ਟੈਸਟ: ਆਸਟਰੇਲੀਆ ਖ਼ਿਲਾਫ਼ ਭਾਰਤ ਮਜ਼ਬੂਤ ਸਥਿਤੀ ’ਚ
ਪਰਥ, 22 ਨਵੰਬਰ
ਇੱਥੇ ਅੱਜ ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਪਹਿਲੇ ਟੈਸਟ ਕ੍ਰਿਕਟ ਦੇ ਪਹਿਲੇ ਦਿਨ ਖਰਾਬ ਬੱਲੇਬਾਜ਼ੀ ਮਗਰੋਂ ਆਸਟਰੇਲੀਆ ਦੀਆਂ 67 ਦੌੜਾਂ ’ਤੇ ਸੱਤ ਵਿਕਟਾਂ ਲੈ ਕੇ ਸ਼ਾਨਦਾਰ ਵਾਪਸੀ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਬੱਲੇਬਾਜ਼ ਮੇਜ਼ਬਾਨ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕੇ। ਪਹਿਲਾ ਟੈਸਟ ਖੇਡ ਰਹੇ ਨਿਤੀਸ਼ ਰੈੱਡੀ (41 ਦੌੜਾਂ) ਅਤੇ ਰਿਸ਼ਭ ਪੰਤ (37 ਦੌੜਾਂ) ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਭਾਰਤੀ ਪਾਰੀ ’ਚ ਕੋਈ ਖਾਸ ਯੋਗਦਾਨ ਨਹੀਂ ਦੇ ਸਕਿਆ। ਭਾਰਤੀ ਟੀਮ 49.4 ਓਵਰਾਂ ’ਚ 150 ਦੌੜਾਂ ਬਣਾ ਕੇ ਆਊਟ ਹੋ ਗਈ। ਮਿਸ਼ੇਲ ਸਟਾਰਕ ਨੇ 11 ਓਵਰਾਂ ਵਿੱਚ 14 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਜਦਕਿ ਜੋਸ਼ ਹੇਜ਼ਲਵੁੱਡ ਨੇ 13 ਓਵਰਾਂ ਵਿੱਚ 29 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਸ ਤੋਂ ਇਲਾਵਾ ਆਸਟਰੇਲੀਆ ਦੇ ਕਪਤਾਨ ਕਮਿਨਸ ਅਤੇ ਮਿਸ਼ੇਲ ਮਾਰਸ਼ ਨੇ ਵੀ ਦੋੋ-ਦੋ ਵਿਕਟਾਂ ਲਈਆਂ।
ਜਵਾਬ ਵਿੱਚ ਦਿਨ ਦੀ ਖੇਡ ਖ਼ਤਮ ਹੋਣ ਤੱਕ ਆਸਟਰੇਲੀਆ ਸੱਤ ਵਿਕਟਾਂ ’ਤੇ 67 ਦੌੜਾਂ ਬਣਾ ਕੇ ਖੇਡ ਰਿਹਾ ਸੀ। ਆਸਟਰੇਲੀਆ ਕੋਲ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਦਾ ਕੋਈ ਜਵਾਬ ਨਹੀਂ ਸੀ। ਦੁਨੀਆ ਦੇ ਸਰਬੋਤਮ ਤੇਜ਼ ਗੇਂਦਬਾਜ਼ਾਂ ’ਚੋਂ ਇਕ ਬੁਮਰਾਹ ਨੇ ਦਸ ਓਵਰਾਂ ’ਚ 17 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਮੁਹੰਮਦ ਸਿਰਾਜ ਨੇ ਨੌਂ ਓਵਰਾਂ ਵਿੱਚ 17 ਦੌੜਾਂ ਦੇ ਕੇ ਦੋ ਜਦਕਿ ਆਪਣਾ ਪਹਿਲਾ ਟੈਸਟ ਖੇਡ ਰਹੇ ਹਰਸ਼ਿਤ ਰਾਣਾ ਨੇ ਅੱਠ ਓਵਰਾਂ ਵਿੱਚ 33 ਦੌੜਾਂ ਦੇ ਕੇ ਇੱਕ ਵਿਕਟ ਲਈ। ਆਸਟਰੇਲੀਆ ਵੱਲੋਂ ਨੈਥਨ ਮੈਕਸਵੀਨੀ (10), ਉਸਮਾਨ ਖਵਾਜਾ (8), ਸਟੀਵ ਸਮਿਥ (0), ਟਰੈਵਿਸ ਹੈੱਡ (11) ਅਤੇ ਮਾਰਨਸ ਲਾਬੂਸ਼ੇਨ ਦੋ ਦੌੜਾਂ ਬਣਾਈਆਂ। ਇਸੇ ਤਰ੍ਹਾਂ ਸਿਰਾਜ ਨੇ ਮਾਰਸ਼ ਦੀ ਵਿਕਟ ਲਈ। ਬੁਮਰਾਹ ਨੇ ਪੈਟ ਕਮਿਨਸ ਦੇ ਰੂਪ ਵਿੱਚ ਦਿਨ ਦੀ ਆਖਰੀ ਵਿਕਟ ਲਈ। ਦਿਨ ਦੀ ਖੇਡ ਖ਼ਤਮ ਹੋਣ ਤੱਕ ਐਲੇਕਸ ਕੈਰੀ ਨਾਬਾਦ 19 ਅਤੇ ਮਿਸ਼ੇਲ ਸਟਾਰਕ ਨਾਬਾਦ 6 ਦੌੜਾਂ ਬਣਾ ਕੇ ਖੇਡ ਰਹੇ ਸਨ। -ਪੀਟੀਆਈ