ਅਗਨੀ-5 ਦਾ ਪ੍ਰੀਖਣ
ਭਾਰਤ ਨੇ ਬੈਲਿਸਟਿਕ ਮਿਜ਼ਾਈਲ ਅਗਨੀ-5 ਦੀ ਸਫ਼ਲ ਅਜ਼ਮਾਇਸ਼ ਕੀਤੀ ਹੈ ਜਿਸ ਵਿਚ ਮਿਸ਼ਨ ‘ਦਿਵਿਆਸਤਰ’ ਤਹਿਤ ਮਲਟੀਪਲ ਇੰਡੀਪੈਂਡੇਟਲੀ ਟਾਰਗੈਟੇਬਲ ਰੀ-ਐਂਟਰੀ ਵਹੀਕਲ (ਐੱਮਆਈਆਰਵੀ) ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਦੇਸ਼ ਦੀਆਂ ਰੱਖਿਆ ਸਮੱਰਥਾਵਾਂ ਵਿਚ ਅਹਿਮ ਕਦਮ ਦੀ ਨਿਸ਼ਾਨਦੇਹੀ ਕਰਦਾ ਹੈ। ਇਸ ਦੇ ਨਾਲ ਹੀ ਇਹ ਅਜ਼ਮਾਇਸ਼ ਇਸ ਗੱਲ ਦਾ ਪ੍ਰਮਾਣ ਹੈ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੀ ਪਿਛਲੇ ਕਈ ਸਾਲਾਂ ਦੀ ਮਿਹਨਤ ਨੂੰ ਬੂਰ ਪਿਆ ਹੈ ਅਤੇ ਨਾਲ ਹੀ ਆਲਮੀ ਪੱਧਰ ’ਤੇ ਭਾਰਤ ਦੀ ਤਕਨੀਕੀ ਸ਼ਕਤੀ ਹੋਰ ਪੁਖ਼ਤਾ ਹੋਈ ਹੈ। ਇਹ ਮਹਿਲਾ ਪ੍ਰਾਜੈਕਟ ਡਾਇਰੈਕਟਰ ਦੀ ਅਗਵਾਈ ਸਟੈੱਮ ਖੇਤਰਾਂ ਵਿਚ ਲਿੰਗਕ ਭਾਗੀਦਾਰੀ ਵੱਲ ਦੇਸ਼ ਦੇ ਵਧ ਰਹੇ ਕਦਮਾਂ ਨੂੰ ਦਰਸਾਉਂਦੀ ਹੈ।
ਇਸ ਮਿਜ਼ਾਈਲ ਦੀ ਅਜ਼ਮਾਇਸ਼ ਜਿੱਥੇ ਨਾ ਕੇਵਲ ਵੱਡੀ ਰਣਨੀਤਕ ਪ੍ਰਾਪਤੀ ਹੈ ਜਿਸ ਸਦਕਾ ਭਾਰਤ ਐੱਮਆਈਆਰ ਤਕਨੀਕ ਦੇ ਮਾਲਕ ਛੇ ਮੁਲਕਾਂ ਦੀ ਸ਼੍ਰੇਣੀ ਵਿਚ ਸ਼ਾਮਿਲ ਹੋ ਗਿਆ ਹੈ, ਉੱਥੇ ਇਸ ਨਾਲ ਇਹ ਖੁਲਾਸਾ ਵੀ ਹੋਇਆ ਹੈ ਕਿ ਮੁਲਕ ਵੱਡੀਆਂ ਆਲਮੀ ਸ਼ਕਤੀਆਂ ਦੇ ਬਰਾਬਰ ਰੱਖਿਆ ਪ੍ਰਣਾਲੀਆਂ ਵਿਕਸਤ ਕਰਨ ਦੇ ਕਾਬਿਲ ਬਣ ਗਿਆ ਹੈ। ਇਸ ਤਕਨੀਕ ਨਾਲ ਇਕ ਹੀ ਮਿਜ਼ਾਈਲ ਉੱਪਰ ਕਈ ਜੰਗੀ ਹਥਿਆਰ (ਵਾਰਹੈੱਡ) ਫਿੱਟ ਕੀਤੇ ਜਾ ਸਕਦੇ ਹਨ ਜਿਸ ਨਾਲ ਦੇਸ਼ ਦੀ ਡਰਾਵਾ ਸ਼ਕਤੀ ਵਿਚ ਵਾਧਾ ਹੋਇਆ ਹੈ ਅਤੇ ਨਾਲ ਹੀ ਇਸ ਦੇ ਪਰਮਾਣੂ ਜ਼ਖੀਰੇ ਵਿਚ ਨਵੇਂ ਪੱਧਰ ਦੀ ਲਚਕਤਾ ਤੇ ਮਜ਼ਬੂਤੀ ਦਾ ਵੀ ਪਤਾ ਲਗਦਾ ਹੈ। ਅਜੋਕੀ ਦੁਨੀਆ ਅੰਦਰ ਸੁਰੱਖਿਆ ਖ਼ਤਰੇ ਬਹੁਤ ਤੇਜ਼ੀ ਨਾਲ ਉਭਰਦੇ ਹਨ ਜਿਸ ਕਰ ਕੇ ਇਸ ਤਰ੍ਹਾਂ ਦੀਆਂ ਕਾਢਾਂ ਦੀ ਆਪਣੀ ਅਹਿਮੀਅਤ ਹੈ ਅਤੇ ਨਾਲ ਹੀ ਭਰੋਸੇਮੰਦ ਡਰਾਵਾ ਪੈਦਾ ਕਰਨਾ ਵੀ ਜ਼ਰੂਰੀ ਹੈ। ਇਹ ਪ੍ਰਾਪਤੀ ਭਾਰਤ ਦੀ ਰਾਸ਼ਟਰੀ ਸੁਰੱਖਿਆ ਨੂੰ ਹੁਲਾਰਾ ਦੇਣ ਦੀ ਵਚਨਬੱਧਤਾ ਦਰਸਾਉਂਦੀ ਹੈ। ਭਾਰਤ ਵਲੋਂ ਐੱਮਆਈਆਰਵੀ ਤਕਨੀਕ ਨੂੰ ਅਪਣਾਉਣ ਨਾਲ ਇਸ ਦੇ ਸੰਭਾਵੀ ਦੁਸ਼ਮਣਾਂ ਨੂੰ ਹੀ ਨਹੀਂ ਸਗੋਂ ਸਾਫ਼ ਤੌਰ ’ਤੇ ਇਹ ਸੰਦੇਸ਼ ਵੀ ਜਾਵੇਗਾ ਕਿ ਭਾਰਤ ਆਪਣੀ ਪ੍ਰਭੂਸੱਤਾ ਅਤੇ ਰਾਸ਼ਟਰੀ ਹਿੱਤਾਂ ਦੀ ਸੁਰੱਖਿਆ ਕਰਨ ਲਈ ਦ੍ਰਿੜ ਹੈ।
ਜਿਵੇਂ ਭੂ-ਰਾਜਨੀਤਕ ਹਾਲਾਤ ਲਗਾਤਾਰ ਬਦਲਦੇ ਰਹਿੰਦੇ ਹਨ ਅਤੇ ਦੇਸ਼ ਦੀ ਡਰਾਵਾ ਸ਼ਕਤੀ ਦੀਆਂ ਸਮੱਰਥਾਵਾਂ ਵਿਚ ਵਾਧਾ ਹੋਣ ਨਾਲ ਸਥਿਰਤਾ ਆਉਂਦੀ ਹੈ ਤੇ ਉੱਭਰ ਰਹੇ ਖਤਰਿਆਂ ਲਈ ਮੋੜਵੇਂ ਰੂਪ ਵਿਚ ਸੰਤੁਲਨ ਪੈਦਾ ਹੁੰਦਾ ਹੈ ਜਿਸ ਸਦਕਾ ਖਿੱਤੇ ਅਤੇ ਆਲਮੀ ਪੱਧਰ ’ਤੇ ਸ਼ਾਂਤੀ ਅਤੇ ਸਥਿਰਤਾ ਨੂੰ ਹੁਲਾਰਾ ਮਿਲਦਾ ਹੈ। ਉਂਝ, ਇਸ ਦੇ ਨਾਲ ਹੀ ਇਹ ਵੀ ਮੰਨਣਾ ਪੈਂਦਾ ਹੈ ਕਿ ਰੱਖਿਆ ਸਮਰੱਥਾਵਾਂ ਵਿਚ ਵਾਧਾ ਹੋਣ ਨਾਲ ਜਿ਼ੰਮੇਵਾਰੀਆਂ ਵਿਚ ਵੀ ਵਾਧਾ ਹੁੰਦਾ ਹੈ। ਭਾਰਤ ਨੂੰ ਆਪਣੀ ਤਕਨੀਕੀ ਮੁਹਾਰਤ ਨੂੰ ਆਪਣੇ ਕੌਮੀ ਹਿੱਤਾਂ ਦੀ ਰਾਖੀ ਲਈ ਵਰਤਣਾ ਚਾਹੀਦਾ ਹੈ, ਉੱਥੇ ਦੁਨੀਆ ਭਰ ਵਿਚ ਅਮਨ, ਸਥਿਰਤਾ ਅਤੇ ਜਿ਼ੰਮੇਵਾਰ ਪਰਮਾਣੂ ਅਗਵਾਈ ਦੇ ਅਸੂਲਾਂ ਨੂੰ ਵੀ ਲਗਾਤਾਰ ਬੁਲੰਦ ਕਰ ਕੇ ਰੱਖਣ ਦੀ ਲੋੜ ਹੈ। ਇਹ ਮਸਲਾ ਵੀ ਸਾਰੀ ਦੁਨੀਆ ਲਈ ਵਿਚਾਰਨ ਵਾਲਾ ਹੈ ਕਿ ਹਥਿਆਰਾਂ ਦੀ ਦੌੜ ਵਿਚੋਂ ਬਾਹਰ ਕਿਵੇਂ ਆਇਆ ਜਾਵੇ ਜਾਂ ਘੱਟੋ-ਘੱਟ ਇਸ ਨੂੰ ਠੱਲ੍ਹ ਪੈਣ ਬਾਰੇ ਤਾਂ ਗੱਲ ਤੁਰਨੀ ਹੀ ਚਾਹੀਦੀ ਹੈ। ਹਥਿਆਰਾਂ ਦੀ ਦੌੜ ਵਿੱਚੋਂ ਬਚਾਈ ਊਰਜਾ ਅਵਾਮ ਨੂੰ ਦਰਪੇਸ਼ ਸਮੱਸਿਆਵਾਂ ਸੁਲਝਾਉਣ ਲਈ ਲਾਈ ਜਾ ਸਕਦੀ ਹੈ। ਇਹ ਕਾਰਜ ਕਿਸੇ ਇਕੱਲੇ-ਇਕਹਿਰੇ ਮੁਲਕ ਦਾ ਨਹੀਂ, ਇਸ ਲਈ ਸਮੂਹਿਕ ਯਤਨ ਹੀ ਸਫਲ ਹੋ ਸਕਦੇ ਹਨ।