ਟੈਸਟ ਦਰਜਾਬੰਦੀ: ਭਾਰਤ ਡਬਲਿਊਟੀਸੀ ’ਚ ਸਿਖਰ ’ਤੇ ਬਰਕਰਾਰ
ਦੁਬਈ, 26 ਅਕਤੂਬਰ
ਭਾਰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਦਰਜਾਬੰਦੀ ਵਿੱਚ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ ਪਰ ਨਿਊਜ਼ੀਲੈਂਡ ਤੋਂ ਹਾਰਨ ਤੋਂ ਬਾਅਦ ਉਸ ਦੇ ਅੰਕ ਪ੍ਰਭਾਵਿਤ ਹੋਏ ਹਨ। ਭਾਰਤ ਨੂੰ ਅੱਜ ਨਿਊਜ਼ੀਲੈਂਡ ਖਿਲਾਫ ਦੂਜੇ ਟੈਸਟ ਮੈਚ ਵਿਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਨੇ 12 ਸਾਲਾਂ ਵਿੱਚ ਘਰੇਲੂ ਮੈਦਾਨ ਵਿੱਚ ਪਹਿਲੀ ਵਾਰ ਟੈਸਟ ਸੀਰੀਜ਼ ਹਾਰੀ ਹੈ। ਨਿਊਜ਼ੀਲੈਂਡ ਨੇ ਮੇਜ਼ਬਾਨ ਟੀਮ ਨੂੰ ਪੁਣੇ ਵਿੱਚ ਦੂਜੇ ਟੈਸਟ ਵਿੱਚ 113 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਲੀਡ ਹਾਸਲ ਕਰ ਲਈ ਹੈ। ਇਸ ਹਾਰ ਨਾਲ ਭਾਰਤ ਦੇ 68.06 ਤੋਂ ਘੱਟ ਕੇ 62.82 ਅੰਕ ਹੋ ਗਏ ਹਨ ਤੇ ਭਾਰਤੀ ਟੀਮ ਹੁਣ ਦੂਜੇ ਸਥਾਨ ’ਤੇ ਕਾਬਜ਼ ਆਸਟਰੇਲੀਆ (62.50) ਤੋਂ ਸਿਰਫ 0.32 ਅੰਕ ਅੱਗੇ ਹੈ। ਭਾਰਤੀ ਟੀਮ ਅਗਲੇ ਹਫਤੇ ਨਿਊਜ਼ੀਲੈਂਡ ਖਿਲਾਫ ਤੀਜੇ ਟੈਸਟ ਤੋਂ ਬਾਅਦ ਆਸਟਰੇਲੀਆ ਨਾਲ ਬਾਰਡਰ-ਗਾਵਸਕਰ ਟਰਾਫੀ ਖੇਡੇਗੀ। ਇਸ ਤੋਂ ਇਲਾਵਾ ਸ੍ਰੀਲੰਕਾ 55.56 ਅੰਕਾਂ ਨਾਲ ਤੀਜੇ ਸਥਾਨ ’ਤੇ ਕਾਬਜ਼ ਹੈ ਜਦਕਿ ਪਾਕਿਸਤਾਨ ਰਾਵਲਪਿੰਡੀ ਵਿਚ ਤੀਜੇ ਟੈਸਟ ਵਿਚ ਇੰਗਲੈਂਡ ਖਿਲਾਫ ਨੌਂ ਵਿਕਟਾਂ ਦੀ ਜਿੱਤ ਨਾਲ 33.33 ਅੰਕਾਂ ਨਾਲ ਸੱਤਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇੰਗਲੈਂਡ ਦੇ ਇਸ ਵੇਲੇ 40.79 ਅੰਕ ਹਨ ਤੇ ਉਹ ਦਰਜਾਬੰਦੀ ਵਿਚ ਛੇਵੇਂ ਸਥਾਨ ’ਤੇ ਹੈ। ਪੀਟੀਆਈ