ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੰਮੂ ਕਸ਼ਮੀਰ ’ਚ ਅਤਿਵਾਦੀ ਹਮਲੇ

06:37 AM Jun 15, 2024 IST

ਜੰਮੂ ਕਸ਼ਮੀਰ ਵਿੱਚ ਉਪਰੋਥਲੀ ਅਤਿਵਾਦੀ ਹਮਲੇ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਧਿਕਾਰੀਆਂ ਨੂੰ ਇਹ ਕਹਿਣਾ ਪਿਆ ਹੈ ਕਿ ਦਹਿਸ਼ਤਵਾਦ ਵਿਰੋਧੀ ਸਮੱਰਥਾਵਾਂ ਨੂੰ ਪੂਰੀ ਤਰ੍ਹਾਂ ਅਮਲ ਵਿੱਚ ਲਿਆਂਦਾ ਜਾਵੇ। ਪਿਛਲੇ ਇੱਕ ਹਫ਼ਤੇ ਦੇ ਅੰਦਰ-ਅੰਦਰ ਅਤਿਵਾਦੀਆਂ ਨੇ ਰਿਆਸੀ, ਕਠੂਆ ਅਤੇ ਡੋਡਾ ਜ਼ਿਲ੍ਹਿਆਂ ਵਿੱਚ ਹਮਲੇ ਕੀਤੇ ਹਨ ਜਿਨ੍ਹਾਂ ਵਿੱਚ ਇੱਕ ਸੀਆਰਪੀਐੱਫ ਜਵਾਨ ਅਤੇ ਨੌਂ ਆਮ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਰਿਆਸੀ ਵਿੱਚ ਹੋਈ ਵਾਰਦਾਤ ਵਿੱਚ ਬੰਦੂਕਧਾਰੀਆਂ ਨੇ ਐਤਵਾਰ ਨੂੰ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਉਪਰ ਫਾਇਰਿੰਗ ਕੀਤੀ ਸੀ। ਉਸੇ ਦਿਨ ਕੇਂਦਰ ਵਿੱਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਚੱਲ ਰਿਹਾ ਸੀ। ਜੰਮੂ ਕਸ਼ਮੀਰ ਵਿੱਚ ਸੁਰੱਖਿਆ ਦੇ ਲਿਹਾਜ਼ ਤੋਂ ਚਿੰਤਾਜਨਕ ਹਾਲਾਤ ਬਣੇ ਹੋਏ ਹਨ ਜੋ ਕਿ ਕੇਂਦਰ ਸਰਕਾਰ ਲਈ ਵੱਡੀ ਚੁਣੌਤੀ ਬਣੇ ਹੋਏ ਹਨ। ਕੇਂਦਰ ਸਰਕਾਰ ਵੱਲੋਂ ਇਸ ਸਾਲ ਦੇ ਅੰਤ ਤੱਕ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਕਰਾਉਣ ਦੀ ਯੋਜਨਾ ਹੈ। ਮੋਦੀ ਸਰਕਾਰ ਨੇ 2019 ਵਿੱਚ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਖਤਮ ਕਰ ਕੇ ਇਸ ਨੂੰ ਦੋ ਕੇਂਦਰ ਸ਼ਾਸਿਤ ਇਕਾਈਆਂ ਵਿੱਚ ਤਬਦੀਲ ਕਰ ਦਿੱਤਾ ਸੀ। ਸਰਕਾਰ ਨੇ ਸੁਪਰੀਮ ਕੋਰਟ ਸਾਹਮਣੇ ਇਹ ਵਾਅਦਾ ਕੀਤਾ ਸੀ ਕਿ ਉਹ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰੇਗੀ ਅਤੇ ਇਸ ਦੇ ਨਾਲ ਹੀ ਇਸ ਇਲਾਕੇ ’ਚੋਂ ਹਥਿਆਰਬੰਦ ਦਸਤਿਆਂ ਦੇ ਵਿਸ਼ੇਸ਼ ਅਧਿਕਾਰਾਂ ਬਾਰੇ ਕਾਨੂੰਨ (ਅਫਸਪਾ) ਉੱਪਰ ਵੀ ਮੁੜ ਵਿਚਾਰ ਕਰੇਗੀ।
