ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਹਿਸ਼ਤਗਰਦੀ ਹਮਲਾ

06:23 AM Aug 01, 2023 IST

ਐਤਵਾਰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬਜੌਰ ਜ਼ਿਲ੍ਹੇ ਵਿਚ ਜਮੀਅਤ ਉਲੇਮਾ-ਏ-ਇਸਲਾਮ ਫ਼ਜ਼ਲ (ਜੇਯੂਆਈ-ਐੱਫ) ਦੇ ਸਮਾਗਮ ਵਿਚ ਆਤਮਘਾਤੀ ਬੰਬ ਧਮਾਕੇ ਕਾਰਨ 45 ਤੋਂ ਜ਼ਿਆਦਾ ਲੋਕ ਮਾਰੇ ਗਏ ਅਤੇ 200 ਤੋਂ ਵੱਧ ਜ਼ਖ਼ਮੀ ਹੋਏ। ਇਸ ਜ਼ਿਲ੍ਹੇ ਦੀ ਸਰਹੱਦ ਅਫ਼ਗਾਨਿਸਤਾਨ ਦੇ ਨਾਲ ਲੱਗਦੀ ਹੈ। ਪਾਕਿਸਤਾਨੀ ਪੁਲੀਸ ਦਾ ਕਹਿਣਾ ਹੈ ਕਿ ਇਸ ਹਮਲੇ ਵਿਚ ਦਹਿਸ਼ਤਗਰਦ ਜਥੇਬੰਦੀ ਇਸਲਾਮਿਕ ਸਟੇਟ ਦਾ ਹੱਥ ਹੋਣ ਦਾ ਸ਼ੱਕ ਹੈ। ਇਹ ਹਮਲਾ ਇਸ ਪੱਖ ਤੋਂ ਮਹੱਤਵਪੂਰਨ ਹੈ ਕਿ ਜੇਯੂਆਈ-ਐੱਫ ਪਾਕਿਸਤਾਨ ਵਿਚ ਸੱਤਾਧਾਰੀ ਗੱਠਜੋੜ ਪਾਕਿਸਤਾਨ ਜਮਹੂਰੀ ਲਹਿਰ ਦਾ ਹਿੱਸਾ ਹੈ ਅਤੇ ਪਾਰਟੀ ਦਾ ਪ੍ਰਧਾਨ ਫ਼ਜ਼ਲ-ਉਰ-ਰਹਿਮਾਨ ਗੱਠਜੋੜ ਦਾ ਪ੍ਰਧਾਨ ਹੈ। ਬਜੌਰ ਦਹਿਸ਼ਤਗਰਦੀ ਦਾ ਪੁਰਾਣਾ ਕੇਂਦਰ ਹੈ। 2006 ਵਿਚ ਅਮਰੀਕਾ ਦੁਆਰਾ ਇੱਥੇ ਕੀਤੇ ਹਮਲੇ ਵਿਚ ਔਰਤਾਂ ਤੇ ਬੱਚੇ ਵੀ ਮਾਰੇ ਗਏ ਸਨ। ਉਸ ਹਮਲੇ ਤੋਂ ਬਾਅਦ ਇੱਥੇ ਵਿਦਰੋਹ ਹੋਇਆ ਜਿਸ ਨੂੰ ਪਾਕਿਸਤਾਨੀ ਫ਼ੌਜ ਨੇ ਵੱਡੇ ਖ਼ੂਨ-ਖਰਾਬੇ ਤੋਂ ਬਾਅਦ ਦਬਾਇਆ। ਪਾਕਿਸਤਾਨ ਦੀ ਗ੍ਰਹਿ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਟਿੱਪਣੀ ਕੀਤੀ ਹੈ, ‘‘ਦਹਿਸ਼ਤਗਰਦਾਂ ਦਾ ਧਰਮ ਸਿਰਫ਼ ਦਹਿਸ਼ਤਗਰਦੀ ਹੈ।’’ ਇਹ ਵੀ ਲਿਖਿਆ ਹੈ, ‘‘ਪਾਕਿਸਤਾਨ ਨੂੰ ਇਕੱਠੇ ਤੇ ਬਚਾਈ ਰੱਖਣ ਲਈ ਦਹਿਸ਼ਤਗਰਦੀ ਦਾ ਖ਼ਾਤਮਾ ਅਹਿਮ ਹੈ।’’
