For the best experience, open
https://m.punjabitribuneonline.com
on your mobile browser.
Advertisement

ਪੁਲੀਸ ਵੱਲੋਂ ਪਿੰਡ ਲੇਲੇਵਾਲਾ ਦੀ ਨਾਕੇਬੰਦੀ ਕਰਨ ’ਤੇ ਤਣਾਅ

08:23 AM Sep 23, 2024 IST
ਪੁਲੀਸ ਵੱਲੋਂ ਪਿੰਡ ਲੇਲੇਵਾਲਾ ਦੀ ਨਾਕੇਬੰਦੀ ਕਰਨ ’ਤੇ ਤਣਾਅ
ਪਿੰਡ ਲੇਲੇਵਾਲਾ ਵਿੱਚ ਤਾਇਨਾਤ ਪੰਜਾਬ ਪੁਲੀਸ ਦੇ ਜਵਾਨ।
Advertisement

ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 22 ਸਤੰਬਰ
ਇੱਕ ਕੌਮੀ ਕੰਪਨੀ ਵੱਲੋਂ ਪਿੰਡ ਲੇਲੇਵਾਲਾ ਦੇ ਖੇਤਾਂ ਵਿੱਚੋਂ ਲੰਘਾਈ ਜਾਣ ਵਾਲੀ ਜ਼ਮੀਨਦੋਜ਼ ਗੈਸ ਪਾਈਪ ਲਾਈਨ ਦੇ ਮੁਆਵਜ਼ੇ ਸਬੰਧੀ ਵਿਵਾਦ ਦਰਮਿਆਨ ਬੀਕੇਯੂ ਉਗਰਾਹਾਂ ਦੀ ਅਗਵਾਈ ਹੇਠ ਪਿਛਲੇ ਕਰੀਬ ਸਵਾ ਸਾਲ ਤੋਂ ਮੋਰਚੇ ਦੌਰਾਨ ਉਕਤ ਪਿੰਡ ’ਚ ਉਸ ਸਮੇਂ ਤਣਾਅ ਪੈਦਾ ਹੋ ਗਿਆ ਜਦੋਂ ਪੁਲੀਸ ਨੇ ਪਿੰਡ ਨੂੰ ਆਉਣ ਜਾਣ ਵਾਲੇ ਰਸਤਿਆਂ ’ਤੇ ਨਾਕੇਬੰਦੀ ਕਰ ਦਿੱਤੀ।
ਜਾਣਕਾਰੀ ਅਨੁਸਾਰ ਅੱਜ ਜਿਉਂ ਹੀ ਸਵੇਰੇ ਪਿੰਡ ਵਾਲਿਆਂ ਨੇ ਪਿੰਡ ਦੇ ਹਰ ਰਸਤੇ ’ਤੇ ਪੁਲੀਸ ਦੀ ਤਾਇਨਾਤੀ ਦੇਖੀ ਤਾਂ ਧੱਕੇ ਨਾਲ ਗੈਸ ਪਾਈਪ ਲਾਈਨ ਪਾਉਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਪਿੰਡ ਮਾਈਸਰਖਾਨਾ ਵਿਚ ਕਿਸਾਨਾਂ ਦਾ ਇਕੱਠ ਬੁਲਾ ਕੇ ਪਿੰਡ ਲੇਲੇਵਾਲਾ ਤੱਕ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ। ਸੂਤਰਾਂ ਅਨੁਸਾਰ ਮੁਜ਼ਾਹਰੇ ਦੀ ਕਨਸੋਅ ਮਿਲਣ ’ਤੇ ਪੁਲੀਸ ਪਾਰਟੀਆਂ ਨੂੰ ਪਿੰਡ ’ਚੋਂ ਵਾਪਸ ਬੁਲਾਇਆ ਗਿਆ। ਹਾਲਾਂਕਿ ਕਿਸਾਨਾਂ ਨੇ ਪਿੰਡ ਲੇਲੇਵਾਲਾ ਤੱਕ ਮੁਜ਼ਾਹਰਾ ਕਰਦਿਆਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਜ਼ਿਲ੍ਹਾ ਬਰਨਾਲਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੇ ਕਿਹਾ ਕਿ ਗੈਸ ਪਾਈਪ ਲਾਈਨ ਪਾਉਣ ਵਾਲੀ ਕੰਪਨੀ ਦੇ ਪ੍ਰਬੰਧਕਾਂ ਨਾਲ ਡੀਸੀ ਬਠਿੰਡਾ ਅਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ ’ਚ ਕਿਸਾਨਾਂ ਨੂੰ 24 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਸਮੇਤ ਕਈ ਹੋਰ ਮੰਗਾਂ ਮੰਨਣ ਸਬੰਧੀ ਲਿਖਤੀ ਸਮਝੌਤਾ 15 ਮਈ, 2023 ਵਿੱਚ ਹੋਇਆ ਸੀ ਪਰ ਬਾਅਦ ’ਚ ਕੰਪਨੀ ਸਮਝੌਤੇ ਤੋਂ ਭੱਜ ਗਈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਕੰਪਨੀ ਦਾ ਪੱਖ ਪੂਰਿਆ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਬੀਤੇ ਦਿਨੀਂ ਜਥੇਬੰਦੀ ਨਾਲ ਮੁਲਾਕਾਤ ਸਮੇਂ ਪੰਜਾਬ ਦੇ ਮੁੱਖ ਮੰਤਰੀ ਨੇ ਹੋਰ ਕਿਸਾਨੀ ਮੰਗਾਂ ਦੇ ਨਾਲ ਲੇਲੇਵਾਲਾ ਦੇ ਕਿਸਾਨਾਂ ਨੂੰ ਲਿਖਤੀ ਸਮਝੌਤੇ ਮੁਤਾਬਿਕ ਮੁਆਵਜ਼ਾ ਦੇਣ ਦੀ ਗੱਲ ਮੰਨੀ ਸੀ ਪਰ ਬੀਤੀ ਅੱਧੀ ਰਾਤ ਤੋਂ ਬਾਅਦ ਅਚਾਨਕ ਪਿੰਡ ’ਤੇ ਪੁਲੀਸ ਦੀ ਨਾਕੇਬੰਦੀ ਕਿਉਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਪੁਲੀਸ ਦੇ ਜ਼ੋਰ ਨਾਲ ਪਾਈਪ ਲਾਈਨ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ।

Advertisement

Advertisement
Advertisement
Author Image

Advertisement