For the best experience, open
https://m.punjabitribuneonline.com
on your mobile browser.
Advertisement

ਲੇਲੇਵਾਲਾ ’ਚ ਗੈਸ ਪਾਈਪਲਾਈਨ ਦਾ ਕੰਮ ਮੁੜ ਸ਼ੁਰੂ ਕਰਨ ਤੋਂ ਤਣਾਅ

07:46 AM Dec 23, 2024 IST
ਲੇਲੇਵਾਲਾ ’ਚ ਗੈਸ ਪਾਈਪਲਾਈਨ ਦਾ ਕੰਮ ਮੁੜ ਸ਼ੁਰੂ ਕਰਨ ਤੋਂ ਤਣਾਅ
ਪਿੰਡ ਲੇਲੇਵਾਲਾ ’ਚ ਕਿਸਾਨਾਂ ਨੂੰ ਰੋਕਦੀ ਹੋਈ ਪੁਲੀਸ।
Advertisement

ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 22 ਦਸੰਬਰ
ਗੈਸ ਪਾਈਪ ਕੰਪਨੀ ਨੇ ਸਮਝੌਤੇ ਛਿੱਕੇ ਟੰਗ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਿਨਾਂ ਹੀ ਅੱਜ ਸਵੇਰੇ ਮੁੜ ਭਾਰੀ ਪੁਲੀਸ ਬਲ ਨਾਲ ਪਿੰਡ ਲੇਲੇਵਾਲਾ ਦੇ ਖੇਤਾਂ ’ਚ ਪਾਈਪਲਾਈਨ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ, ਜਿਸ ਦਾ ਵਿਰੋਧ ਲਈ ਬੀਕੇਯੂ (ਉਗਰਾਹਾਂ) ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਤੇ ਪੁਲੀਸ ਦਰਮਿਆਨ ਸਾਰਾ ਦਿਨ ਤਣਾਅ ਬਣਿਆ ਰਿਹਾ। ਇਸ ਤੋਂ ਪਹਿਲਾਂ ਅੱਜ ਸਵੇਰੇ ਕਿਸਾਨਾਂ ਨੇ ਗੁਰਦੁਆਰਾ ਸਾਹਿਬ ਕੋਲ ਕੰਪਨੀ ਦਾ ਪਾਈਪਾਂ ਨਾਲ ਲੱਦਿਆ ਟਰੱਕ ਘੇਰ ਲਿਆ ਪਰ ਉਨ੍ਹਾਂ ਦੀ ਗਿਣਤੀ ਘੱਟ ਹੋਣ ਕਰਕੇ ਐੱਸਪੀ ਨਰਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਟਰੱਕ ਛੁਡਾ ਕੇ ਕੰਮ ਵਾਲੀ ਜਗ੍ਹਾ ਵੱਲ ਭੇਜ ਦਿੱਤਾ। ਦੂਜੇ ਪਾਸੇ ਕੰਪਨੀ ਨੇ ਖੇਤਾਂ ’ਚ ਦੋ ਥਾਵਾਂ ’ਤੇ ਵੱਡੀਆਂ ਮਸ਼ੀਨਾਂ ਤੇ ਮੁਲਾਜ਼ਮ ਲਿਆ ਕੇ ਪਾਈਪਲਾਈਨ ਪਾਉਣ ਦਾ ਕੰਮ ਜਾਰੀ ਰੱਖਿਆ, ਜਿਸ ਖ਼ਿਲਾਫ਼ ਕਿਸਾਨਾਂ ਨੇ ਗੁਰਦੁਆਰਾ ਸਾਹਿਬ ਕੋਲ ਧਰਨਾ ਦਿੱਤਾ।
ਬੀਕੇਯੂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ ਆਦਿ ਨੇ ਕਿਹਾ ਕਿ ਕੰਪਨੀ ਤੇ ਪ੍ਰਸ਼ਾਸਨ ਨਾਲ ਪੀੜਤ ਕਿਸਾਨਾਂ ਨੂੰ 24 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਸਮਝੌਤਾ ਹੋਇਆ ਸੀ ਪਰ ਕੰਪਨੀ ਨੇ ਅੱਜ ਬਿਨਾਂ ਮੁਆਵਜ਼ਾ ਦਿੱਤੇ ਪੁਲੀਸ ਦੇ ਜ਼ੋਰ ’ਤੇ ਕੰਮ ਸ਼ੁਰੂ ਕਰ ਦਿੱਤਾ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲੀਸ ਪ੍ਰਸ਼ਾਸ਼ਨ ਨੇ ਕਿਸਾਨਾਂ ਨਾਲ ਨਜਿੱਠਣ ਲਈ ਜਲ ਤੋਪਾਂ ਤੇ ਫਾਇਰ ਬ੍ਰਿਗੇਡਾਂ ਸਣੇ ਹੋਰ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਜਦੋਂ ਕਿਸਾਨ ਧਰਨੇ ਤੋਂ ਉੱਠ ਕੇ ਪਾਈਪਲਾਈਨ ਦਾ ਕੰਮ ਰੋਕਣ ਲਈ ਖੇਤਾਂ ਵੱਲ ਵਧਣ ਲੱਗੇ ਤਾਂ ਪੁਲੀਸ ਨੇ ਪਿੰਡ ਦੇ ਬਾਹਰ ਹੀ ਉਨ੍ਹਾਂ ਨੂੰ ਰੋਕ ਲਿਆ, ਜਿੱਥੇ ਅਧਿਕਾਰੀਆਂ ਤੇ ਕਿਸਾਨ ਆਗੂਆਂ ਵਿਚਾਲੇ ਬਹਿਸ ਵੀ ਹੋਈ।

