ਟੈਸਟ ਦਰਜਾਬੰਦੀ: ਬੁਮਰਾਹ ਮੁੜ ਸਿਖ਼ਰ ’ਤੇ; ਅਸ਼ਿਵਨ ਦੂਜੇ ਸਥਾਨ ’ਤੇ ਖਿਸਕਿਆ
ਦੁਬਈ, 2 ਅਕਤੂਬਰ
ਭਾਰਤ ਦਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਕਾਨਪੁਰ ਵਿੱਚ ਬੰਗਲਾਦੇਸ਼ ਖ਼ਿਲਾਫ਼ ਖੇਡੇ ਗਏ ਦੂਜੇ ਟੈਸਟ ਕ੍ਰਿਕਟ ਮੈਚ ਵਿੱਚ ਛੇ ਵਿਕਟਾਂ ਲੈ ਕੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਟੈਸਟ ਗੇਂਦਬਾਜ਼ੀ ਦਰਜਾਬੰਦੀ ਵਿੱਚ ਮੁੜ ਸਿਖਰ ’ਤੇ ਪਹੁੰਚ ਗਿਆ ਹੈ। ਇਸ 30 ਸਾਲਾ ਤੇਜ਼ ਗੇਂਦਬਾਜ਼ ਨੇ ਆਪਣੇ ਭਾਰਤੀ ਸਾਥੀ ਰਵੀਚੰਦਰਨ ਅਸ਼ਵਿਨ ਦੀ ਥਾਂ ਪਹਿਲਾ ਸਥਾਨ ਹਾਸਲ ਕੀਤਾ। ਅਸ਼ਵਿਨ ਨੂੰ ਬੰਗਲਾਦੇਸ਼ ਖ਼ਿਲਾਫ਼ ਲੜੀ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ ਸੀ। ਸਪਿੰਨਰ ਰਵਿੰਦਰ ਜਡੇਜਾ ਛੇਵੇਂ, ਜਦਕਿ ਉਸ ਦਾ ਸਾਥੀ ਸਪਿੰਨਰ ਕੁਲਦੀਪ ਯਾਦਵ 16ਵੇਂ ਸਥਾਨ ’ਤੇ ਹੈ।
ਬੱਲੇਬਾਜ਼ੀ ਰੈਂਕਿੰਗ ’ਚ ਯਸ਼ਸਵੀ ਜੈਸਵਾਲ ਸਿਰਫ 11 ਟੈਸਟ ਮੈਚਾਂ ਮਗਰੋਂ ਕਰੀਅਰ ਦੇ ਸਰਬੋਤਮ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਜੈਸਵਾਲ ਨੇ ਕਾਨਪੁਰ ਟੈਸਟ ਵਿੱਚ 72 ਅਤੇ 51 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਭਾਰਤ ਨੂੰ ਮੀਂਹ ਨਾਲ ਪ੍ਰਭਾਵਿਤ ਮੈਚ ਵਿੱਚ ਸੱਤ ਵਿਕਟਾਂ ਨਾਲ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਦੇ 792 ਰੇਟਿੰਗ ਅੰਕ ਹਨ ਅਤੇ 22 ਸਾਲਾ ਜੋਅ ਰੂਟ (899) ਅਤੇ ਕੇਨ ਵਿਲੀਅਮਸਨ (829) ਤੋਂ ਬਾਅਦ ਤੀਜੇ ਸਥਾਨ ’ਤੇ ਹੈ। ਤਜਰਬੇਕਾਰ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ ਵੀ ਸਿਖਰਲੇ 10 ਵਿੱਚ ਵਾਪਸੀ ਕੀਤੀ ਹੈ। ਕਾਨਪੁਰ ਟੈਸਟ ’ਚ 47 ਅਤੇ 29 ਦੌੜਾਂ ਦੀ ਪਾਰੀ ਖੇਡਣ ਵਾਲਾ ਕੋਹਲੀ 6 ਸਥਾਨ ਦੇ ਫਾਇਦੇ ਨਾਲ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ। ਰਿਸ਼ਭ ਪੰਤ ਵੀ ਸਿਖਰਲੇ 10 ’ਚ ਕਾਇਮ ਹੈ ਪਰ ਉਹ ਤਿੰਨ ਸਥਾਨ ਖਿਸਕ ਕੇ ਨੌਵੇਂ ਸਥਾਨ ’ਤੇ ਚਲਾ ਗਿਆ ਹੈ। ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਕ੍ਰਮਵਾਰ 15ਵੇਂ ਅਤੇ 16ਵੇਂ ਸਥਾਨ ’ਤੇ ਹਨ।
ਹਰਫਨਮੌਲਾ ਖਿਡਾਰੀਆਂ ਦੀ ਦਰਜਾਬੰਦੀ ਵਿੱਚ ਬਹੁਤਾ ਬਦਲਾਅ ਨਹੀਂ ਆਇਆ। ਜਡੇਜਾ ਪਹਿਲਾਂ ਵਾਂਗ ਸਿਖਰਲੇ ਸਥਾਨ ’ਤੇ ਕਾਇਮ ਹੈ, ਜਦਕਿ ਅਸ਼ਵਿਨ ਦੂਜੇ ਅਤੇ ਅਕਸ਼ਰ ਪਟੇਲ ਸੱਤਵੇਂ ਸਥਾਨ ’ਤੇ ਬਰਕਰਾਰ ਹਨ। ਭਾਰਤੀ ਟੀਮ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਸੂਚੀ ਵਿੱਚ ਆਪਣਾ ਦਬਦਬਾ ਬਣਾਇਆ ਹੋਇਆ ਹੈ। 11 ਮੈਚਾਂ ਤੋਂ ਬਾਅਦ ਭਾਰਤ ਦਾ ਅੰਕ ਫੀਸਦ 74.24 ਹੈ ਜਦਕਿ ਆਸਟਰੇਲੀਆ 12 ਟੈਸਟਾਂ ਵਿੱਚ 62.50 ਪ੍ਰਤੀਸ਼ਤ ਦੇ ਨਾਲ ਦੂਜੇ ਸਥਾਨ ’ਤੇ ਹੈ। -ਪੀਟੀਆਈ