ਰੋਹਿਤ ਅਤੇ ਕੋਹਲੀ ਤੋਂ ਇਲਾਵਾ ਭਾਰਤ ਦਾ ਯਸ਼ਸਵੀ ਜੈਸਵਾਲ ਵੀ ਸਿਖਰਲੇ 10 ਬੱਲੇਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹੈ। ਉਹ ਇੱਕ ਸਥਾਨ ਦੇ ਫਾਇਦੇ ਨਾਲ ਸੱਤਵੇਂ ਸਥਾਨ ’ਤੇ ਕਾਬਜ਼ ਹੈ। ਇੰਗਲੈਂਡ ਦਾ ਤਜਰਬੇਕਾਰ ਬੱਲੇਬਾਜ਼ ਜੋਅ ਰੂਟ ਸ੍ਰੀਲੰਕਾ ਖ਼ਿਲਾਫ਼ ਚੰਗੇ ਪ੍ਰਦਰਸ਼ਨ ਮਗਰੋਂ ਦਰਜਾਬੰਦੀ ਵਿੱਚ ਸਿਖਰ ’ਤੇ ਕਾਇਮ ਹੈ। ਉਸ ਨੇ ਪਾਕਿਸਤਾਨ ਦੇ ਬਾਬਰ ਆਜ਼ਮ, ਆਸਟਰੇਲੀਆ ਦੇ ਸਟੀਵ ਸਮਿਥ ਅਤੇ ਰੋਹਿਤ ਨੂੰ ਪਿੱਛੇ ਛੱਡ ਦਿੱਤਾ ਹੈ। ਬਾਬਰ ਨੂੰ ਛੇ ਸਥਾਨਾਂ ਦਾ ਨੁਕਸਾਨ ਹੋਇਆ ਹੈ। ਉਹ ਤੀਜੇ ਤੋਂ ਸਿੱਧੇ ਨੌਵੇਂ ਸਥਾਨ ’ਤੇ ਖਿਸਕ ਗਿਆ ਹੈ।
ਗੇਂਦਬਾਜ਼ਾਂ ਦੀ ਦਰਜਾਬੰਦੀ ’ਚ ਭਾਰਤ ਦਾ ਤਜਰਬੇਕਾਰ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਸਿਖਰ ’ਤੇ ਕਾਇਮ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਖੱਬੂ ਸਪਿੰਨਰ ਰਵਿੰਦਰ ਜਡੇਜਾ ਵੀ ਕ੍ਰਮਵਾਰ ਤੀਜੇ ਅਤੇ ਸੱਤਵੇਂ ਸਥਾਨ ’ਤੇ ਬਰਕਰਾਰ ਹਨ। ਹਰਫਨਮੌਲਾ ਖਿਡਾਰੀਆਂ ਦੀ ਸੂਚੀ ’ਚ ਜਡੇਜਾ ਅਤੇ ਅਸ਼ਵਿਨ ਕ੍ਰਮਵਾਰ ਪਹਿਲੇ ਅਤੇ ਦੂਜੇ ਜਦਕਿ ਅਕਸ਼ਰ ਪਟੇਲ ਛੇਵੇਂ ਸਥਾਨ ’ਤੇ ਕਾਬਜ਼ ਹੈ। -ਪੀਟੀਆਈ