For the best experience, open
https://m.punjabitribuneonline.com
on your mobile browser.
Advertisement

ਮਾਸਕੋ ’ਚ ਸੰਗੀਤ ਸਮਾਗਮ ਵਾਲੀ ਥਾਂ ’ਤੇ ਦਹਿਸ਼ਤੀ ਹਮਲਾ, 143 ਮੌਤਾਂ

08:33 AM Mar 24, 2024 IST
ਮਾਸਕੋ ’ਚ ਸੰਗੀਤ ਸਮਾਗਮ ਵਾਲੀ ਥਾਂ ’ਤੇ ਦਹਿਸ਼ਤੀ ਹਮਲਾ  143 ਮੌਤਾਂ
ਮਾਸਕੋ ਦੇ ਕ੍ਰੋਕਸ ਸਿਟੀ ਹਾਲ ਅੰਦਰ ਬਚਾਅ ਕਾਰਜਾਂ ’ਚ ਜੁਟੇ ਹੋਏ ਕਰਮਚਾਰੀ। -ਫੋਟੋ: ਪੀਟੀਆਈ
Advertisement

ਮਾਸਕੋ, 23 ਮਾਰਚ
ਰੂਸ ਦੀ ਰਾਜਧਾਨੀ ਮਾਸਕੋ ਦੇ ਇਕ ਕੰਸਰਟ ਹਾਲ (ਸੰਗੀਤ ਪ੍ਰੋਗਰਾਮ ਵਾਲ ਥਾਂ) ’ਤੇ ਕੁਝ ਬੰਦੂਕਧਾਰੀਆਂ ਵੱਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ’ਚ 143 ਵਿਅਕਤੀ ਮਾਰੇ ਗਏ ਹਨ। ਰੂਸੀ ਅਧਿਕਾਰੀਆਂ ਨੇ ਕਿਹਾ ਕਿ ਚਾਰ ਹਮਲਾਵਰਾਂ ਸਮੇਤ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਮਲੇ ਮਗਰੋਂ ਕ੍ਰੋਕਸ ਸਿਟੀ ਹਾਲ ਨੂੰ ਅੱਗ ਲੱਗ ਗਈ। ਰੂਸੀ ਏਜੰਸੀਆਂ ਨੂੰ ਸ਼ੱਕ ਹੈ ਕਿ ਹਮਲੇ ਪਿੱਛੇ ਯੂਕਰੇਨ ਦਾ ਹੱਥ ਹੈ ਹਾਲਾਂਕਿ ਇਸਲਾਮਿਕ ਸਟੇਟ ਦੇ ਅਤਿਵਾਦੀ ਗੁੱਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਂਜ ਇਕ ਅਮਰੀਕੀ ਖ਼ੁਫ਼ੀਆ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਹਮਲੇ ਪਿੱਛੇ ਜਹਾਦੀ ਗੁੱਟ ਹੀ ਜ਼ਿੰਮੇਵਾਰ ਹੈ। ਰੂਸ ’ਚ ਇਹ ਪਿਛਲੇ ਦੋ ਦਹਾਕਿਆਂ ’ਚ ਹੋਇਆ ਸਭ ਤੋਂ ਭਿਆਨਕ ਅਤਿਵਾਦੀ ਹਮਲਾ ਮੰਨਿਆ ਜਾ ਰਿਹਾ ਹੈ। ਰੂਸੀ ਜਾਂਚ ਕਮੇਟੀ ਨੇ ਕਿਹਾ ਕਿ ਚਾਰ ਹਮਲਾਵਰ ਪੱਛਮੀ ਰੂਸ ਦੇ ਬ੍ਰਿਯਾਂਸਕ ਖ਼ਿੱਤੇ ’ਚ ਛੁਪ ਗਏ ਸਨ ਜੋ ਯੂਕਰੇਨ ਦੀ ਸਰਹੱਦ ਤੋਂ ਬਹੁਤੀ ਦੂਰ ਨਹੀਂ ਹੈ। ਰੂਸੀ ਖ਼ਬਰ ਏਜੰਸੀ ਤਾਸ ਮੁਤਾਬਕ ਫੜੇ ਗਏ ਵਿਅਕਤੀ ਸਰਹੱਦ ਪਾਰ ਕਰਕੇ ਯੂਕਰੇਨ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ’ਚ ਸਨ ਜਿਥੇ ਉਨ੍ਹਾਂ ਦੇ ਸੰਪਰਕ ਹਨ। ਰੂਸੀ ਫੈਡਰਲ ਸੁਰੱਖਿਆ ਸੇਵਾ ਐੱਫਐੱਸਬੀ ਦੇ ਮੁਖੀ ਨੇ ਗ੍ਰਿਫ਼ਤਾਰੀਆਂ ਬਾਰੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਜਾਣਕਾਰੀ ਦਿੱਤੀ ਹੈ। ਇਹ ਹਮਲਾ ਉਦੋਂ ਹੋਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਪੂਤਿਨ ਨੇ ਰਾਸ਼ਟਰਪਤੀ ਚੋਣਾਂ ’ਚ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਹੈ। ਹਮਲੇ ਦੇ ਥੋੜੀ ਦੇਰ ਬਾਅਦ ਹੀ ਕੁਝ ਰੂਸੀ ਕਾਨੂੰਨਸਾਜ਼ਾਂ ਨੇ ਯੂਕਰੇਨ ਵੱਲ ਉਂਗਲ ਚੁੱਕੀ। ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਦੇ ਸਲਾਹਕਾਰ ਮਿਖਾਈਲੋ ਪੋਡੋਲਯਾਕ ਨੇ ਹਮਲੇ ’ਚ ਕਿਸੇ ਵੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
ਉਸ ਨੇ ‘ਐਕਸ’ ’ਤੇ ਕਿਹਾ ਕਿ ਯੂਕਰੇਨ ਅਤਿਵਾਦੀ ਢੰਗ-ਤਰੀਕਿਆਂ ਦੀ ਕਦੇ ਵੀ ਵਰਤੋਂ ਨਹੀਂ ਕਰਦਾ ਹੈ ਅਤੇ ਇਸ ਜੰਗ ’ਚ ਸਾਰਾ ਕੁਝ ਜੰਗ ਦੇ ਮੈਦਾਨ ’ਚ ਹੀ ਤੈਅ ਹੋਵੇਗਾ। ਸੋਸ਼ਲ ਮੀਡੀਆ ’ਤੇ ਨਸ਼ਰ ਹੋ ਰਹੇ ਵੀਡੀਓਜ਼ ’ਚ ਬੰਦੂਕਧਾਰੀ ਆਮ ਲੋਕਾਂ ਨੂੰ ਐਨ ਨੇੜਿਉਂ ਗੋਲੀਆਂ ਮਾਰਦੇ ਦਿਖਾਈ ਦੇ ਰਹੇ ਹਨ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ ਘਿਨਾਉਣੇ ਅਤੇ ਕਾਇਰਾਨਾ ਦਹਿਸ਼ਤੀ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਸਾਜ਼ਿਸ਼ਘਾੜਿਆਂ ਨੂੰ ਜਵਾਹਦੇਹ ਠਹਿਰਾਉਣ ਦੀ ਲੋੜ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਵੀ ਅਤਿਵਾਦੀ ਹਮਲੇ ਦੀ ਨਿਖੇਧੀ ਕੀਤੀ ਹੈ। -ਏਪੀ

