ਟੈਸਟ: ਆਸਟਰੇਲੀਆ ਦੀ ਭਾਰਤ ਖ਼ਿਲਾਫ਼ 333 ਦੌੜਾਂ ਦੀ ਲੀਡ
ਮੈਲਬਰਨ, 29 ਦਸੰਬਰ
ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਬਾਵਜੂਦ ਆਸਟਰੇਲੀਆ ਦੇ ਹੇਠਲੇ ਕ੍ਰਮ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਮੇਜ਼ਬਾਨ ਟੀਮ ਨੇ ਭਾਰਤ ਖ਼ਿਲਾਫ਼ ਚੌਥੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਦੂਜੀ ਪਾਰੀ ’ਚ ਨੌਂ ਵਿਕਟਾਂ ’ਤੇ 228 ਦੌੜਾਂ ਬਣਾ ਕੇ 333 ਦੌੜਾਂ ਦੀ ਲੀਡ ਲੈ ਲਈ ਹੈ। ਆਸਟਰੇਲੀਆ ਨੇ ਪਹਿਲੀ ਪਾਰੀ ਦੇ ਆਧਾਰ ’ਤੇ 105 ਦੌੜਾਂ ਦੀ ਲੀਡ ਹਾਸਲ ਕਰਨ ਤੋਂ ਬਾਅਦ ਬੁਮਰਾਹ (ਚਾਰ ਵਿਕਟਾਂ) ਅਤੇ ਮੁਹੰਮਦ ਸਿਰਾਜ (ਤਿੰਨ ਵਿਕਟਾਂ) ਦੀ ਗੇਂਦਬਾਜ਼ੀ ਸਾਹਮਣੇ ਦੂਜੀ ਪਾਰੀ ’ਚ 91 ਦੌੜਾਂ ’ਤੇ ਛੇ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਮਾਰਨਸ ਲਾਬੂਸ਼ੇਨ (70 ਦੌੜਾਂ) ਅਤੇ ਕਪਤਾਨ ਪੈਟ ਕਮਿਨਸ (41 ਦੌੜਾਂ) ਨੇ ਸੱਤਵੀਂ ਵਿਕਟ ਲਈ 57 ਦੌੜਾਂ ਜੋੜੀਆਂ ਅਤੇ ਮਗਰੋਂ ਨਾਥਨ ਲਾਇਨ (ਨਾਬਾਦ 41) ਤੇ ਸਕੌਟ ਬੋਲੈਂਡ (ਨਾਬਾਦ 10) ਨੇ ਆਖਰੀ ਵਿਕਟ ਲਈ 55 ਦੌੜਾਂ ਦੀ ਨਾਬਾਦ ਭਾਈਵਾਲੀ ਕਰਕੇ ਲੀਡ 300 ਤੋਂ ਪਾਰ ਪਹੁੰਚਾਈ।
ਇਸ ਦੌਰਾਨ ਬੁਮਰਾਹ ਨੇ 19.56 ਦੀ ਔਸਤ ਨਾਲ 200 ਟੈਸਟ ਵਿਕਟਾਂ ਵੀ ਪੂਰੀਆਂ ਕਰ ਲਈਆਂ ਹਨ। ਉਸ ਨੇ ਵਿਰੋਧੀ ਬੱਲੇਬਾਜ਼ਾਂ ਨੂੰ ਆਪਣੀ ਸਟੀਕ ਗੇਂਦਬਾਜ਼ੀ ਨਾਲ ਕਾਫੀ ਪਰੇਸ਼ਾਨ ਕੀਤਾ ਪਰ ਭਾਰਤੀ ਗੇਂਦਬਾਜ਼ਾਂ ਨੇ ਆਖਰੀ ਸੈਸ਼ਨ ’ਚ ਦਬਦਬਾ ਕਾਇਮ ਰੱਖਣ ਦਾ ਮੌਕਾ ਗੁਆ ਦਿੱਤਾ। ਭਾਰਤ ਲਈ ਹਾਲੇ ਵੀ ਜਿੱਤ ਅਸੰਭਵ ਨਹੀਂ ਹੈ ਪਰ ਇਸ ਲਈ ਸੀਨੀਅਰ ਬੱਲੇਬਾਜ਼ਾਂ ਅਤੇ ਰਿਸ਼ਭ ਪੰਤ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਇਸ ਤੋਂ ਪਹਿਲਾਂ ਭਾਰਤ ਨੇ ਨਿਤੀਸ਼ ਕੁਮਾਰ ਰੈੱਡੀ (114) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਪਹਿਲੀ ਪਾਰੀ ਵਿੱਚ 369 ਦੌੜਾਂ ਬਣਾਈਆਂ ਪਰ ਆਸਟਰੇਲੀਆ ਨੂੰ 105 ਦੌੜਾਂ ਦੀ ਲੀਡ ਲੈਣ ਤੋਂ ਰੋਕ ਨਹੀਂ ਸਕਿਆ। -ਪੀਟੀਆਈ
ਜਦੋਂ ਨਿਤੀਸ਼ ਰੈੱਡੀ ਦੇ ਪਿਤਾ ਨੇ ਗਾਵਸਕਰ ਦੇ ਪੈਰੀਂ ਹੱਥ ਲਾਇਆ
ਮੈਲਬਰਨ: ਇੱਥੇ ਆਸਟਰੇਲੀਆ ਖਿਲਾਫ਼ ਚੌਥੇ ਟੈਸਟ ਕ੍ਰਿਕਟ ਮੈਚ ਵਿਚ ਸੈਂਕੜਾ ਜੜਨ ਵਾਲੇ ਭਾਰਤੀ ਬੱਲੇਬਾਜ਼ ਨਿਤੀਸ਼ ਕੁਮਾਰ ਰੈੱਡੀ ਦੇ ਪਿਤਾ ਮੁਤਯਾਲਾ ਰੈੱਡੀ ਜਦੋਂ ਆਪਣੇ ਬਚਪਨ ਦੇ ‘ਹੀਰੋ’ ਸੁਨੀਲ ਗਾਵਸਕਰ ਨੂੰ ਮਿਲੇ ਤਾਂ ਉਨ੍ਹਾਂ ‘ਲਿਟਲ ਮਾਸਟਰ’ ਦੇ ਪੈਰੀਂ ਹੱਥ ਲਾਇਆ। ਗਾਵਸਕਰ ਅਸਲ ਵਿਚ ਨਿਤੀਸ਼ ਦੇ ਪਿਤਾ ਨੂੰ ਅਧਿਕਾਰਤ ਬਰਾਡਕਾਸਟਰ ਬਾਕਸ (ਕੁਮੈਂਟੇਟਰ ਬਾਕਸ) ਵਿਚ ਲੈ ਕੇ ਜਾ ਰਹੇ ਸਨ। ਗਾਵਸਕਰ ਨੇ ਨਿਤੀਸ਼ ਦੇ ਪਿਤਾ ਮੁਤਯਾਲਾ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਸਦਕਾ ਭਾਰਤੀ ਕ੍ਰਿਕਟ ਨੂੰ ਅੱਜ ਨਿਤੀਸ਼ ਵਰਗਾ ‘ਹੀਰਾ’ ਮਿਲਿਆ ਹੈ। -ਪੀਟੀਆਈ