ਜੰਮੂ ਕਸ਼ਮੀਰ ’ਚ ਦਹਿਸ਼ਤਗਰਦੀ
ਜੰਮੂ ਕਸ਼ਮੀਰ ਲਈ ਨਵਾਂ ਸਾਲ ਦੁਖਦ ਘਟਨਾਵਾਂ ਨਾਲ ਚੜ੍ਹਿਆ ਹੈ। ਨਵੇਂ ਸਾਲ ਦੇ ਪਹਿਲੇ ਹੀ ਦਿਨ ਦੀ ਸ਼ਾਮ ਵੇਲੇ ਦਹਿਸ਼ਤਗਰਦਾਂ ਨੇ ਸਰਹੱਦੀ ਜ਼ਿਲ੍ਹੇ ਰਾਜੌਰੀ ਦੇ ਪਿੰਡ ਡਾਂਗਰੀ ਵਿਚ ਗੋਲੀਆਂ ਚਲਾ ਕੇ ਚਾਰ ਸ਼ਹਿਰੀਆਂ ਦੀ ਜਾਨ ਲੈ ਲਈ। ਅਗਲੇ ਦਿਨ ਡਾਂਗਰੀ ਹਮਲੇ ਦੇ ਇਕ ਪੀੜਤ ਦੇ ਘਰ ਲਾਗੇ ਬੰਬ (ਆਈਈਡੀ) ਧਮਾਕੇ ਵਿਚ ਦੋ ਹੋਰ ਬੱਚੇ ਮਾਰੇ ਗਏ ਅਤੇ ਛੇ ਜ਼ਖ਼ਮੀ ਹੋਏ। 2 ਜਨਵਰੀ ਨੂੰ ਰਾਜੌਰੀ ਜ਼ਿਲ੍ਹੇ ‘ਚ ਮੁਕੰਮਲ ਹੜਤਾਲ (ਬੰਦ) ਹੋਈ ਅਤੇ ਪੀੜਤ ਪਰਿਵਾਰਾਂ ਤੇ ਉਨ੍ਹਾਂ ਦੇ ਹਮਦਰਦਾਂ ਨੇ ਲਾਸ਼ਾਂ ਡਾਂਗਰੀ ਚੌਕ ‘ਚ ਰੱਖ ਕੇ ਮੁਜ਼ਾਹਰਾ ਕੀਤਾ। ਸਾਫ਼ ਤੌਰ ‘ਤੇ ਇਸ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿਚ ਸ਼ਾਂਤੀ ਨੂੰ ਭੰਗ ਕਰਨ ਅਤੇ ਚੋਣ ਅਮਲ ਦੀ ਸ਼ੁਰੂਆਤ ਵਿਚ ਵਿਘਨ ਪਾਉਣ ਵੱਲ ਸੇਧਿਤ ਇਹ ਦੋਵੇਂ ਘਟਨਾਵਾਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਬੀਤੇ ਹਫ਼ਤੇ ਦਿੱਤੇ ਉਸ ਬਿਆਨ ਤੋਂ ਫ਼ੌਰੀ ਬਾਅਦ ਵਾਪਰੀਆਂ ਹਨ ਜਿਸ ਵਿਚ ਉਸ ਨੇ ਇਹ ਦਲੀਲ ਦਿੱਤੀ ਸੀ ਕਿ ਦਹਿਸ਼ਤਗਰਦੀ ਨੂੰ ਭਾਰਤ ਨੂੰ ਗੱਲਬਾਤ ਦੀ ਮੇਜ਼ ਉਤੇ ਆਉਣ ਲਈ ਮਜਬੂਰ ਕਰਨ ਵਾਸਤੇ ਨਹੀਂ ਵਰਤਿਆ ਜਾ ਸਕਦਾ। ਇਸ ਮੌਕੇ ਪਾਕਿਸਤਾਨ ‘ਤੇ ਅਸਿੱਧਾ ਹਮਲਾ ਬੋਲਦਿਆਂ ਉਸ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਭਾਰਤ ਆਪਣੇ ਗੁਆਂਢ ਵਿਚ ਹਰ ਕਿਸੇ ਨਾਲ ਵਧੀਆ ਰਿਸ਼ਤੇ ਚਾਹੁੰਦਾ ਹੈ ਪਰ ਇਸ ਦਾ ਮਤਲਬ ਦਹਿਸ਼ਤਗਰਦੀ ਤੋਂ ਬੇਧਿਆਨੇ ਹੋਣਾ, ਇਸ ਨੂੰ ਅਣਡਿੱਠ ਕਰਨਾ ਜਾਂ ਤਰਕਸੰਗਤ ਠਹਿਰਾਉਣਾ ਹਰਗਿਜ਼ ਨਹੀਂ ਹੈ। ਇਸ ਤੋਂ ਦੋ ਕੁ ਹਫ਼ਤੇ ਪਹਿਲਾਂ ਸੰਯੁਕਤ ਰਾਸ਼ਟਰ (ਯੂਐੱਨ) ਵਿਖੇ ਆਪਣੇ ਭਾਸ਼ਣ ਦੌਰਾਨ ਉਸ ਨੇ ਇਹ ਤਰਕ ਹੋਰ ਵੀ ਸਾਫ਼ ਲਫ਼ਜ਼ਾਂ ਵਿਚ ਪੇਸ਼ ਕੀਤਾ ਸੀ; ਵਿਦੇਸ਼ ਮੰਤਰੀ ਨੇ ਪਾਕਿਸਤਾਨ ਨੂੰ ਦਹਿਸ਼ਤਗਰਦੀ ਦਾ ਧੁਰਾ ਕਰਾਰ ਦਿੰਦਿਆਂ ਸੁਧਰ ਜਾਣ ਲਈ ਆਖਿਆ ਸੀ। ਇਸ ਦੇ ਨਾਲ ਹੀ ਉਸ ਨੇ ਸਰੋਤਿਆਂ ਨੂੰ ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੀ ਇਹ ਟਿੱਪਣੀ ਚੇਤੇ ਕਰਵਾਈ ਸੀ, ‘ਜੇ ਤੁਸੀਂ ਆਪਣੇ ਘਰ ਦੇ ਪਿਛਵਾੜੇ ਸੱਪ ਪਾਲਦੇ ਹੋ ਤਾਂ ਤੁਸੀਂ ਇਹ ਉਮੀਦ ਨਹੀਂ ਕਰ ਸਕਦੇ ਕਿ ਉਹ ਸਿਰਫ਼ ਗੁਆਂਢੀਆਂ ਨੂੰ ਹੀ ਡੰਗਣਗੇ।’
ਜੰਮੂ ਕਸ਼ਮੀਰ ਵਿਚ ਹੋਈਆਂ ਹੱਤਿਆਵਾਂ ਤੋਂ ਸਾਫ਼ ਹੈ ਕਿ ਪਾਕਿਸਤਾਨ ਆਪਣੀ ਪੁਰਾਣੀ ਨੀਤੀ ਉਤੇ ਕਾਇਮ ਰਹਿੰਦਿਆਂ ਭਾਰਤ ਨੂੰ ਪਰੇਸ਼ਾਨ ਕਰਨ ਲਈ ਲਗਾਤਾਰ ਦਹਿਸ਼ਤਗਰਦੀ ਨੂੰ ਹਵਾ ਦੇ ਰਿਹਾ ਹੈ। ਇਹ ਹਰ ਪੱਖ ਤੋਂ ਪਾਕਿਸਤਾਨ ਦੀ ਹੀ ਜ਼ਿੰਮੇਵਾਰੀ ਹੈ ਕਿ ਉਹ ਇਸ ਨੀਤੀ ਨੂੰ ਬੰਦ ਕਰੇ। ਇਸ ਮਾਮਲੇ ਵਿਚ ਭਾਰਤ ਲਈ ਚਿੰਤਾ ਵਾਲੀ ਗੱਲ ਅਮਰੀਕਾ ਵੱਲੋਂ ਨਿਭਾਇਆ ਜਾਂਦਾ ਕਿਰਦਾਰ ਹੈ। ਹਾਲ ਹੀ ਵਿਚ ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਨੈੱਡ ਪ੍ਰਾਈਸ ਨੇ ਕਿਹਾ ਸੀ ਕਿ ਭਾਰਤ ਤੇ ਪਾਕਿਸਤਾਨ, ਦੋਵੇਂ ਉਨ੍ਹਾਂ ਦੇ ਮੁਲਕ ਲਈ ਮਹੱਤਵਪੂਰਨ ਹਨ। ਅਮਰੀਕਾ ਅਜਿਹਾ ਪ੍ਰਭਾਵ ਦੇ ਰਿਹਾ ਹੈ ਕਿ ਉਹ ਇਨ੍ਹਾਂ ਦੋਵਾਂ ਮੁਲਕਾਂ ਦਰਮਿਆਨ ‘ਉਸਾਰੂ’ ਗੱਲਬਾਤ ਦਾ ਹਾਮੀ ਹੈ ਪਰ ਇਸ ਦੇ ਬਾਵਜੂਦ ਅਮਰੀਕਾ, ਪਾਕਿਸਤਾਨ ਨੂੰ ਆਪਣੀਆਂ ਹਰਕਤਾਂ ਤੋਂ ਵਰਜਣ ਤੋਂ ਝਿਜਕਦਾ ਹੈ। ਅਮਰੀਕਾ ਦੇ ਬੀਤੇ ਸਾਲ ਪਾਕਿਸਤਾਨ ਨਾਲ ਕੀਤੇ ਐੱਫ਼-16 ਜਹਾਜ਼ਾਂ ਦੇ ਸੌਦੇ ਤੋਂ ਇਹ ਵੀ ਸਾਫ਼ ਹੁੰਦਾ ਹੈ ਕਿ ਉਸ ਦੇ ਖਾਣ ਵਾਲੇ ਦੰਦ ਹੋਰ ਤੇ ਦਿਖਾਉਣ ਵਾਲੇ ਹੋਰ ਹਨ।
