ਟੈਸਟ: ਆਪਣੀ ਧਰਤੀ ’ਤੇ 12 ਸਾਲ ਬਾਅਦ ਕੋਈ ਲੜੀ ਹਾਰਿਆ ਭਾਰਤ
ਪੁਣੇ, 26 ਅਕਤੂਬਰ
ਨਿਊਜ਼ੀਲੈਂਡ ਨੇ ਅੱਜ ਇੱਥੇ ਦੂਸਰੇ ਟੈਸਟ ਕ੍ਰਿਕਟ ਮੈਚ ਵਿੱਚ ਭਾਰਤ ਨੂੰ 113 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਤੇ 2-0 ਨਾਲ ਕਬਜ਼ਾ ਕਰ ਲਿਆ। ਭਾਰਤੀ ਬੱਲੇਬਾਜ਼ ਮਿਸ਼ੇਲ ਸੇਂਟਨਰ ਦੀ ਬਿਹਤਰੀਨ ਗੇਂਦਬਾਜ਼ੀ ਅੱਗੇ ਟਿਕ ਨਹੀਂ ਸਕੇ ਜਿਸ ਕਾਰਨ ਮੇਜ਼ਬਾਨ ਟੀਮ ਨੂੰ 12 ਸਾਲ ਵਿੱਚ ਘਰੇਲੂ ਟੈਸਟ ਲੜੀ ਵਿੱਚ ਪਹਿਲੀ ਹਾਰ ਝੱਲਣੀ ਪਈ। ਇਸੇ ਦੇ ਨਾਲ ਹੀ ਭਾਰਤ ਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਸੂਚੀ ਵਿੱਚ ਵੀ ਸਿਖਰਲੇ ਸਥਾਨ ਤੋਂ ਖਿਸਕਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਭਾਰਤ ਦੀ ਲਗਾਤਾਰ 18 ਟੈਸਟ ਲੜੀਆਂ ਵਿੱਚ ਇਹ ਪਹਿਲੀ ਹਾਰ ਹੈ। ਨਿਊਜ਼ੀਲੈਂਡ ਨੇ ਲਗਪਗ 70 ਸਾਲਾਂ ਵਿੱਚ ਪਹਿਲੀ ਵਾਰ ਭਾਰਤ ਵਿੱਚ ਟੈਸਟ ਲੜੀ ਜਿੱਤੀ ਹੈ। ਨਿਊਜ਼ੀਲੈਂਡ ਦੀ ਟੀਮ 1955 ਤੋਂ ਹੁਣ ਤੱਕ ਭਾਰਤ ਦੇ ਕਿਲ੍ਹੇ ਵਿੱਚ ਸੰਨ੍ਹ ਨਹੀਂ ਲਾ ਸਕੀ ਸੀ। ਸੇਂਟਨਰ ਨੇ ਪਹਿਲੀ ਪਾਰੀ ਵਿੱਚ ਸੱਤ ਵਿਕਟਾਂ ਲੈਣ ਮਗਰੋਂ ਦੂਸਰੀ ਪਾਰੀ ਵਿੱਚ ਛੇ ਵਿਕਟਾਂ ਝਟਕਾਈਆਂ। ਜਿੱਤ ਲਈ 359 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ 245 ਦੌੜਾਂ ’ਤੇ ਆਊਟ ਹੋ ਗਈ। ਯਸ਼ਸਵੀ ਜੈਸਵਾਲ (77 ਦੌੜਾਂ) ਤੇ ਰਵਿੰਦਰ ਜਡੇਜਾ ਨੇ (42 ਦੌੜਾਂ) ਤੋਂ ਇਲਾਵਾ ਕੋਈ ਬੱਲੇਬਾਜ਼ ਟਿਕ ਨਹੀਂ ਸਕਿਆ। ਭਾਰਤੀ ਟੀਮ ਦੀ 2012-13 ਵਿੱਚ ਇੰਗਲੈਂਡ ਹੱਥੋਂ ਹਾਰਨ ਮਗਰੋਂ ਇਹ ਲੜੀ ਦੀ ਪਹਿਲੀ ਸ਼ਿਕਸਤ ਹੈ। -ਪੀਟੀਆਈ