ਟੈਸਟ ਕ੍ਰਿਕਟ: ਭਾਰਤ ਵੱਲੋਂ ਬੰਗਾਲਦੇਸ਼ ’ਤੇ 308 ਦੌੜਾਂ ਦੀ ਲੀਡ
ਚੇਨੱਈ, 20 ਸਤੰਬਰ
ਜਸਪ੍ਰਤੀ ਬੁਮਰਾਹ ਦੀ ਅਗਵਾਈ ’ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਦੋ ਮੈਚਾਂ ਦੀ ਲੜੀ ਦੇ ਸ਼ੁਰੂਆਤੀ ਟੈਸਟ ਦੇ ਦੂਜੇ ਦਿਨ ਅੱਜ ਇੱਥੇ ਬੰਗਲਾਦੇਸ਼ ਦੀ ਪਹਿਲੀ ਪਾਰੀ ਨੂੰ ਬੜੀ ਆਸਾਨੀ ਸਮੇਟਣ ਤੋਂ ਬਾਅਦ ਦੂਜੀ ਪਾਰੀ ਵਿੱਚ ਤਿੰਨ ਵਿਕਟਾਂ ’ਤੇ 81 ਦੌੜਾਂ ਬਣਾ ਕੇ ਆਪਣੀ ਕੁੱਲ ਲੀਡ 308 ਕਰ ਲਈ ਹੈ। ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਦਾ ਬੰਗਲਾਦੇਸ਼ ਦੇ ਬੱਲੇਬਾਜ਼ਾਂ ਕੋਲ ਕੋਈ ਜਵਾਬ ਨਹੀਂ ਸੀ। ਉਸ ਨੇ 50 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਸੇ ਤਰ੍ਹਾਂ ਮੁਹੰਮਦ ਸਿਰਾਜ ਨੇ 30 ਦੌੜਾਂ ਦੇ ਕੇ ਦੋ ਵਿਕਟਾਂ, ਆਕਾਸ਼ਦੀਪ ਨੇ 19 ਦੌੜਾਂ ’ਤੇ ਦੋ ਵਿਕਟ ਅਤੇ ਰਵਿੰਦਰ ਜਡੇਜਾ ਨੇ 19 ਦੌੜਾਂ ’ਦੇ ਦੋ ਵਿਕਟਾਂ ਲਈਆਂ। ਭਾਰਤ ਦੀ ਪਹਿਲੀ ਪਾਰੀ ’ਚ 376 ਦੌੜਾਂ ਦੇ ਜਵਾਬ ’ਚ ਬੰਗਲਾਦੇਸ਼ ਦੀ ਪਹਿਲੀ ਪਾਰੀ ਮਹਿਜ਼ 149 ਦੌੜਾਂ ’ਤੇ ਸਿਮਟ ਗਈ। ਭਾਰਤ ਨੇ ਪਹਿਲੀ ਪਾਰੀ 227 ਦੌੜਾਂ ਦੀ ਵੱਡੀ ਲੀਡ ਹਾਸਲ ਕੀਤੀ। ਹਾਲਾਂਕਿ ਭਾਰਤ ਦੀ ਦੂਜੀ ਪਾਰੀ ’ਚ ਸ਼ੁਰੂੁਆਤ ਚੰਗੀ ਨਹੀਂ ਰਹੀ। ਕਪਤਾਨ ਰੋਹਿਤ ਸ਼ਰਮਾ ਪੰਜ ਅਤੇ ਯਸ਼ਸਵੀ ਜੈਸਵਾਲ 10 ਅੰਕ ਬਣਾ ਕੇ ਪਵੇਲੀਅਨ ਪਰਤ ਗਏ। ਇਸ ਮਗਰੋਂ ਸ਼ੁਭਮਨ ਗਿੱਲ ਅਤੇ ਵਿਰਾਟ ਕੋਹਲੀ (17) ਨੇ ਸੰਭਲ ਕੇ ਬੱਲੇਬਾਜ਼ੀ ਕਰਦਿਆਂ ਤੀਜੀ ਵਿਕਟ ਲਈ 39 ਦੌੜਾਂ ਬਣਾਈਆਂ। ਦੂਜੇ ਪਾਸੇ ਬੰਗਲਾਦੇਸ਼ ਨੂੰ ਸਭ ਤੋਂ ਵੱਧ ਨਿਰਾਸ਼ਾ ਲਿਟਨ ਦਾਸ ਅਤੇ ਸ਼ਾਕਿਬ ਅਲ ਹਸਨ ਤੋਂ ਹੋਈ, ਜਿਨ੍ਹਾਂ ਕ੍ਰਮਵਾਰ 42 ਗੇਂਦਾਂ ’ਚ 22 ਅਤੇ 64 ਗੇਂਦਾਂ ’ਤੇ 32 ਦੌੜਾਂ ਬਣਾਈਆਂ। -ਪੀਟੀਆਈ