ਹਾਲ ਹੀ ਵਿੱਚ ਕਸ਼ਮੀਰ ਵਿੱਚ ਲੋਕ ਸਭਾ ਦੀਆਂ ਚੋਣਾਂ ਵਿੱਚ ਹੋਏ ਭਰਵੇਂ ਮਤਦਾਨ ਤੋਂ ਇਹ ਸਾਫ਼ ਸੰਦੇਸ਼ ਗਿਆ ਸੀ ਕਿ ਗੜਬੜਜ਼ਦਾ ਕਸ਼ਮੀਰ ਵਾਦੀ ਦੇ ਲੋਕਾਂ ਦਾ ਲੋਕਰਾਜੀ ਪ੍ਰਕਿਰਿਆ ਵਿੱਚ ਭਰੋਸਾ ਬਣਿਆ ਹੋਇਆ ਹੈ। ਉਂਝ, ਦਹਿਸ਼ਤਗਰਦ ਅਤੇ ਉਨ੍ਹਾਂ ਦੇ ਆਕਾ ਇਸ ਸੰਦੇਸ਼ ਦੀ ਵੁੱਕਤ ਘਟਾਉਣ ਲਈ ਹਿੰਸਾ ਦਾ ਚੱਕਰ ਤੇਜ਼ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪਾਕਿਸਤਾਨ ’ਤੇ ਆਪਣੇ ‘ਭਾੜੇ ਦੇ ਸੈਨਿਕਾਂ’ ਰਾਹੀਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸ਼ਾਂਤੀ ਭੰਗ ਕਰਨ ਦਾ ਦੋਸ਼ ਲਾਉਂਦਿਆਂ ਜੰਮੂ ਕਸ਼ਮੀਰ ਦੇ ਡੀਜੀਪੀ ਆਰਆਰ ਸਵੈਨ ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਦੇ ਸੁਰੱਖਿਆ ਬਲ ਦੁਸ਼ਮਣ ਨੂੰ ਮੂੰਹ-ਤੋੜ ਜਵਾਬ ਦੇਣਗੇ। ਉਨ੍ਹਾਂ ਦੁਸ਼ਮਣ ਗੁਆਂਢੀ ਦੇ ਮੁਕਾਮੀ ਏਜੰਟਾਂ ਨੂੰ ਵੀ ਦਹਿਸ਼ਤਗਰਦਾਂ ਦਾ ਸਾਥ ਨਾ ਦੇਣ ਦੀ ਚਿਤਾਵਨੀ ਦਿੱਤੀ ਹੈ। ਸਥਾਨਕ ਪੱਧਰ ’ਤੇ ਮਿਲਦੀ ਇਸ ਮਦਦ ਆਸਰੇ ਹੀ ਘੁਸਪੈਠੀਏ ਸਰਹੱਦ ਲੰਘ ਕੇ ਆਰਾਮ ਨਾਲ ਦਹਿਸ਼ਤੀ ਹਮਲਿਆਂ ਨੂੰ ਅੰਜਾਮ ਦਿੰਦੇ ਹਨ।
ਇਨ੍ਹਾਂ ਹਮਲਿਆਂ ਵਿਚਕਾਰ ਹੀ ਕੌਮੀ ਸੁਰੱਖਿਆ ਸਲਾਹਕਾਰ ਵਜੋਂ ਅਜੀਤ ਡੋਵਾਲ ਦੀ ਮੁੜ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਦੋ ਵੱਡੇ ਅਤਿਵਾਦ ਵਿਰੋਧੀ ਅਪਰੇਸ਼ਨਾਂ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ -ਜਿਨ੍ਹਾਂ ’ਚ 2016 ਦੇ ਉੜੀ ਹਮਲੇ ਤੋਂ ਬਾਅਦ ਮਕਬੂਜ਼ਾ ਕਸ਼ਮੀਰ ’ਚ ਕੀਤੀ ਗਈ ਸਰਜੀਕਲ ਸਟ੍ਰਾਈਕ ਅਤੇ 2019 ਦੇ ਪੁਲਵਾਮਾ ਆਤਮਘਾਤੀ ਬੰਬ ਧਮਾਕੇ ਮਗਰੋਂ ਕੀਤੇ ਗਏ ਬਾਲਾਕੋਟ ਹਵਾਈ ਹਮਲੇ ਸ਼ਾਮਿਲ ਹਨ। ਵਰਤਮਾਨ ਸਥਿਤੀ ਨਾਲ ਸਖ਼ਤੀ ਤੇ ਤਾਕਤ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਦੀ ਮਦਦ ਕਰਨ ਵਾਸਤੇ ਡੋਵਾਲ ਨੂੰ ਸੱਦਿਆ ਜਾਵੇਗਾ। ਸਾਰੀਆਂ ਨਜ਼ਰਾਂ ਭਾਰਤ ਦੇ ਫੌਜੀ ਤੇ ਕੂਟਨੀਤਕ ਜਵਾਬ ਉੱਤੇ ਟਿਕੀਆਂ ਹੋਣਗੀਆਂ।

Advertisement

Advertisement
Advertisement