ਸੋਸ਼ਲ ਮੀਡੀਆ ‘ਸਟੇਟਸ’ ’ਤੇ ਟੀਪੂ ਸੁਲਤਾਨ ਦੀ ਤਸਵੀਰ ਵਰਤਣ ਨੂੰ ਲੈ ਕੇ ਤਣਾਅ
ਮੁੰਬਈ, 7 ਜੂਨ
ਮੁੱਖ ਅੰਸ਼
- ਪੰਜ ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਾਈ; ਸਟੇਟ ਰਿਜ਼ਰਵ ਪੁਲੀਸ ਬਲ ਦਾ ਅਮਲਾ ਤਾਇਨਾਤ
ਮਹਾਰਾਸ਼ਟਰ ਦੇ ਕੋਲ੍ਹਾਪੁਰ ਵਿੱਚ ਕੁਝ ਸਥਾਨਕ ਲੋਕਾਂ ਵੱਲੋਂ ਆਪਣੇ ਸੋਸ਼ਲ ਮੀਡੀਆ ‘ਸਟੇਟਸ’ ਉੱਤੇ ਇਤਰਾਜ਼ਯੋਗ ਆਡੀਓ ਸੁਨੇਹੇ ਨਾਲ ਟੀਪੂ ਸੁਲਤਾਨ ਦੀ ਕਥਿਤ ਤਸਵੀਰ ਵਰਤੇ ਜਾਣ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਜੂਮ ਨੂੰ ਖਿੰਡਾਉਣ ਲਈ ਪੁਲੀਸ ਨੇ ਲਾਠੀਚਾਰਜ ਕੀਤਾ। ਤਣਾਅਪੂਰਨ ਹਾਲਾਤ ਦੇ ਮੱਦੇਨਜ਼ਰ ਇੰਟਰਨੈੱਟ ਸੇਵਾਵਾਂ ਵੀਰਵਾਰ ਸ਼ਾਮ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ। ਸ਼ਹਿਰ ਵਿੱਚ ਸਟੇਟ ਰਿਜ਼ਰਵ ਪੁਲੀਸ ਬਲ ਤਾਇਨਾਤ ਹਨ ਤੇ ਇਹਤਿਆਤ ਵਜੋਂ ਸਤਾਰਾ ਤੋਂ ਹੋਰ ਪੁਲੀਸ ਬਲ ਸੱਦੇ ਗਏ ਹਨ। ਅਧਿਕਾਰੀ ਨੇ ਕਿਹਾ ਕਿ 19 ਜੂਨ ਤੱਕ ਪੰਜ ਜਾਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ ‘ਤੇ ਪਾਬੰਦੀ ਆਇਦ ਰਹੇਗੀ। ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਦੋ ਵਿਅਕਤੀਆਂ ਵੱਲੋਂ ਆਪਣੇ ਸੋਸ਼ਲ ਮੀਡੀਆ ‘ਸਟੇਟਸ’ ਉੱਤੇ ਇਤਰਾਜ਼ਯੋਗ ਆਡੀਓ ਸੁਨੇਹੇ ਨਾਲ 18ਵੀਂ ਸਦੀ ਦੇ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਤਸਵੀਰ ਲਾਉਣ ਮਗਰੋਂ ਤਲਖੀ ਵਧ ਗਈ ਸੀ। ਸੱਜੇ-ਪੱਖੀ ਕਾਰਕੁਨਾਂ ਦੇ ਸਮੂਹ ਵੱਲੋਂ ਕੀਤੀ ਮੰਗ ਮਗਰੋਂ ਪੁਲੀਸ ਨੇ ਦੋਵਾਂ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ। ਪੁਲੀਸ ਨੇ ਹਾਲਾਂਕਿ ਸ਼ਾਮ ਨੂੰ ਇਕ ਹੋਰ ਐੱਫਆਈਆਰ ਦਰਜ ਕਰਕੇ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਮਗਰੋਂ ਰੋਸ ਮੁਜ਼ਾਹਰਿਆਂ ਨੇ ਜ਼ੋਰ ਫੜ ਲਿਆ। ਇਸੇ ਲੜੀ ਵਿੱਚ ਪ੍ਰਦਰਸ਼ਨਕਾਰੀ ਅੱਜ ਵੀ ਸੜਕਾਂ ‘ਤੇ ਉਤਰੇ। ਕੋਲ੍ਹਾਪੁਰ ਦੇ ਐੱਸਪੀ ਮਹਿੰਦਰ ਪੰਡਿਤ ਨੇ ਕਿਹਾ, ”ਕੁਝ ਜਥੇਬੰਦੀਆਂ ਨੇ ਕੋਲ੍ਹਾਪੁਰ ਬੰਦ ਦਾ ਸੱਦਾ ਦਿੱਤਾ ਸੀ ਤੇ ਇਨ੍ਹਾਂ ਜਥੇਬੰਦੀਆਂ ਦੇ ਮੈਂਬਰ ਅੱਜ ਸ਼ਿਵਾਜੀ ਚੌਕ ਵਿੱਚ ਇਕੱਤਰ ਹੋਏ। ਜਿਵੇਂ ਹੀ ਇਨ੍ਹਾਂ ਦਾ ਮੁਜ਼ਾਹਰਾ ਖ਼ਤਮ ਹੋਇਆ, ਉਥੇ ਜੁੜੀ ਭੀੜ ਖਿੰਡਣੀ ਸ਼ੁਰੂ ਹੋ ਗਈ, ਪਰ ਕੁਝ ਸ਼ਰਾਰਤੀ ਅਨਸਰਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਕਰਕੇ ਉਨ੍ਹਾਂ ਨੂੰ ਖਿੰਡਾਉਣ ਲਈ ਪੁਲੀਸ ਨੂੰ ਲਾਠੀਚਾਰਜ ਕਰਨਾ ਪਿਆ।” ਐੱਸਪੀ ਨੇ ਕਿਹਾ ਕਿ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਇਤਰਾਜ਼ਯੋਗ ਪੋਸਟ ਕੇਸ ਵਿੱਚ ਪੁਲੀਸ ਵੱਲੋਂ ਕੀਤੀ ਕਾਰਵਾਈ ਬਾਰੇ ਦੱਸ ਦਿੱਤਾ ਸੀ ਤੇ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਘਰਾਂ ‘ਤੇ ਪੱਥਰਬਾਜ਼ੀ ਕਰਨ ਤੇ ਵਾਹਨਾਂ ਨੂੰ ਨੁਕਸਾਨ ਪਹੁੰਚਾਏ ਜਾਣ ਮਗਰੋਂ ਹੀ ਉਨ੍ਹਾਂ ਲਾਠੀਚਾਰਜ ਤੇ ਅਥਰੂ ਗੈਸ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਦੀ ਪਛਾਣ ਕਰਕੇ ਇਨ੍ਹਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਕੋਲ੍ਹਾਪੁਰ ਦੇ ਕੁਲੈਕਟਰ ਰਾਹੁਲ ਰੇਖਾਵਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ‘ਤੇ ਯਕੀਨ ਨਾ ਕਰਨ। ਕੁਲੈਕਟਰ ਨੇ ਕਿਹਾ ਕਿ ਹਾਲਾਤ ਕੰਟਰੋਲ ਹੇਠ ਹਨ। -ਪੀਟੀਆਈ
ਮੁੱਖ ਮੰਤਰੀ ਸ਼ਿੰਦੇ ਵੱਲੋਂ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ
ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕੋਲ੍ਹਾਪੁਰ ਵਿੱਚ ਜਾਰੀ ਤਣਾਅ ਦਰਮਿਆਨ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਕਾਨੂੰਨ ਹੱਥ ‘ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸ਼ਿੰਦੇ ਨੇ ਕਿਹਾ, ”ਕਾਨੂੰਨ ਹੱਥਾਂ ਵਿੱਚ ਲੈਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮੈਂ ਸਥਾਨਕ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਾਂ ਤੇ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਾਂ। ਆਮ ਆਦਮੀ ਦੀ ਭਲਾਈ ਸਾਡੀ ਸਿਖਰਲੀ ਤਰਜੀਹ ਹੈ। ਲੋਕ ਸ਼ਾਂਤੀ ਬਣਾ ਕੇ ਰੱਖਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ।” ਉਧਰ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਦੰਗਿਆਂ ਵਰਗੇ ਹਾਲਾਤ ਤੇ ਔਰੰਗਜ਼ੇਬ ਦੀ ਫੋਟੋ ਦੀ ਨੁਮਾਇਸ਼ ਸੰਜੋਗ ਨਹੀਂ ਹੋ ਸਕਦਾ। ਫੜਨਵੀਸ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਮੁਗਲ ਸ਼ਾਸਕ ਔਰੰਗਜ਼ੇਬ ਦੀ ਵਡਿਆਈ ਕਰਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਵਰਗ ਨੂੰ ਭੜਕਾਉਣ ਵਾਲਿਆਂ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾਵੇਗੀ। -ਪੀਟੀਆਈ