ਟੈਸਟ ਦਰਜਾਬੰਦੀ: ਗੇਂਦਬਾਜ਼ਾਂ ’ਚ ਬੁਮਰਾਹ ਪਹਿਲੇ ਸਥਾਨ ’ਤੇ
ਦੁਬਈ, 11 ਦਸੰਬਰ
ਇੰਗਲੈਂਡ ਦਾ ਹੈਰੀ ਬਰੁੱਕ ਆਪਣੇ ਸੀਨੀਅਰ ਸਾਥੀ ਜੋਅ ਰੂਟ ਨੂੰ ਪਛਾੜਦਿਆਂ ਅੱਜ ਜਾਰੀ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਟੈਸਟ ਬੱਲੇਬਾਜ਼ਾਂ ਦੀ ਦਰਜਾਬੰਦੀ ਵਿੱਚ ਸਿਖਰ ’ਤੇ ਪਹੁੰਚ ਗਿਆ ਹੈ, ਜਦਕਿ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ ਦੀ ਸੂਚੀ ’ਚ ਪਹਿਲੇ ਅਤੇ ਰਵਿੰਦਰ ਜਡੇਜਾ ਹਰਫਨਮੌਲਾ ਖ਼ਿਡਾਰੀਆਂ ਦੀ ਸੂਚੀ ਵਿੱਚ ਪਹਿਲੇ ਸਥਾਨ ’ਤੇ ਕਾਇਮ ਹਨ। ਪਿਛਲੇ ਹਫਤੇ ਵੈਲਿੰਗਟਨ ’ਚ ਨਿਊਜ਼ੀਲੈਂਡ ਖ਼ਿਲਾਫ਼ ਆਪਣੇ ਕਰੀਅਰ ਦਾ ਅੱਠਵਾਂ ਸੈਂਕੜਾ ਜੜਨ ਵਾਲਾ 25 ਸਾਲਾ ਬਰੁੱਕ ਆਪਣੇ ਸੀਨੀਅਰ ਸਾਥੀ ਤੋਂ ਸਿਰਫ ਇੱਕ ਅੰਕ ਅੱਗੇ ਹੈ। ਬਰੁੱਕ ਦੇ ਕੁੱਲ 898 ਰੇਟਿੰਗ ਅੰਕ ਹਨ। ਰੂਟ ਇਸ ਸਾਲ ਜੁਲਾਈ ਤੋਂ ਸਿਖਰਲੇ ਸਥਾਨ ’ਤੇ ਕਾਇਮ ਸੀ। ਉਸ ਨੇ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਕੇਨ ਵਿਲੀਅਮਸਨ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ।
ਬੁਮਰਾਹ 890 ਰੇਟਿੰਗ ਅੰਕਾਂ ਨਾਲ ਟੈਸਟ ਗੇਂਦਬਾਜ਼ਾਂ ਦੀ ਦਰਜਾਬੰਦੀ ਵਿੱਚ ਸਿਖ਼ਰ ’ਤੇ ਕਾਇਮ ਹੈ। ਉਸ ਤੋਂ ਬਾਅਦ ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ (856) ਅਤੇ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ (851) ਦਾ ਨੰਬਰ ਆਉਂਦਾ ਹੈ। ਇਸੇ ਤਰ੍ਹਾਂ ਜਡੇਜਾ 415 ਰੇਟਿੰਗ ਅੰਕਾਂ ਨਾਲ ਹਰਫਨਮੌਲਾ ਖਿਡਾਰੀਆਂ ਦੀ ਟੈਸਟ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਕਾਇਮ ਹੈ। ਬੰਗਲਾਦੇਸ਼ ਦਾ ਮਹਿਦੀ ਹਸਨ ਮਿਰਾਜ਼ 285 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। -ਪੀਟੀਆਈ