ਖ਼ੈਬਰ ਪਖ਼ਤੂਨਖਵਾ ’ਚ ਅਤਿਵਾਦੀ ਹਮਲਾ; 50 ਹਲਾਕ
ਪਿਸ਼ਾਵਰ, 21 ਨਵੰਬਰ
ਪਾਕਿਸਤਾਨ ਦੇ ਖੈ਼ਬਰ ਪਖ਼ਤੂਨਖਵਾ ਸੂਬੇ ਵਿੱਚ ਅੱਜ ਅਤਿਵਾਦੀਆਂ ਨੇ ਯਾਤਰੀਆਂ ਨੂੰ ਲਿਜਾ ਰਹੇ ਤਿੰਨ ਵਾਹਨਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ, ਜਿਸ ਵਿੱਚ ਘੱਟੋ-ਘੱਟ 50 ਜਣਿਆਂ ਦੀ ਮੌਤ ਹੋ ਗਈ, ਜਦਕਿ 20 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀਆਂ ਨੇ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਸੂਬੇ ਦੇ ਕੁਰਰਮ ਜ਼ਿਲ੍ਹੇ ਵਿੱਚ ਵਾਹਨਾਂ ’ਤੇ ਘਾਤ ਲਗਾ ਕੇ ਹਮਲਾ ਕੀਤਾ। ਉਨ੍ਹਾਂ ਦੱਸਿਆ ਕਿ ਇਹ ਵਾਹਨ ਪਾਰਾਚਿਨਾਰ ਤੋਂ ਖੈ਼ਬਰ ਪਖ਼ਤੂਨਖਵਾ ਦੀ ਰਾਜਧਾਨੀ ਪਿਸ਼ਾਵਰ ਵੱਲ ਆ ਰਹੇ ਸੀ, ਜਦੋਂ ਬੰਦੂਕਧਾਰੀਆਂ ਨੇ ਉਨ੍ਹਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜ਼ਿਲ੍ਹਾ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਵਿੱਚ ਛੇ ਮਹਿਲਾਵਾਂ ਅਤੇ ਤਿੰਨ ਬੱਚਿਆਂ ਸਣੇ 50 ਜਣਿਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ।
ਇੱਕ ਸਥਾਨਕ ਪੱਤਰਕਾਰ ਨੇ ਦੱਸਿਆ ਕਿ ਤਾਲਿਬਾਨ ਦੇ ਪ੍ਰਭਾਵ ਵਾਲੇ ਇਲਾਕੇ ’ਚ ਵਾਹਨਾਂ ’ਤੇ ਘਾਤ ਲਗਾ ਕੇ ਹਮਲਾ ਕੀਤਾ ਗਿਆ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਖ਼ਾਨ ਗੰਡਾਪੁਰ ਨੇ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਸੂਬੇ ਦੇ ਕਾਨੂੰਨ ਮੰਤਰੀ, ਇਲਾਕੇ ਸੰਸਦ ਮੈਂਬਰਾਂ ਅਤੇ ਮੁੱਖ ਸਕੱਤਰ ਦੇ ਇੱਕ ਵਫ਼ਦ ਨੂੰ ਸਥਿਤੀ ਦਾ ਜਾਇਜ਼ਾ ਲੈਣ ਅਤੇ ਰਿਪੋਰਟ ਸੌਂਪਣ ਲਈ ਤੁਰੰਤ ਕੁਰਰਮ ਜਾਣ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਸੂਬੇ ਦੀਆਂ ਸਾਰੀਆਂ ਸੜਕਾਂ ’ਤੇ ਸੁਰੱਖਿਆ ਵਧਾਉਣ ਲਈ ਇੱਕ ਸੂਬਾਈ ਰਾਜਮਾਰਗ ਪੁਲੀਸ ਇਕਾਈ ਬਣਾਉਣ ਦਾ ਵੀ ਨਿਰਦੇਸ਼ ਦਿੱਤਾ।
ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, ‘‘ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਬੇਹੱਦ ਮੰਦਭਾਗਾ ਹੈ। ਇਸ ਵਾਰਦਾਤ ਵਿੱਚ ਸ਼ਾਮਲ ਲੋਕ ਕਾਨੂੰਨ ਤੋਂ ਬਚ ਨਹੀਂ ਸਕਣਗੇ।’’ -ਪੀਟੀਆਈ