ਅੰਬੇਦਕਰ ਦਾ ਬੁੱਤ ਲਾਉਣ ’ਤੇ ਤਣਾਅ
ਜਸਬੀਰ ਸਿੰਘ ਚਾਨਾ
ਫਗਵਾੜਾ, 26 ਜੁਲਾਈ
ਬਲਾਕ ਦੇ ਪਿੰਡ ਵਾਹਦਾਂ ਵਿੱਚ ਸ਼ਾਮਲਾਟ ਜ਼ਮੀਨ ’ਤੇ ਡਾਕਟਰ ਅੰਬੇਦਕਰ ਸਾਹਿਬ ਦਾ ਬੁੱਤ ਲਗਾਉਣ ਦੇ ਮਾਮਲੇ ’ਤੇ ਦੋ ਧਿਰਾਂ ’ਚ ਤਣਾਅ ਬਣਿਆ ਰਿਹਾ ਤੇ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਨੂੰ ਕਾਬੂ ਕੀਤਾ। ਡੀ.ਐੱਸ.ਪੀ. ਪਰਮਜੀਤ ਸਿੰਘ ਤੇ ਐੱਸ.ਐੱਚ.ਓ ਅਮਰਜੀਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਪਿੰਡ ਦੇ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਜ਼ਮੀਨ ’ਤੇ ਜਗਤਾਰ ਸਿੰਘ, ਸੁਰਿੰਦਰ ਸਿੰਘ ਤੇ ਹਰਜਿੰਦਰ ਸਿੰਘ ਪਿਛਲੇ 40-50 ਸਾਲ ਤੋਂ ਕਾਬਜ਼ ਹਨ ਇਹ ਜ਼ਮੀਨ ਪੰਚਾਇਤ ਨੇ ਸਬੰਧਤ ਧਿਰਾਂ ਨੂੰ ਅਲਾਟ ਕੀਤੀ ਹੋਈ ਸੀ ਜਿਸ ਦਾ ਕੇਸ ਬੀ.ਡੀ.ਪੀ.ਓ ਕੋਲ ਚੱਲ ਰਿਹਾ ਹੈ।
ਜਗ੍ਹਾ ’ਤੇ ਕਾਬਜ਼ਕਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ 50 ਸਾਲਾ ਤੋਂ ਉਹ ਇਸ ਜਗ੍ਹਾ ’ਤੇ ਕਾਬਜ਼ ਹਨ। ਚਾਰ ਦੀਵਾਰੀ ਕੀਤੀ ਹੋਈ ਸੀ, ਦਰੱਖਤ ਲੱਗੇ ਹੋਏ ਹਨ ਤੇ ਬਾਥਰੂਮ ਬਣਿਆ ਹੋਇਆ ਸੀ ਕੁੱਝ ਪਿੰਡ ਦੇ ਲੋਕਾਂ ਨੇ ਬਾਹਰੋਂ ਬੁਲਾਏ ਲੋਕਾਂ ਦੇ ਸਹਿਯੋਗ ਨਾਲ ਹਥਿਆਰਾਂ ਨਾਲ ਇਸ ਜਗ੍ਹਾ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਬਾਥਰੂਮ ’ਤੇ ਚਾਰ ਦੀਵਾਰੀ ਵੀ ਢਾਹੁਣ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਧਮਕੀਆਂ ਵੀ ਦਿੱਤੀਆਂ ਤੇ ਧੱਕਾਮੁੱਕੀ ਵੀ ਹੋਈ। ਜਿਸ ਸਬੰਧ ’ਚ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ। ਅੱਜ 100 ਦੇ ਕਰੀਬ ਵਿਅਕਤੀਆਂ ਨੇ ਇਕੱਠੇ ਹੋ ਕੇ ਇੱਥੇ ਡਾਕਟਰ ਅੰਬੇਦਕਰ ਸਾਹਿਬ ਦਾ ਬੁੱਤ ਲੱਗਾ ਦਿੱਤਾ ਜਿਸ ਦਾ ਰਕਬਾ 15 ਮਰਲੇ ਦੇ ਕਰੀਬ ਦੱਸਿਆ ਜਾਂਦਾ ਹੈ।ਇਸ ਸਬੰਧੀ ਪੁਲੀਸ ਨੂੰ ਸੂਚਨਾ ਮਿਲਣ ’ਤੇ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ। ਕਾਬਜ਼ ਧਿਰ ਨੇ ਇਸ ਬੁੱਤ ਨੂੰ ਅਰਦਾਸ ਕਰਕੇ ਗੁਰਦੁਆਰਾ ਸਾਹਿਬ ਦੇ ਅੰਦਰ ਰੱਖ ਦਿੱਤਾ ਤੇ ਫ਼ਿਰ ਪਹਿਲੀ ਧਿਰ ਨੇ ਇਸ ਨੂੰ ਬਾਹਰ ਉਸੇ ਜਗ੍ਹਾ ’ਤੇ ਲੱਗਾ ਦਿੱਤਾ। ਦੋਨਾਂ ਧਿਰਾਂ ’ਚ ਕਾਫ਼ੀ ਤਣਾਅਪੂਰਵਕ ਸਥਿਤੀ ਬਣੀ ਹੋਈ ਸੀ।
ਡੇਢ ਦਰਜਨ ਵਿਅਕਤੀਆਂ ਖਿਲਾਫ਼ ਕੇਸ ਦਰਜ
ਫਗਵਾੜਾ (ਪੱਤਰ ਪ੍ਰੇਰਕ): ਇਸ ਮਾਮਲੇ ’ਚ ਪੁਲੀਸ ਨੇ ਡੇਢ ਦਰਜਨ ਤੋਂ ਵੱਧ ਵਿਅਕਤੀਆਂ ਅਤੇ 50-60 ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 447, 448, 354, 452, 323, 511, 160, 506, 427, 148, 149, 120-ਬੀ ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ।ਐੱਸ.ਪੀ. ਮਨਵਿੰਦਰ ਸਿੰਘ ਤੇ ਡੀ.ਐੱਸ.ਪੀ. ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇਸ ਸਬੰਧ ’ਚ ਪ੍ਰਸ਼ੋਤਮ ਲਾਲ, ਹਰਭਜਨ ਸੁਮਨ, ਲੇਖ ਰਾਜ, ਰੇਸ਼ਮ ਲਾਲ, ਸਰਬਜੀਤ ਕੌਰ, ਬਲਜਿੰਦਰ ਕੌਰ, ਮਮਤਾ ਰਾਣੀ, ਦਰਸ਼ਨਾ, ਮੁਨੀਸ਼ਾ, ਨੇਹਾ, ਪਰਵਿੰਦਰ ਸਿੰਘ, ਧਰਮਵੀਰ, ਕੁਲਵੀਰ, ਸ਼ੰਮੀ, ਕਾਲਾ, ਪਰਦੀਪ, ਪਰਮਜੀਤ, ਦੇਵੀ ਆਦਿ ਦੇ ਨਾਂ ਸ਼ਾਮਲ ਕੀਤੇ ਹਨ।ਡਿਪਟੀ ਕਮਿਸ਼ਨਰ ਦੇ ਹੁਕਮਾ ਦੀ ਉਲੰਘਣਾ ਕਰਨ ਤਹਿਤ 188, 51 ਡਿਜਾਸਟਰ ਮੈਨੇਜਮੈਂਟ ਐਕਟ ਤਹਿਤ ਇੱਕ ਵੱਖਰਾ ਕੇਸ ਦਰਜ ਕੀਤਾ ਹੈ।