ਟੈਸਟ: ਬੰਗਲਾਦੇਸ਼ ਦੀ ਪਾਕਿ ਖ਼ਿਲਾਫ਼ 10 ਵਿਕਟਾਂ ਨਾਲ ਇਤਿਹਾਸਕ ਜਿੱਤ
ਰਾਵਲਪਿੰਡੀ, 25 ਅਗਸਤ
ਬੰਗਲਾਦੇਸ਼ ਦੀ ਕ੍ਰਿਕਟ ਟੀਮ ਨੇ ਆਪਣੇ ਦੇਸ਼ ਵਿੱਚ ਸਿਆਸੀ ਅਸ਼ਾਂਤੀ ਵਿਚਾਲੇ ਅੱਜ ਇੱਥੇ ਪਹਿਲੇ ਟੈਸਟ ਮੈਚ ’ਚ ਪਾਕਿਸਤਾਨ ਨੂੰ 10 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਪਾਕਿਸਤਾਨ ਦੀ ਟੀਮ ਆਪਣੀ ਦੂਜੀ ਪਾਰੀ ’ਚ 146 ਦੌੜਾਂ ’ਤੇ ਢੇਰ ਹੋ ਗਈ ਅਤੇ ਉਸ ਨੇ ਬੰਗਲਾਦੇਸ਼ ਨੂੰ 30 ਦੌੜਾਂ ਦਾ ਟੀਚਾ ਦਿੱਤਾ। ਬੰਗਲਾਦੇਸ਼ ਨੇ ਪੰਜਵੇਂ ਦਿਨ ਚਾਹ ਦੀ ਬਰੇਕ ਤੋਂ ਪਹਿਲਾਂ ਸਿਰਫ਼ 6.3 ਓਵਰਾਂ ਵਿੱਚ ਬਿਨਾ ਕਿਸੇ ਨੁਕਸਾਨ ਦੇ ਇਹ ਟੀਚਾ ਹਾਸਲ ਕਰਕੇ ਪਾਕਿਸਤਾਨ ਖ਼ਿਲਾਫ਼ ਆਪਣੀ ਪਹਿਲੀ ਟੈਸਟ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਆਫ ਸਪਿੰਨਰ ਮਹਿਦੀ ਹਸਨ ਮਿਰਾਜ਼ (21 ਦੌੜਾਂ ’ਤੇ ਚਾਰ ਵਿਕਟਾਂ) ਤੇ ਖੱਬੂ ਸਪਿੰਨਰ ਸ਼ਾਕਿਬ ਅਲ ਹਸਨ (44 ਦੌੜਾਂ ’ਤੇ ਤਿੰਨ ਵਿਕਟਾਂ) ਨੇ ਮਿਲ ਕੇ ਸੱਤ ਵਿਕਟਾਂ ਲਈਆਂ। ਪਾਕਿਸਤਾਨ ਨੇ ਛੇ ਵਿਕਟਾਂ ’ਤੇ 448 ਦੌੜਾਂ ਬਣਾ ਕੇ ਪਹਿਲੀ ਪਾਰੀ ਐਲਾਨ ਦਿੱਤੀ ਸੀ। ਮਗਰੋਂ ਜਵਾਬ ਵਿੱਚ ਬੰਗਲਾਦੇਸ਼ ਨੇ 565 ਦੌੜਾਂ ਬਣਾ ਕੇ 117 ਦੌੜਾਂ ਦੀ ਲੀਡ ਲੈ ਲਈ। ਪਾਕਿਸਤਾਨ ਨੇ ਸਵੇਰੇ ਆਪਣੀ ਦੂਜੀ ਪਾਰੀ ਇੱਕ ਵਿਕਟ ’ਤੇ 23 ਦੌੜਾਂ ਤੋਂ ਅੱਗੇ ਵਧਾਈ ਪਰ ਟੀਮ ਲਗਾਤਾਰ ਵਿਟਕਾਂ ਗੁਆਉਂਦੀ ਗਈ। ਪਹਿਲੀ ਪਾਰੀ ਵਿੱਚ 171 ਦੌੜਾਂ ਬਣਾਉਣ ਵਾਲੇ ਮੁਹੰਮਦ ਰਿਜ਼ਵਾਨ ਨੇ ਦੂਜੀ ਪਾਰੀ ਵਿੱਚ ਸਭ ਤੋਂ ਵੱਧ 51 ਦੌੜਾਂ ਬਣਾਈਆਂ ਪਰ ਉਸ ਨੂੰ ਦੂਜੇ ਸਿਰੇ ਤੋਂ ਕੋਈ ਮਦਦ ਨਹੀਂ ਮਿਲੀ। -ਏਪੀ