Advertisement

ਹਮਲੇ ਦੇ ਸਾਜ਼ਿਸ਼ਘਾੜਿਆਂ ਨੂੰ ਸਖ਼ਤ ਸਜ਼ਾਵਾਂ ਦੇਵਾਂਗੇ: ਪੂਤਿਨ

ਮਾਸਕੋ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਕੰਸਰਟ ਹਾਲ ’ਚ ਕੀਤੇ ਗਏ ਹਮਲੇ ਦੇ ਸਾਜ਼ਿਸ਼ਘਾੜਿਆਂ ਨੂੰ ਬੇਨਕਾਬ ਕਰਕੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਹਮਲੇ ਪਿੱਛੇ ਯੂਕਰੇਨ ਦਾ ਹੱਥ ਸੀ। ਪੂਤਿਨ ਨੇ ਕਿਹਾ ਕਿ ਚਾਰ ਹਮਲਾਵਰਾਂ ਸਣੇ 11 ਵਿਅਕਤੀ ਯੂਕਰੇਨ ਭੱਜਣ ਦੀ ਫਿਰਾਕ ’ਚ ਸਨ ਅਤੇ ਉਨ੍ਹਾਂ ਨੂੰ ਫੜ ਲਿਆ ਗਿਆ ਹੈ। ਉਨ੍ਹਾਂ ਐਤਵਾਰ ਨੂੰ ਕੌਮੀ ਸੋਗ ਦਾ ਐਲਾਨ ਕੀਤਾ ਹੈ। -ਏਪੀ

ਮੋਦੀ ਤੇ ਖੜਗੇ ਵੱਲੋਂ ਹਮਲੇ ਦੀ ਨਿਖੇਧੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਾਸਕੋ ’ਚ ਹੋਏ ਦਹਿਸ਼ਤੀ ਹਮਲੇ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੁੱਖ ਦੀ ਇਸ ਘੜੀ ’ਚ ਰੂਸੀ ਸਰਕਾਰ ਅਤੇ ਉਥੋਂ ਦੇ ਲੋਕਾਂ ਨਾਲ ਡਟ ਕੇ ਖੜ੍ਹਾ ਹੈ। ਖੜਗੇ ਨੇ ਕਿਹਾ ਕਿ ਕਾਂਗਰਸ ਬੇਕਸੂਰ ਲੋਕਾਂ ’ਤੇ ਹੋਏ ਹਮਲੇ ਦੀ ਤਿੱਖੀ ਨਿੰਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਅਤਿਵਾਦ ਮਨੁੱਖਤਾ ਅਤੇ ਸ਼ਾਂਤੀ ਲਈ ਸਭ ਤੋਂ ਵੱਡਾ ਖ਼ਤਰਾ ਹੈ। ਖੜਗੇ ਨੇ ਕਿਹਾ ਕਿ ਉਹ ਅਫ਼ਸੋਸ ਦੇ ਸਮੇਂ ’ਚ ਰੂਸ ਦੇ ਲੋਕਾਂ ਅਤੇ ਰੂਸੀ ਫੈਡਰੇਸ਼ਨ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×