2019 ਵਿਚ ਸੰਵਿਧਾਨ ਦੀ ਧਾਰਾ 370 ਨੂੰ ਮਨਸੂਖ਼ ਕਰ ਕੇ ਜੰਮੂ ਕਸ਼ਮੀਰ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਤੇ ਲੱਦਾਖ ਵਿਚ ਵੰਡ ਦਿੱਤਾ ਗਿਆ ਸੀ। ਉਸ ਸਮੇਂ ਵਿਕਾਸ ਅਤੇ ਅਮਨ ਬਾਰੇ ਵੱਡੇ ਵਾਅਦੇ ਕੀਤੇ ਗਏ ਸਨ। ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਹੇਠ ਰਹਿ ਰਹੇ ਲੋਕ ਉਨ੍ਹਾਂ ਵਾਅਦਿਆਂ ‘ਤੇ ਹੋਣ ਵਾਲੇ ਅਮਲ ਨੂੰ ਉਡੀਕ ਰਹੇ ਹਨ। ਕੇਂਦਰ ਸ਼ਾਸਿਤ ਇਸ ਪ੍ਰਦੇਸ਼ ਦੀਆਂ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਨੂੰ ਵੀ ਸਿਆਸਤ ਤੋਂ ਦੂਰ ਰੱਖਿਆ ਗਿਆ ਹੈ। ਜੰਮੂ ਕਸ਼ਮੀਰ ਦੇ ਲੋਕਾਂ ਵਿਚ ਬੇਚੈਨੀ ਵਧੀ ਹੈ। ਇਕ ਨਾਬਾਲਗ ਦੁਆਰਾ ਸੁਰੱਖਿਆ ਕਰਮਚਾਰੀ ਤੋਂ ਏਕੇ-47 ਖੋਹ ਕੇ ਲੈ ਜਾਣਾ ਵਧ ਰਹੀ ਬੇਚੈਨੀ ਦਾ ਪ੍ਰਤੀਕ ਹੈ। ਜੰਮੂ ਕਸ਼ਮੀਰ ਵਿਚ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਉਸਾਰੂ ਮਾਹੌਲ ਬਣਾਉਣ ਵਾਸਤੇ ਅਮਨ ਦੀ ਬਹਾਲੀ ਲਾਜ਼ਮੀ ਹੈ। ਇਸ ਸੂਰਤ ਵਿਚ ਭਾਰਤ ਨੂੰ ਕੌਮਾਂਤਰੀ ਮੰਚਾਂ ਉਤੇ ਪਾਕਿਸਤਾਨ ਖ਼ਿਲਾਫ਼ ਮੋਰਚਾ ਖੋਲ੍ਹ ਦੇਣਾ ਚਾਹੀਦਾ ਹੈ ਤੇ ਨਾਲ ਹੀ ਅਮਰੀਕੀ ਮਨਸੂਬਿਆਂ ਉਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ। ਇਸ ਸਭ ਕੁਝ ਦੇ ਨਾਲ ਨਾਲ ਕੇਂਦਰ ਸਰਕਾਰ ਨੂੰ ਅਜਿਹੇ ਕਦਮ ਚੁੱਕਣ ਦੀ ਜ਼ਰੂਰਤ ਹੈ ਜਿਨ੍ਹਾਂ ਨਾਲ ਲੋਕਾਂ ਦਾ ਭਰੋਸਾ ਜਿੱਤਿਆ ਜਾ ਸਕੇ।