ਦਹਿਸ਼ਤੀ ਘਟਨਾਵਾਂ
ਡੋਡਾ, ਰਿਆਸੀ, ਕਠੂਆ, ਪੁਣਛ, ਰਾਜੌਰੀ- ਅਤਿਵਾਦੀ ਤੇ ਉਨ੍ਹਾਂ ਦੇ ਮਦਦਗਾਰ ਨਿਰੰਤਰ ਜੰਮੂ ਖੇਤਰ ਨੂੰ ਨਿਸ਼ਾਨਾ ਬਣਾ ਰਹੇ ਹਨ। ਨਤੀਜੇ ਵਜੋਂ ਫ਼ੌਜ ਤੇ ਯੂਟੀ ਪੁਲੀਸ ’ਤੇ ਦਹਿਸ਼ਤੀ ਘਟਨਾਵਾਂ ਨੂੰ ਰੋਕਣ ਦਾ ਦਬਾਅ ਵਧ ਰਿਹਾ ਹੈ। ਸੋਮਵਾਰ ਰਾਤ ਡੋਡਾ ਜਿ਼ਲ੍ਹੇ ਵਿੱਚ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਇੱਕ ਕੈਪਟਨ ਸਣੇ ਚਾਰ ਸੈਨਿਕ ਸ਼ਹੀਦ ਹੋ ਗਏ। ਇਸ ਤੋਂ ਹਫ਼ਤਾ ਪਹਿਲਾਂ ਕਠੂਆ ਜਿ਼ਲ੍ਹੇ ਦੇ ਮਾਚੇੜੀ ਜੰਗਲਾਤ ਖੇਤਰ ਵਿੱਚ ਅਤਿਵਾਦੀਆਂ ਨੇ ਸੈਨਾ ਦੇ ਕਾਫ਼ਲੇ ’ਤੇ ਘਾਤ ਲਾ ਕੇ ਹਮਲਾ ਕੀਤਾ ਸੀ ਅਤੇ ਪੰਜ ਸੈਨਿਕਾਂ ਦੀ ਜਾਨ ਚਲੀ ਗਈ ਸੀ। ਅੰਕੜੇ ਸਾਫ਼-ਸਾਫ਼ ਨਜ਼ਰ ਆ ਰਹੇ ਹਨ, ਪਹਿਲੀ ਜਨਵਰੀ ਤੋਂ ਬਾਅਦ ਹੁਣ ਤੱਕ ਇਸ ਖੇਤਰ ’ਚ ਹੋਏ ਮੁਕਾਬਲਿਆਂ ਜਾਂ ਅਤਿਵਾਦੀ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 20 ਨੂੰ ਪਾਰ ਕਰ ਗਈ ਹੈ ਜੋ ਦਹਿਸ਼ਤਗਰਦਾਂ ਨਾਲੋਂ ਚਾਰ ਗੁਣਾ ਜਿ਼ਆਦਾ ਹੈ। ਮ੍ਰਿਤਕਾਂ ਵਿੱਚ ਵੱਖ-ਵੱਖ ਸੁਰੱਖਿਆ ਬਲਾਂ ਦੇ ਕਰਮੀ ਤੇ ਹੋਰ ਲੋਕ ਸ਼ਾਮਿਲ ਹਨ।
ਹਾਲ ਦੇ ਸਾਲਾਂ ਵਿੱਚ, ਤੇ ਖ਼ਾਸ ਤੌਰ ’ਤੇ ਪਿਛਲੇ ਕਰੀਬ ਇੱਕ ਮਹੀਨੇ ਤੋਂ ਦਹਿਸ਼ਤੀ ਗਤੀਵਿਧੀਆਂ ਦਾ ਕੇਂਦਰ ਜੰਮੂ ਖੇਤਰ ਬਣ ਗਿਆ ਹੈ; ਪਹਿਲਾਂ ਕਸ਼ਮੀਰ ਵਾਦੀ ਅਜਿਹੀਆਂ ਘਟਨਾਵਾਂ ਦਾ ਧੁਰਾ ਸੀ। ਬਿਲਕੁਲ ਸਾਫ਼ ਸਮਝ ਆ ਰਹੀ ਦਹਿਸ਼ਤਗਰਦਾਂ ਦੀ ਇਸ ਨਵੀਂ ਰਣਨੀਤੀ ਦੇ ਬਾਵਜੂਦ ਸੈਨਾ, ਪੁਲੀਸ ਅਤੇ ਕੇਂਦਰੀ ਹਥਿਆਰਬੰਦ ਪੁਲੀਸ ਬਲ ਸਰਹੱਦ ਪਾਰੋਂ ਘੁਸਪੈਠ ਕਰ ਕੇ ਆਏ ਵਿਦੇਸ਼ੀ ਅਤਿਵਾਦੀਆਂ ਦਾ ਮੁਕਾਬਲਾ ਕਰਨ ’ਚ ਸੰਘਰਸ਼ ਕਰ ਰਹੇ ਹਨ। ਇਹ ਕਿਤੇ ਨਾ ਕਿਤੇ ਖੁਫ਼ੀਆ ਮੋਰਚੇ ’ਤੇ ਕਮੀ-ਪੇਸ਼ੀ ਵੱਲ ਸੰਕੇਤ ਕਰਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਏਜੰਸੀਆਂ ਵਿਚਾਲੇ ਢੁੱਕਵੇਂ ਤਾਲਮੇਲ ਦੀ ਘਾਟ ਵੀ ਇੱਕ ਕਾਰਨ ਹੋ ਸਕਦਾ ਹੈ। ਸਪੱਸ਼ਟ ਹੈ ਕਿ ਅਤਿਵਾਦੀ ਇਨ੍ਹਾਂ ਖ਼ਾਮੀਆਂ ਦਾ ਫਾਇਦਾ ਉਠਾ ਕੇ ਇੱਕ ਤੋਂ ਬਾਅਦ ਇੱਕ, ਹਰ ਹਫ਼ਤੇ ਦਹਿਸ਼ਤੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ।
ਇਸ ਸਾਰੇ ਮਾਮਲੇ ’ਚ ਸ਼ੱਕ ਦੀ ਨਿਗ੍ਹਾ ਪਹਿਲਾਂ ਵਾਂਗ ਪਾਕਿਸਤਾਨ ’ਤੇ ਹੀ ਹੈ ਜੋ ਆਪਣੀਆਂ ਮਾਲੀ ਤੇ ਸਿਆਸੀ ਮੁਸ਼ਕਿਲਾਂ ਦਰਮਿਆਨ ਵੀ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਰਣਨੀਤੀ ’ਤੇ ਅਡਿ਼ਆ ਹੋਇਆ ਹੈ। ਭਾਰਤ ਨੂੰ ਭਾਵੇਂ ਆਲਮੀ ਪੱਧਰ ’ਤੇ ਵੀ ਇਸਲਾਮਾਬਾਦ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਚਾਹੀਦਾ ਹੈ ਪਰ ਇਸ ਦੇ ਨਾਲ ਹੀ ਪੂਰੇ ਦੇ ਪੂਰੇ ਅਤਿਵਾਦ-ਵਿਰੋਧੀ ਤੰਤਰ ਜਾਂ ਕਾਰਜ ਵਿਧੀ ਦੀ ਵੀ ਫੌਰੀ ਪੜਚੋਲ ਦੀ ਲੋੜ ਹੈ। ਅਤਿਵਾਦੀਆਂ ਨੂੰ ਮਾਤ ਦੇਣ ਲਈ ਸੁਰੱਖਿਆ ਬਲਾਂ ਨੂੰ ਮੁੜ ਫੁਰਤੀ ਤੇ ਸਰਗਰਮੀ ਨਾਲ ਕੰਮ ਕਰਨਾ ਪਏਗਾ। ਇਸ ਦੇ ਨਾਲ-ਨਾਲ ਬਾਕੀ ਸਾਰੇ ਹਿੱਤ ਧਾਰਕਾਂ ਨੂੰ ਸ਼ਾਂਤੀ ਖਾਤਰ ਧੀਰਜ ਧਾਰਨ ਦੀ ਲੋੜ ਹੈ। ਜੰਮੂ ਕਸ਼ਮੀਰ ਦੇ ਪੁਲੀਸ ਮੁਖੀ (ਡੀਜੀਪੀ) ਵੱਲੋਂ ਦਿੱਤਾ ਬਿਆਨ ਵਿਵਾਦ ਖੜ੍ਹਾ ਕਰ ਸਕਦਾ ਹੈ ਜਿਸ ’ਚ ਉਨ੍ਹਾਂ ਦੋਸ਼ ਲਾਇਆ ਹੈ ਕਿ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਰਾਜਨੀਤਕ ਲਾਭ ਲਈ ਦਹਿਸ਼ਤੀ ਗਰੋਹਾਂ ਦੇ ਆਗੂਆਂ ਨੂੰ ਸ਼ਹਿ ਦੇ ਰਹੀਆਂ ਹਨ। ਇੱਕ-ਦੂਜੇ ’ਤੇ ਇਸ ਤਰ੍ਹਾਂ ਦੇ ਦੋਸ਼ ਮੜ੍ਹਨ ਨਾਲ ਨਾ ਸਿਰਫ਼ ਸੈਨਿਕਾਂ ਦੇ ਬਲਿਦਾਨ ਦੀ ਬੇਕਦਰੀ ਹੋਵੇਗੀ ਬਲਕਿ ਪਾਕਿਸਤਾਨ ਨੂੰ ਵੀ ਆਪਣੇ ਕੋਝੇ ਹੱਥਕੰਡੇ ਨੂੰ ਜਾਰੀ ਰੱਖਣ ਦਾ ਬਲ ਮਿਲੇਗਾ।