For the best experience, open
https://m.punjabitribuneonline.com
on your mobile browser.
Advertisement

ਵਾਦੀ ’ਚ ਦਹਿਸ਼ਤੀ ਹਮਲੇ

08:05 AM May 20, 2024 IST
ਵਾਦੀ ’ਚ ਦਹਿਸ਼ਤੀ ਹਮਲੇ
Advertisement

ਬਾਰਾਮੂਲਾ ਲੋਕ ਸਭਾ ਹਲਕੇ ਵਿੱਚ ਚੋਣਾਂ ਤੋਂ ਪਹਿਲਾਂ ਸ਼ਨਿਚਰਵਾਰ ਰਾਤ ਅਤਿਵਾਦੀਆਂ ਨੇ ਸ਼ੋਪੀਆਂ ਵਿੱਚ ਸਾਬਕਾ ਸਰਪੰਚ ਅਤੇ ਅਨੰਤਨਾਗ ਵਿੱਚ ਰਾਜਸਥਾਨ ਦੇ ਸੈਲਾਨੀ ਜੋੜੇ ਨੂੰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਹਮਲਿਆਂ ਜਿਨ੍ਹਾਂ ਵਿੱਚ ਸਾਬਕਾ ਸਰਪੰਚ ਐਜਾਜ਼ ਸ਼ੇਖ ਦੀ ਜਾਨ ਚਲੀ ਗਈ ਹੈ ਤੇ ਸੈਰ-ਸਪਾਟੇ ਲਈ ਆਏ ਦੋ ਜਣੇ ਫੱਟੜ ਹੋ ਗਏ ਹਨ, ਨੇ ਇਸ ਪੱਖ ਤੋਂ ਸੁਰੱਖਿਆ ਬਲਾਂ ਲਈ ਸ਼ੱਕ ਦੀ ਕੋਈ ਗੁੰਜ਼ਾਇਸ਼ ਨਹੀਂ ਛੱਡੀ ਹੈ ਕਿ ਉਹ ਚੌਕਸੀ ਵਿੱਚ ਢਿੱਲ ਨਹੀਂ ਵਰਤ ਸਕਦੇ। ਇਹ ਹਿੰਸਾ ਸਪੱਸ਼ਟ ਤੌਰ ’ਤੇ ਕਸ਼ਮੀਰ ’ਚ ਚੁਣਾਵੀ ਪ੍ਰਕਿਰਿਆ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਹੈ। ਬਾਰਾਮੂਲਾ ਵਿਚ ਅੱਜ ਚੋਣ ਹੋ ਰਹੀ ਹੈ ਜਦੋਂਕਿ ਅਨੰਤਨਾਗ-ਰਾਜੌਰੀ ਸੀਟ ਉੱਤੇ ਵੋਟਾਂ 25 ਮਈ ਨੂੰ ਪੈਣਗੀਆਂ।
ਨੈਸ਼ਨਲ ਕਾਨਫਰੰਸ (ਐੱਨਸੀ), ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਨ੍ਹਾਂ ਹਮਲਿਆਂ ਦੀ ਨਿਖੇਧੀ ਕੀਤੀ ਹੈ। ਦੱਸਣਯੋਗ ਹੈ ਕਿ ਐਜਾਜ਼ ਸ਼ੇਖ ਭਾਰਤੀ ਜਨਤਾ ਪਾਰਟੀ ਨਾਲ ਜੁਡਿ਼ਆ ਹੋਇਆ ਸੀ ਜੋ ਵਾਦੀ ਵਿੱਚ ਚੋਣ ਨਹੀਂ ਲੜ ਰਹੀ। ਸ੍ਰੀਨਗਰ ਹਲਕੇ ਵਿੱਚ ਪਿਛਲੇ ਹਫ਼ਤੇ ਵੋਟਾਂ ਪਈਆਂ ਸਨ ਅਤੇ ਉੱਥੇ 36 ਪ੍ਰਤੀਸ਼ਤ ਪੋਲਿੰਗ ਹੋਈ ਸੀ। ਇਹ 2019 ਦੀ ਚੋਣ ਪ੍ਰਤੀਸ਼ਤ (14.4) ਨਾਲੋਂ ਕਾਫ਼ੀ ਵੱਧ ਹੈ। ਇਸ ਨਾਲ ਬਾਰਾਮੂਲਾ ਅਤੇ ਅਨੰਤਨਾਗ-ਰਾਜੌਰੀ ਹਲਕਿਆਂ ਵਿੱਚ ਵੀ ਵੋਟਰਾਂ ਤੋਂ ਚੰਗਾ ਹੁੰਗਾਰਾ ਮਿਲਣ ਦੀ ਆਸ ਬੱਝੀ। ਕੇਂਦਰ ਸਰਕਾਰ ਨੂੰ ਇਨ੍ਹਾਂ ਇਲਾਕਿਆਂ ਵਿੱਚ ਲਾਜ਼ਮੀ ਤੌਰ ’ਤੇ ਸੁਰੱਖਿਆ ਵਿੱਚ ਵਾਧਾ ਕਰਨਾ ਚਾਹੀਦਾ ਹੈ ਤਾਂ ਕਿ ਦਹਿਸ਼ਤਗਰਦ ਮੁਕਾਮੀ ਲੋਕਾਂ, ਸੈਲਾਨੀਆਂ, ਪਰਵਾਸੀ ਵਰਕਰਾਂ ਨੂੰ ਨਿਸ਼ਾਨਾ ਨਾ ਬਣਾ ਸਕਣ। ਲੋਕਾਂ ਨੂੰ ਬਿਨਾਂ ਕਿਸੇ ਭੈਅ ਤੋਂ ਵੋਟ ਪਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਕਿ ਇਹ ਨਿੱਗਰ ਸੁਨੇਹਾ ਮਿਲ ਸਕੇ ਕਿ ਜੰਮੂ ਤੇ ਕਸ਼ਮੀਰ ਆਮ ਹਾਲਾਤ ਵੱਲ ਵਧ ਰਿਹਾ ਹੈ। ਉਂਝ, ਇੱਥੇ ਇਕ ਸਵਾਲ ਕੇਂਦਰ ਸਰਕਾਰ ਲਈ ਵੀ ਹੈ। ਸਰਕਾਰ ਲਗਾਤਾਰ ਇਹ ਦਾਅਵਾ ਕਰ ਰਹੀ ਹੈ ਕਿ ਜੰਮੂ ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕਰਨ ਤੋਂ ਬਾਅਦ ਅਤਿਵਾਦ ਵੀ ਘਟਿਆ ਹੈ ਅਤੇ ਖਿੱਤਾ ਵਿਕਾਸ ਦੀ ਲੀਹ ਉੱਤੇ ਵੀ ਪੈ ਗਿਆ ਹੈ। ਜਦੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਹਕੀਕਤ ਕੁਝ ਹੋਰ ਜਾਪਦੀ ਹੈ। ਇਕ ਹੋਰ ਸਵਾਲ ਇਹ ਵੀ ਪੁੱਛਿਆ ਜਾ ਰਿਹਾ ਕਿ ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਖ਼ੁਦ ਵਾਦੀ ਵਿਚ ਚੋਣਾਂ ਲੜਨ ਤੋਂ ਪਾਸਾ ਕਿਉਂ ਵੱਟਿਆ ਹੈ?
ਦਹਿਸ਼ਤੀ ਹਮਲਿਆਂ ਨੂੰ ਕਸ਼ਮੀਰ ਦੇ ਦਿਲਚਸਪ ਚੁਣਾਵੀ ਮੁਕਾਬਲਿਆਂ ਨੂੰ ਫਿੱਕਾ ਨਹੀਂ ਪਾਉਣ ਦੇਣਾ ਚਾਹੀਦਾ। ਦਹਿਸ਼ਤੀ ਕਾਰਵਾਈਆਂ ਨੂੰ ਹਰ ਹੀਲੇ ਪਛਾੜਨਾ ਪਵੇਗਾ। ਹਾਲਾਂਕਿ ਬਾਰਾਮੂਲਾ ਵਿੱਚ ਮੁਕਾਬਲਾ ਮੁੱਖ ਤੌਰ ’ਤੇ ਸਾਬਕਾ ਮੁੱਖ ਮੰਤਰੀ ਤੇ ਐੱਨਸੀ ਉਮੀਦਵਾਰ ਉਮਰ ਅਬਦੁੱਲਾ ਅਤੇ ਪੀਪਲਜ਼ ਕਾਨਫਰੰਸ ਦੇ ਮੁਖੀ ਸਜਾਦ ਗ਼ਨੀ ਲੋਨ ਵਿਚਾਲੇ ਹੈ ਪਰ ਅਚਾਨਕ ਮੁਕਾਬਲੇ ਵਿੱਚ ਨਿੱਤਰੇ ਸ਼ੇਖ ਅਬਦੁਲ ਰਾਸ਼ਿਦ ਨੇ ਦੋਵਾਂ ਨੂੰ ਪੱਬਾਂ ਭਾਰ ਕੀਤਾ ਹੋਇਆ ਹੈ। ਇੰਜਨੀਅਰ ਰਾਸ਼ਿਦ ਵਜੋਂ ਜਾਣੇ ਜਾਂਦੇ ਸ਼ੇਖ ਅਬਦੁਲ ਰਾਸ਼ਿਦ ਨੂੰ 2019 ਵਿਚ ਧਾਰਾ 370 ਖ਼ਤਮ ਕੀਤੇ ਜਾਣ ਤੋਂ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਉਦੋਂ ਤੋਂ ਹੀ ਉਹ ਕੈਦ ਵਿੱਚ ਹਨ। ਰਾਸ਼ਿਦ ਸਿਆਸੀ ਤੌਰ ’ਤੇ ਅਨਾੜੀ ਨਹੀਂ ਹਨ: ਉਹ 2008 ਤੇ 2014 ਵਿਚ ਕੁਪਵਾੜਾ ਜਿ਼ਲ੍ਹੇ ਦੀ ਲੰਗੇਟ ਵਿਧਾਨ ਸਭਾ ਸੀਟ ਤੋਂ ਜਿੱਤ ਦਰਜ ਕਰ ਚੁੱਕੇ ਹਨ। ਹਲਕਾ ਹੱਦਬੰਦੀ ਮਗਰੋਂ ਅਨੰਤਨਾਗ-ਰਾਜੌਰੀ ਸੀਟ ਉੱਤੇ ਵੀ ਬਹੁਕੋਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਐੱਨਸੀ ਦੇ ਮੀਆਂ ਅਲਤਾਫ਼ ਅਹਿਮਦ ਅਤੇ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਪ੍ਰਾਪਤ ‘ਅਪਨੀ ਪਾਰਟੀ’ ਦੇ ਜ਼ਫਰ ਇਕਬਾਲ ਮਨਹਾਸ ਖਿ਼ਲਾਫ਼ ਚੋਣ ਲੜ ਰਹੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×