‘Delhi Chalo’ ਮਾਰਚ ਸ਼ੰਭੂ ਬਾਰਡਰ ’ਤੇ ਵਧਿਆ ਤਣਾਅ, ਦੇਖੋ ਮੌਜੂਦਾ ਹਾਲਾਤ ਦੀਆਂ ਤਸਵੀਰਾਂ
ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 14 ਦਸੰਬਰ
ਸ਼ੰਭੂ ਬਾਰਡਰ ਤੋਂ ਮਰਜੀਵੜਿਆਂ ਦੇ ਰੂਪ ਵਿੱਚ 101 ਕਿਸਾਨਾਂ ਦਾ ਤੀਜਾ ਜਥਾ ਦਿੱਲੀ ਵੱਲ ਰਵਾਨਾ ਹੋਇਆ ਪਰ ਪੁਲੀਸ ਨੇ ਕਿਸਾਨਾਂ ਨੂੰ ਅੱਗੇ ਨਾ ਵਧਣ ਦਿੱਤਾ। ਕਿਸਾਨਾਂ ਨੇ ਬੈਰੀਕੇਡ ਲੰਘਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲੀਸ ਨੇ ਸਖਤੀ ਕੀਤੀ। ਕਿਸਾਨ ਮਾਰਚ ਕਰਨ ਲਈ ਅੜੇ ਹੋਏ ਹਨ ਪਰ ਹਰਿਆਣਾ ਦੇ ਪੁਲੀਸ ਅਧਿਕਾਰੀ ਕਿਸਾਨਾਂ ਨੂੰ ਵਾਪਸ ਜਾਣ ਲਈ ਕਹਿ ਰਹੇ ਹਨ। ਇਸ ਮੌਕੇ ਪੁਲੀਸ ਨੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਿਸ ਕਾਰਨ 15 ਕਿਸਾਨ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਤਸਵੀਰਾਂ ਰਾਹੀਂ ਜਾਣੋ ਕੀ ਨੇ ਮੌਜੂਦਾ ਹਾਲਾਤ:-
ਇਹ ਵੀ ਜਾਣਕਾਰੀ ਮਿਲੀ ਹੈ ਕਿ ਇਕ ਕਿਸਾਨ ਦੇ ਰਬੜ ਦੀ ਗੋਲੀ ਵੱਜੀ ਹੈ। ਕਿਸਾਨ ਯੂਨੀਅਨ ਦੇ ਬੁਲਾਰੇ ਤੇਜਵੀਰ ਸਿੰਘ ਪੰਜੋਖਰਾ ਨੇ ਅੰਬਾਲਾ ਪੁਲੀਸ ਵੱਲੋਂ ਇੱਕ ਕਿਸਾਨ ਦੇ ਸਿੱਧੀ ਗੋਲੀ ਮਾਰਨ ਦਾ ਦੋਸ਼ ਲਾਇਆ ਹੈ।
ਇੱਕ ਕਿਸਾਨ ਆਗੂ ਨੇ ਬੈਰੀਕੇਡਾਂ ਰਾਹੀਂ ਪੁਲੀਸ ਨਾਲ ਗੱਲ ਕਰਦਿਆਂ ਕਿਹਾ, ‘ਐਸਪੀ ਸਾਹਿਬ, ਅਸੀਂ ਸ਼ਾਂਤੀਪੂਰਵਕ ਦਿੱਲੀ ਵੱਲ ਮਾਰਚ ਕਰਨਾ ਚਾਹੁੰਦੇ ਹਾਂ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਧਰਨੇ ਨੂੰ ਨਾ ਰੋਕੋ, ਕਿਰਪਾ ਕਰਕੇ ਸਾਨੂੰ ਸੜਕ ’ਤੇ ਲਾਂਘਾ ਦਿਓ, ਸਾਨੂੰ ਅੱਗੇ ਵਧਣ ਦਿੱਤਾ ਜਾਵੇ।
ਇਸ ਤੋਂ ਪਹਿਲਾਂ ਐਸਪੀ ਅੰਬਾਲਾ ਨੇ ਕਿਸਾਨ ਆਗੂ ਦੇ ਤਰਕਾਂ ਨੂੰ ਦਰਕਿਨਾਰ ਕਰਦਿਆਂ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਅਤੇ 24 ਜੁਲਾਈ ਦੇ ਬਾਰਡਰ ’ਤੇ ਸਥਿਤੀ ਜਿਉਂ ਦੀ ਤਿਉਂ ਕਾਇਮ ਰੱਖਣ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਹਾਈ ਪਾਵਰ ਕਮੇਟੀ ਦੀ ਮੀਟਿੰਗ 3-4 ਦਿਨਾਂ ਵਿਚ ਹੋਵੇਗੀ। ਅਗਲੀ ਸੁਣਵਾਈ 18 ਤਰੀਖ਼ ਰੱਖੀ ਗਈ ਹੈ।
ਵੀਡੀਓ:-
ਐਸਪੀ ਅੰਬਾਲਾ ਸੁਰਿੰਦਰ ਸਿੰਘ ਭੋਰੀਆ ਨੇ ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਬੈਠਣ ਦੀ ਅਪੀਲ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਦਿੱਲੀ ਜਾਣ ਦੀ ਮਨਜ਼ੂਰੀ ਮਿਲੇਗੀ ਉਹ ਆਪ ਦਿੱਲੀ ਛੱਡ ਕੇ ਆਉਣਗੇ।
ਕਈ ਕਿਸਾਨਾਂ ਦੇ ਜਖਮੀ ਹੋਣ ਤੋਂ ਬਾਅਦ ਕਿਸਾਨ ਸੰਘਰਸ਼ ਦੀ ਅਗਵਾਈ ਕਰ ਰਹੀ ਲੀਡਰਸ਼ਿਪ ਨੇ ਦਿੱਲੀ ਕੂਚ ਕਰਨ ਵਾਲੇ 101 ਕਿਸਾਨਾਂ ਦੇ ਤੀਜੇ ਜਥੇ ਨੂੰ ਵਾਪਸ ਬੁਲਾ ਲਿਆ ਹੈ ਜਿਸ ਤਹਿਤ ਜਥਾ ਵਾਪਸ ਧਰਨੇ ਵਾਲੇ ਕੈਂਪ ਵਿੱਚ ਚਲਾ ਗਿਆ ਹੈ।
ਇਸ ਸਬੰਧੀ ਅਗਲੀ ਰਣਨੀਤੀ ਦਾ ਐਲਾਨ ਮੋਰਚੇ ਦੇ ਮੋਢੀ ਸਰਵਣ ਸਿੰਘ ਪੰਧੇਰ ਵੱਲੋਂ ਸ਼ਾਮੀ ਪ੍ਰੈੱਸ ਕਾਨਫਰੰਸ ਕਰਕੇ ਕੀਤਾ ਜਾਵੇਗਾ।