ਉੱਤਰ-ਪੂਰਬੀ ਪਾਕਿਸਤਾਨ ਵਿੱਚ ਅਤਿਵਾਦੀਆਂ ਵੱਲੋਂ ਅੱਠ ਸੁਰੱਖਿਆ ਮੁਲਾਜ਼ਮਾਂ ਦੀ ਹੱਤਿਆ
ਪਿਸ਼ਾਵਰ, 6 ਅਕਤੂਬਰ
ਪਾਕਿਸਤਾਨ ਦੇ ਅਸ਼ਾਂਤ ਪ੍ਰਾਂਤ ਖੈਬਰ ਪਖਤੂਨਖਵਾ ਵਿੱਚ ਅੱਜ ਅਤਿਵਾਦੀਆਂ ਨੇ ਸੁਰੱਖਿਆ ਮੁਲਾਜ਼ਮਾਂ ਦੇ ਵਾਹਨ ’ਤੇ ਹਮਲਾ ਕਰ ਕੇ ਪਾਕਿਸਤਾਨ ਦੇ ਘੱਟੋ-ਘੱਟੋ ਅੱਠ ਸੁਰੱਖਿਆ ਮੁਲਾਜ਼ਮਾਂ ਦੀ ਹੱਤਿਆ ਕਰ ਦਿੱਤੀ ਅਤੇ ਦੋ ਹੋਰਾਂ ਨੂੰ ਜ਼ਖ਼ਮੀ ਕਰ ਦਿੱਤਾ। ਅਤਿਵਾਦੀਆਂ ਵੱਲੋਂ ਸੁਰੱਖਿਆ ਮੁਲਾਜ਼ਮਾਂ ’ਤੇ ਇਹ ਹਮਲਾ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਕੁਰੱਮ ਕਬਾਇਲੀ ਜ਼ਿਲ੍ਹੇ ਵਿੱਚ ਕੀਤਾ ਗਿਆ।
ਸੂਤਰਾਂ ਮੁਤਾਬਕ, ਇਸ ਹਮਲੇ ਵਿੱਚ ਅੱਠ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਇਕ ਪਾਬੰਦੀਸ਼ੁਦਾ ਜਥੇਬੰਦੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨਾਲ ਸਬੰਧਤ ਅਤਿਵਾਦੀ ਸਮੂਹ ਜਮਾਤ-ਉਲ ਅਹਿਰਾਰ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅਜਿਹੇ ਹਮਲਿਆਂ ਸਬੰਧੀ ਬਿਆਨ ਜਾਰੀ ਕਰਨ ਵਾਲੇ ਫੌਜ ਦੇ ਮੀਡੀਆ ਸੈੱਲ ਨੇ ਇਸ ਘਟਨਾ ਬਾਰੇ ਅਜੇ ਤਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਇਸ ਪ੍ਰਾਂਤ ਵਿੱਚ ਹੋਈ ਗੋਲੀਬਾਰੀ ਵਿੱਚ ਇਕ ਅਧਿਕਾਰੀ ਸਣੇ ਛੇ ਜਵਾਨ ਅਤੇ ਕਈ ਅਤਿਵਾਦੀ ਮਾਰੇ ਗਏ ਸਨ। ਹਮਲੇ ਦੀ ਜ਼ਿੰਮੇਵਾਰੀ ਟੀਟੀਪੀ ਨੇ ਲਈ ਸੀ। ਇਹ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ 2007 ਵਿੱਚ ਕਈ ਅਤਿਵਾਦੀ ਜਥੇਬੰਦੀਆਂ ਦੀ ਮੁੱਖ ਜਥੇਬੰਦੀ ਵਜੋਂ ਬਣਾਈ ਗਈ ਸੀ। ਪਾਕਿਸਤਾਨ ਸਰਕਾਰ ਕਈ ਵਾਰ ਦੋਸ਼ ਲਗਾ ਚੁੱਕੀ ਹੈ ਕਿ ਟੀਟੀਪੀ ਅਫ਼ਗਾਨਿਸਤਾਨ ’ਚੋਂ ਚਲਾਈ ਜਾਂਦੀ ਹੈ ਜਦਕਿ ਅਫ਼ਗਾਨ ਤਾਲਿਬਾਨ ਇਨ੍ਹਾਂ ਦੋਸ਼ਾਂ ਨੂੰ ਨਕਾਰਦੇ ਰਹੇ ਹਨ। -ਪੀਟੀਆਈ