Advertisement

ਮੁਆਵਜ਼ੇ ਦੇ ਆਰਡਰ ਜਾਰੀ ਕਰਨ ਦੇ ਭਰੋਸੇ ਮਗਰੋਂ ਟਕਰਾਅ ਟਲਿਆ

ਕਿਸਾਨ ਆਗੂਆਂ ਨਾਲ ਏਡੀਸੀ ਆਰਪੀ ਸਿੰਘ, ਐੱਸਪੀ ਨਰਿੰਦਰ ਸਿੰਘ, ਐੱਸਡੀਐੱਮ ਹਰਜਿੰਦਰ ਸਿੰਘ ਜੱਸਲ ਆਦਿ ਨੇ ਮੀਟਿੰਗ ਕੀਤੀ। ਮੀਟਿੰਗ ’ਚ ਫ਼ੈਸਲਾ ਹੋਇਆ ਕਿ 23 ਦਸੰਬਰ ਨੂੰ 11 ਵਜੇ ਤੱਕ ਡੀਸੀ ਬਠਿੰਡਾ ਪੀੜਤ ਕਿਸਾਨਾਂ ਦੇ ਮੁਆਵਜ਼ੇ ਲਈ ਬਣਦੀ ਕੀਮਤ ਦੇ ਆਰਡਰ ਕੰਪਨੀ ਨੂੰ ਕਰਨਗੇ ਤੇ ਗਾਂਧੀਨਗਰ ਤੋਂ ਕੰਪਨੀ ਅਧਿਕਾਰੀ ਆ ਕੇ ਚੈੱਕ ਜਾਰੀ ਕਰਨਗੇ। ਏਡੀਸੀ ਵੱਲੋਂ ਇਹ ਭਰੋਸਾ ਮਿਲਣ ’ਤੇ ਕਿਸਾਨਾਂ ਨੇ ਸੋਮਵਾਰ ਤੱਕ ਸੰਘਰਸ਼ ਰੋਕ ਦਿੱਤਾ।

Advertisement

ਮੁਆਵਜ਼ੇ ਦੇ ਚੈੱਕ ਦੇਣ ਆਏ ਅਧਿਕਾਰੀ ਬੰਦੀ ਬਣਾਏ

ਲੇਲੇਵਾਲਾ ’ਚ ਦੇਰ ਰਾਤ ਮੁਆਵਜ਼ੇ ਦੇ ਚੈੱਕ ਦੇਣ ਆਏ ਗੈਸ ਪਾਈਪ ਕੰਪਨੀ ਦੇ ਅਧਿਕਾਰੀਆਂ ਨੂੰ ਕਿਸਾਨ ਯੂਨੀਅਨ ਨੇ ਬੰਦੀ ਬਣਾ ਲਿਆ ਤੇ ਅਧਿਕਾਰੀਆਂ ਤੋਂ ਵੱਖ-ਵੱਖ ਕਿਸਾਨਾਂ ਦੇ ਨਾਮ ਕੱਟੇ 25 ਚੈੱਕ ਫੜੇ। ਕਿਸਾਨ ਆਗੂਆਂ ਚਤਿੰਨ ਸਿੰਘ, ਜਸਵੀਰ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਚਾਰ ਅਧਿਕਾਰੀ ਰਾਤ ਸਮੇਂ ਗੱਡੀ ਰਾਹੀਂ ਖੇਤਾਂ ’ਚ ਪੁੱਜੇ ਤੇ ਕੁੱਝ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਦੇਣ ਲਈ ਉੱਥੇ ਬੁਲਾਇਆ, ਜਿਨ੍ਹਾਂ ਨੂੰ ਕਿਸਾਨ ਆਗੂਆਂ ਨੇ ਘੇਰ ਲਿਆ। ਇਸ ਮਗਰੋਂ ਡੀਐੱਸਪੀ ਤਲਵੰਡੀ ਸਾਬੋ ਰਾਜ਼ੇਸ ਸਨੇਹੀ ਪੁਲੀਸ ਫੋਰਸ ਨਾਲ ਮੌਕੇ ’ਤੇ ਪੁੱਜੇ ਤੇ ਅਧਿਕਾਰੀਆਂ ਨੂੰ ਛੁਡਵਾਇਆ।

Advertisement
Author Image

sukhwinder singh

View all posts

Advertisement