ਦਹਿਸ਼ਤਗਰਦ ਸਲਮਾਨ ਨੂੰ ਰਵਾਂਡਾ ਤੋਂ ਭਾਰਤ ਲਿਆਂਦਾ
ਨਵੀਂ ਦਿੱਲੀ, 28 ਨਵੰਬਰ
ਸੀਬੀਆਈ ਅਤੇ ਕੌਮੀ ਜਾਂਚ ਏਜੰਸੀ ਨੇ ਇੱਕ ਸਾਂਝੀ ਮੁਹਿੰਮ ਵਿੱਚ ਦਹਿਸ਼ਤਗਰਦ ਜਥੇਬੰਦੀ ਲਸ਼ਕਰ-ਏ-ਤੋਇਬਾ ਦੇ ਇੱਕ ਮੈਂਬਰ ਨੂੰ ਰਵਾਂਡਾ ਤੋਂ ਭਾਰਤ ਲਿਆਂਦਾ ਹੈ ਜਿਸ ਖ਼ਿਲਾਫ਼ ਇੰਟਰਪੋਲ ਵੱਲੋਂ ਵੀ ਰੈੱਡ ਨੋਟਿਸ ਜਾਰੀ ਹੋ ਚੁੱਕਾ ਸੀ। ਸੀਬੀਆਈ ਦੇ ਬੁਲਾਰੇ ਨੇ ਦੱਸਿਆ,‘ਸੀਬੀਆਈ ਦੇ ਗਲੋਬਲ ਅਪਰੇਸ਼ਨਜ਼ ਸੈਂਟਰ ਨੇ ਐੱਨਆਈਏ ਤੇ ਇੰਟਰਪੋਲ ਨੈਸ਼ਨਲ ਸੈਂਟਰਲ ਬਿਓਰੋ (ਕਿਗਲੀ) ਨਾਲ ਸਾਂਝੀ ਮੁਹਿੰਮ ਤਹਿਤ ਕੰਮ ਕਰਦਿਆਂ ਐੱਨਆਈਏ ਨੂੰ ਅਤਿਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਲੋੜੀਂਦਾ ਸਲਮਾਨ ਰਹਿਮਾਨ ਖਾਨ ਰਵਾਂਡਾ ਤੋਂ ਭਾਰਤ ਲਿਆਉਣ ਵਾਸਤੇ ਮਿਲ ਕੇ ਕੰਮ ਕੀਤਾ। ਉਨ੍ਹਾਂ ਦੱਸਿਆ ਕਿ ਐੱਨਆਈਏ ਨੇ ਬੰਗਲੁਰੂ ਵਿੱਚ ਦਹਿਸ਼ਤੀ ਮਾਹੌਲ ਸਿਰਜਣ ਲਈ ਅਪਰਾਧਿਕ ਸਾਜਿਸ਼ ਦੇ ਦੋਸ਼ ਹੇਠ ਸਾਲ 2023 ਵਿੱਚ ਸਲਮਾਨ ਖਾਨ ਖ਼ਿਲਾਫ਼ ਇੱਕ ਕੇਸ ਦਰਜ ਕੀਤਾ ਸੀ। ਇਸੇ ਤਰ੍ਹਾਂ ਬੰਗਲੁਰੂ ਦੇ ਹੈਬਲ ਪੁਲੀਸ ਸਟੇਸ਼ਨ ਵਿੱਚ ਵੀ ਉਸ ਖ਼ਿਲਾਫ਼ ਐੱਫਆਈਆਰ ਦਰਜ ਹੋਈ ਸੀ। ਐੱਨਆਈਏ ਦੀ ਜਾਂਚ ਅਨੁਸਾਰ ਪੋਸਕੋ ਕੇਸ (ਸਾਲ 2018-2022) ਵਿੱਚ ਜੇਲ੍ਹ ਵਿੱਚ ਬੰਦ ਰਹੇ ਸਲਮਾਨ ਖਾਨ ਨੇ ਹੋਰ ਦਹਿਸ਼ਤਗਰਦਾਂ ਲਈ ਕਥਿਤ ਤੌਰ ’ਤੇ ਧਮਾਕਾਖੇਜ਼ ਸਮੱਗਰੀ ਵੰਡਣ ਤੇ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਪਹੁੰਚਾਉਣ ਵਿੱਚ ਮਦਦ ਕੀਤੀ ਸੀ। ਏਜੰਸੀ ਮੁਤਾਬਕ ਇੱਕ ਦਹਿਸ਼ਤੀ ਗਤੀਵਿਧੀ ਨੂੰ ਅੰਜਾਮ ਦੇਣ ਲਈ ਇੱਕ ਮਾਮਲੇ ਵਿੱਚ ਉਮਰ ਕੈਦ ਕੱਟ ਰਹੇ ਟੀ. ਨਸੀਰ ਨੇ ਜੇਲ੍ਹ ਵਿੱਚ ਰਹਿਣ ਦੇ ਸਮੇਂ ਦੌਰਾਨ ਸਲਮਾਨ ਨੂੰ ਕੱਟੜਪੰਥੀ ਵਿਚਾਰਧਾਰਾ ਅਪਨਾਉਣ ਲਈ ਪ੍ਰੇਰਿਤ ਕੀਤਾ ਤੇ ਜਥੇਬੰਦੀ ਵਿੱਚ ਭਰਤੀ ਕੀਤੀ। ਏਜੰਸੀ ਮੁਤਾਬਕ ਜਦੋਂ ਦਹਿਸ਼ਤੀ ਜਥੇਬੰਦੀ ਬਾਰੇ ਪਤਾ ਲੱਗਾ ਤਾਂ ਖਾਨ ਏਜੰਸੀਆਂ ਨੂੰ ਚਕਮਾ ਦੇ ਕੇ ਦੇਸ਼ ਤੋਂ ਭੱਜ ਗਿਆ ਸੀ। ਐੱਨਆਈਏ ਨੇ ਉਸ ਖਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ ਤੇ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਸੀ। -ਪੀਟੀਆਈ