ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾਣ ਤੋਂ ਮਨ੍ਹਾਂ ਕਰਨ ’ਤੇ ਪਿੰਡ ਰੋੜਾਂਵਾਲੀ ’ਚ ਤਣਾਅ
ਪੱਤਰ ਪ੍ਰੇਰਕ
ਧਾਰੀਵਾਲ, 5 ਸਤੰਬਰ
ਪਿੰਡ ਰੋੜਾਂਵਾਲੀ ਵਿੱਚ ਦਲਿਤ ਪਰਿਵਾਰ ਨੂੰ ਆਪਣੇ ਘਰ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਉਣ ਲਈ ਪਿੰਡ ਦੇ ਗੁਰਦੁਆਰੇ ਤੋਂ ਗੁਰੂ ਗ੍ਰੰਥ ਸਾਹਿਬ ਲਿਜਾਣ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਕਥਿਤ ਮਨ੍ਹਾਂ ਕਰਨ ਅਤੇ ਗੁਰਦੁਆਰੇ ਨੂੰ ਤਾਲਾ ਮਾਰ ਦੇਣ ਕਾਰਨ ਸਥਿਤੀ ਤਣਾਅਪੂਰਵਕ ਬਣ ਗਈ। ਤਿੱਬੜ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ। ਗੁਰਦੁਆਰਾ ਪ੍ਰਬੰਧਕਾਂ ਨੇ ਦੋਸ਼ ਲਾਇਆ ਕਿ ਰਾਜਬੀਰ ਸਿੰਘ ਆਪਣੇ ਘਰ ਬਾਬਾ ਵਡਭਾਗ ਸਿੰਘ ਦੀ ਜਗ੍ਹਾ ਬਣਾ ਕੇ ਲੰਬੇ ਸਮੇਂ ਤੋਂ ਪੁੱਛਾਂ ਦੇਣ ਦਾ ਕੰਮ ਕਰਦਾ ਹੈ। ਅਜਿਹੀਆਂ ਥਾਂਵਾਂ ’ਤੇ ਗੁਰੂ ਗ੍ਰੰਥ ਸਾਹਿਬ ਲਿਜਾਣ ਦੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮ ਅਨੁਸਾਰ ਮਨਾਹੀ ਹੈ।
ਦੂਜੇ ਪਾਸੇ ਦਲਿਤ ਪਰਿਵਾਰ ਨਾਲ ਸਬੰਧਿਤ ਰਾਜਬੀਰ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਅੰਮ੍ਰਿਤ ਛੱਕਿਆ ਹੋਇਆ ਹੈ, ਸਲਾਨਾ ਧਾਰਮਿਕ ਸਮਾਗਮ ਕਰਵਾਉਣ ਸਮੇਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਉਂਦੇ ਹਨ। ਸੂਚਨਾ ਮਿਲਣ ’ਤੇ ਥਾਣਾ ਤਿੱਬੜ ਦੇ ਮੁਖੀ ਅੰਮ੍ਰਿਤਪਾਲ ਸਿੰਘ ਰੰਧਾਵਾ ਨੇ ਪੁਲੀਸ ਪਾਰਟੀ ਸਣੇ ਪਹੁੰਚ ਕੇ ਮਹੌਲ ਨੂੰ ਕਾਬੂ ਹੇਠ ਕੀਤਾ ਹੈ।