Rajouri Garden ਦੇ ਹੋਟਲ ਵਿੱਚ ਭਿਆਨਕ ਅੱਗ, ਵਿਦਿਆਰਥੀਆਂ ਨੇ ਮੁਸ਼ਕਲ ਨਾਲ ਬਚਾਈ ਜਾਨ
ਨਵੀਂ ਦਿੱਲੀ, 9 ਦਸੰਬਰ
ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਮਾਰਕੀਟ ਵਿੱਚ ਸੋਮਵਾਰ ਨੂੰ ਇੱਕ ਹੋਟਲ(ਰੈਸਟੋਰੈਂਟ) ਵਿੱਚ ਅੱਗ ਲੱਗ ਗਈ, ਜਿਸ ਕਾਰਨ ਇੱਕ ਨਜ਼ਦੀਕੀ ਸੰਸਥਾ ਦੇ ਕਈ ਵਿਦਿਆਰਥੀਆਂ ਨੂੰ ਬਚਾਉਣ ਲਈ ਇਮਾਰਤ ਤੋਂ ਨਾਲ ਲੱਗਦੀ ਛੱਤ ’ਤੇ ਛਾਲ ਮਾਰਨ ਲਈ ਮਜਬੂਰ ਹੋਣਾ ਪਿਆ। ਪੁਲੀਸ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਹੈ। ਦਿੱਲੀ ਫਾਇਰ ਸਰਵਿਸਿਜ਼ ਦੇ ਮੁਖੀ ਅਤੁਲ ਗਰਗ ਨੇ ਦੱਸਿਆ, "ਸਾਨੂੰ ਦੁਪਹਿਰ 2.01 ਵਜੇ ਰਾਜੌਰੀ ਗਾਰਡਨ ਮੈਟਰੋ ਸਟੇਸ਼ਨ ਨੇੜੇ ਜੰਗਲ ਜੰਬੋਰੀ ਰੈਸਟੋਰੈਂਟ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਅੱਗ 'ਤੇ ਕਾਬੂ ਪਾਉਣ ਲਈ 10 ਫਾਇਰ ਟੈਂਡਰ ਤੁਰੰਤ ਘਟਨਾ ਸਥਾਨ ’ਤੇ ਭੇਜੇ ਗਏ।"
ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਅੱਗ ਐਨੀ ਭਿਆਨਕ ਸੀ ਕਿ ਆਸਪਾਸ ਦੇ ਦੁਕਾਨਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਘਟਨਾ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਹਨ, ਜਿਸ ’ਚ ਲੋਕ ਆਪਣੀ ਜਾਨ ਬਚਾਉਣ ਲਈ ਨਾਲ ਲੱਗਦੀ ਇਮਾਰਤ 'ਚ ਛਾਲ ਮਾਰਦੇ ਦਿਖਾਈ ਦੇ ਰਹੇ ਹਨ।
ਸੂਤਰਾਂ ਨੇ ਦੱਸਿਆ ਕਿ ਘਟਨਾ ਸਮੇਂ 20 ਤੋਂ ਵੱਧ ਲੋਕ ਉਥੇ ਮੌਜੂਦ ਸਨ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨੀ ਮੰਜ਼ਿਲ ਦੇ ਅਦਾਰਿਆਂ ’ਤੇ ਨੁਕਸਾਨ ਘੱਟ ਹੈ। ਪੁਲੀਸ ਨੇ ਦੱਸਿਆ ਕਿ ਹੁਣ ਤੱਕ ਅੱਠ ਫਾਇਰ ਟੈਂਡਰਾਂ ਦੀ ਵਰਤੋਂ ਕੀਤੀ ਜਾ ਚੁੱਕੀ ਹੈ ਅਤੇ ਅੱਗ ’ਤੇ ਕਾਬੂ ਪਾਇਆ ਜਾ ਰਿਹਾ ਹੈ। ਪੀਟੀਆਈ