ਪਾਕਿਸਤਾਨ ਦਹਾਕਿਆਂ ਤੋਂ ਦਹਿਸ਼ਤਗਰਦੀ ਦੀ ਫਸਲ ਉਗਾਉਂਦਾ ਰਿਹਾ ਹੈ। ਪਹਿਲਾਂ ਤਾਂ ਇਹ ਦਹਿਸ਼ਤਗਰਦ ਅਫ਼ਗਾਨਿਸਤਾਨ ਅਤੇ ਜੰਮੂ ਕਸ਼ਮੀਰ ਵਿਚ ਅਤਿਵਾਦੀ ਕਾਰਵਾਈਆਂ ਕਰਦੇ ਰਹੇ ਪਰ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਨੇ ਪਾਕਿਸਤਾਨੀ ਫ਼ੌਜ, ਪੁਲੀਸ ਤੇ ਲੋਕਾਂ ’ਤੇ ਨਿਸ਼ਾਨਾ ਸਾਧਿਆ ਹੈ। ਪਾਕਿਸਤਾਨ ਵਿਚ ਕੱਟੜਤਾ ਸਿਰਫ਼ ਦਹਿਸ਼ਗਰਦ ਜਥੇਬੰਦੀਆਂ ਤਕ ਸੀਮਤ ਨਹੀਂ ਸਗੋਂ ਇਹ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦਾ ਵਿਚਾਰਧਾਰਕ ਆਧਾਰ ਵੀ ਹੈ। ਜਮੀਅਤ ਉਲੇਮਾ-ਏ-ਇਸਲਾਮ 1919 ਵਿਚ ਬਣੀ ਦਿਓਬੰਦੀ ਮੁਸਲਮਾਨਾਂ ਦੀ ਜਥੇਬੰਦੀ ਸੀ ਜਿਹੜੀ ਅੰਗਰੇਜ਼ੀ ਰਾਜ ਦੇ ਵਿਰੁੱਧ ਅਤੇ ਭਾਰਤ ਦੀ ਏਕਤਾ ਦੀ ਹਮਾਇਤੀ ਸੀ। 1945 ਵਿਚ ਪਾਕਿਸਤਾਨ ਦੀ ਹਮਾਇਤ ਕਰਨ ਵਾਲੇ ਵਿਦਵਾਨਾਂ ਅਤੇ ਕਾਰਕੁਨਾਂ ਨੇ ਆਪਣੀ ਵੱਖਰੀ ਪਾਰਟੀ ਬਣਾਈ। ਇਸ ਵਿਚ ਕਈ ਵਾਰ ਫੁੱਟ ਪਈ ਪਰ ਬਲੋਚਿਸਤਾਨ ਅਤੇ ਪਖਤੂਨਖਵਾ ਵਿਚ ਇਸ ਦਾ ਆਧਾਰ ਵਧਿਆ। 1980ਵਿਆਂ ਵਿਚ ਇਸ ਨੇ ਤਤਕਾਲੀਨ ਰਾਸ਼ਟਰਪਤੀ ਅਤੇ ਫ਼ੌਜੀ ਹਾਕਮ ਜ਼ਿਆ-ਉਲ-ਹੱਕ ਦੀਆਂ ਨੀਤੀਆਂ ਦੀ ਹਮਾਇਤ ਕੀਤੀ। ਉਸ ਸਮੇਂ ਸੋਵੀਅਤ ਯੂਨੀਅਨ ਨੇ ਅਫ਼ਗਾਨਿਸਤਾਨ ਵਿਚ ਫ਼ੌਜਾਂ ਭੇਜੀਆਂ ਸਨ। ਜ਼ਿਆ-ਉਲ-ਹੱਕ ਨੇ ਅਮਰੀਕਾ ਤੇ ਸਾਊਦੀ ਅਰਬ ਦੇ ਕਹਿਣ ’ਤੇ ਦੇਸ਼ ਵਿਚ ਸੈਂਕੜੇ ਮਦਰੱਸੇ ਖੋਲ੍ਹੇ ਜਿੱਥੇ ਸੋਵੀਅਤ ਯੂਨੀਅਨ ਵਿਰੁੱਧ ਲੜਨ ਵਾਲੇ ਜਹਾਦੀਆਂ ਨੂੰ ਤਿਆਰ ਕੀਤਾ ਗਿਆ। ਜਮੀਅਤ ਨੇ ਇਨ੍ਹਾਂ ਨੀਤੀਆਂ ਦੀ ਭਰਪੂਰ ਹਮਾਇਤ ਕੀਤੀ। 1988 ਵਿਚ ਪਈ ਫੁੱਟ ਤੋਂ ਬਾਅਦ ਮੌਲਾਨਾ ਫ਼ਜ਼ਲ-ਉਰ-ਰਹਿਮਾਨ ਅਤੇ ਸਮੀਉਲ ਹੱਕ ਜਮੀਅਤ ਦੀਆਂ ਵਿਰੋਧੀ ਧਿਰਾਂ ਦੇ ਮੁੱਖ ਆਗੂ ਬਣ ਕੇ ਉੱਭਰੇ।
ਜਮੀਅਤ ਉਲੇਮਾ-ਏ-ਇਸਲਾਮ ਸਮੀਉਲ ਦਾ ਪ੍ਰਭਾਵ ਸੀਮਤ ਹੈ ਜਦੋਂਕਿ ਫ਼ਜ਼ਲ-ਉਰ-ਰਹਿਮਾਨ ਵਾਲੀ ਧਿਰ ਬਲੋਚਿਸਤਾਨ ਅਤੇ ਪਖਤੂਨਖਵਾ ਵਿਚ ਪ੍ਰਭਾਵਸ਼ਾਲੀ ਹੈ। ਦੋਵੇਂ ਧਿਰਾਂ ਦਹਿਸ਼ਤਗਰਦ ਜਥੇਬੰਦੀਆਂ ਜਿਨ੍ਹਾਂ ਵਿਚ ਹਰਕਤ-ਉਲ-ਮੁਜਾਹਿਦੀਨ ਅਤੇ ਜੈਸ਼-ਏ-ਮੁਹੰਮਦ ਸ਼ਾਮਲ ਹਨ, ਦੀ ਹਮਾਇਤ ਕਰਦੀਆਂ ਰਹੀਆਂ ਹਨ। ਦਹਿਸ਼ਤਗਰਦ ਜਥੇਬੰਦੀਆਂ ਵਿਚ ਆਪਸੀ ਮੁਕਾਬਲਾ ਏਨਾ ਵਧਿਆ ਹੈ ਕਿ ਹਰ ਜਥੇਬੰਦੀ ਦੂਸਰੀ ਜਥੇਬੰਦੀ ਤੋਂ ਜ਼ਿਆਦਾ ਖ਼ੂਨ-ਖਰਾਬਾ ਕਰ ਕੇ ਆਪਣੇ ਆਪ ਨੂੰ ਵੱਧ ਧਾਰਮਿਕ ਦੱਸਣਾ ਚਾਹੁੰਦੀ ਹੈ। ਪਾਕਿਸਤਾਨ ਵਿਚ ਕਈ ਦਹਿਸ਼ਤਗਰਦ ਜਥੇਬੰਦੀਆਂ ਸਰਗਰਮ ਹਨ ਜਿਨ੍ਹਾਂ ਵਿਚੋਂ ਮੁੱਖ ਤਹਿਰੀਕ-ਏ-ਤਾਲਬਿਾਨ ਪਾਕਿਸਤਾਨ ਅਤੇ ਇਸਲਾਮਿਕ ਸਟੇਟ ਆਫ ਇਰਾਕ ਐਂਡ ਲੇਵੇਂਟ (ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ) ਪ੍ਰਮੁੱਖ ਹਨ। ਇਸਲਾਮਿਕ ਸਟੇਟ ਨੇ ਸੀਰੀਆ, ਇਰਾਕ ਅਤੇ ਕਈ ਹੋਰ ਮੁਲਕਾਂ ਵਿਚ ਹੌਲਨਾਕ ਜ਼ੁਲਮ ਕੀਤੇ ਹਨ; ਪਾਕਿਸਤਾਨ ਵਿਚ ਇਸ ਜਥੇਬੰਦੀ ਦਾ ਆਧਾਰ ਪਾਕਿਸਤਾਨ ਦੇ ਪਠਾਣਾਂ ਵਿਚ ਹੈ। ਇਕ-ਦੂਸਰੇ ਨਾਲ ਲੜਨ ਦੇ ਨਾਲ ਨਾਲ ਇਹ ਦੋਵੇਂ ਜਥੇਬੰਦੀਆਂ ਪਾਕਿਸਤਾਨ ਦੀ ਫ਼ੌਜ, ਪੁਲੀਸ ਤੇ ਸਿਆਸੀ ਪਾਰਟੀਆਂ ਵਿਰੁੱਧ ਲਗਾਤਾਰ ਹਿੰਸਾ ਕਰ ਰਹੀਆਂ ਹਨ। ਜਨਵਰੀ ਤੇ ਫਰਵਰੀ ਵਿਚ ਦੋ ਅਜਿਹੀਆਂ ਘਟਨਾਵਾਂ ਵਿਚ ਪੇਸ਼ਾਵਰ ਦੀਆਂ ਦੋ ਮਸਜਿਦਾਂ ਵਿਚ ਹੋਏ ਬੰਬ ਧਮਾਕਿਆਂ ਕਾਰਨ ਕ੍ਰਮਵਾਰ 74 ਤੇ 100 ਲੋਕ ਮਾਰੇ ਗਏ ਸਨ। ਪਾਕਿਸਤਾਨ ਇਸ ਸਮੇਂ ਧਰਮ ਆਧਾਰਿਤ ਹਿੰਸਾ ਦੀ ਗ੍ਰਿਫ਼ਤ ਵਿਚ ਹੈ। ਫ਼ੌਜ ਤੇ ਪੁਲੀਸ ਦਹਿਸ਼ਤਗਰਦ ਜਥੇਬੰਦੀਆਂ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਕਰਨ ਤੋਂ ਅਸਮਰੱਥ ਹਨ। ਇਨ੍ਹਾਂ ਜਥੇਬੰਦੀਆਂ ਨੂੰ ਕੱਟੜਪੰਥੀ ਮੁਲਾਣਿਆਂ ਦੀ ਹਮਾਇਤ ਹਾਸਲ ਹੈ। ਅਜਿਹੀਆਂ ਕਾਰਵਾਈਆਂ ਕਾਰਨ ਪਾਕਿਸਤਾਨ ਨਾ ਸਿਰਫ਼ ਸਿਆਸੀ ਅਸਥਿਰਤਾ ਦਾ ਸ਼ਿਕਾਰ ਹੈ, ਆਮ ਲੋਕਾਂ ਦਾ ਜੀਵਨ ਵੀ ਮੁਸ਼ਕਿਲਾਂ ਨਾਲ ਭਰਿਆ ਹੋਇਆ ਹੈ। ਮਹਿੰਗਾਈ ਤੇ ਬੇਰੁਜ਼ਗਾਰੀ ਸਿਖਰ ’ਤੇ ਹਨ, ਦੇਸ਼ ਦੀਵਾਲੀਆ ਹੋਣ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਿੰਦੂ, ਸਿੱਖ ਤੇ ਈਸਾਈ ਘੱਟ ਗਿਣਤੀਆਂ ਅਤੇ ਸ਼ੀਆ ਤੇ ਅਹਿਮਦੀਆ ਫ਼ਿਰਕਿਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਸਮਾਂ ਪਾਕਿਸਤਾਨ ਸਰਕਾਰ ਅਤੇ ਫ਼ੌਜ ਲਈ ਇਮਤਿਹਾਨ ਦੀ ਘੜੀ ਹੈ।

Advertisement

Advertisement
Advertisement