ਐੱਲਓਸੀ ’ਤੇ ਫ਼ੌਜਾਂ ਦੀ ਵਾਪਸੀ ਤੱਕ ਭਾਰਤ-ਚੀਨ ਵਿਚਾਲੇ ਜਾਰੀ ਰਹੇਗਾ ਤਣਾਅ: ਜੈਸ਼ੰਕਰ
ਅਜੈ ਬੈਨਰਜੀ
ਨਵੀਂ ਦਿੱਲੀ, 2 ਅਕਤੂਬਰ
ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਚੀਨ ਨਾਲ ਜਾਰੀ ਰੇੜਕੇ ਦਰਮਿਆਨ ਭਾਰਤ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਜਦੋਂ ਤੱਕ ਸਰਹੱਦ ’ਤੇ ਫ਼ੌਜਾਂ ਦੀ ਤਾਇਨਾਤੀ ਦਾ ਮਸਲਾ ਹਲ ਨਹੀਂ ਹੁੰਦਾ, ਦੋਵੇਂ ਮੁਲਕਾਂ ਵਿਚਕਾਰ ਤਣਾਅ ਜਾਰੀ ਰਹੇਗਾ। ਭਾਰਤ ਅਤੇ ਚੀਨ ਵਿਚਾਲੇ ਮਈ 2020 ਤੋਂ ਤਣਾਅ ਚਲਿਆ ਆ ਰਿਹਾ ਹੈ ਅਤੇ ਅਸਲ ਕੰਟਰੋਲ ਰੇਖਾ ਉਪਰ ਦੋਵੇਂ ਧਿਰਾਂ ਨੇ ਵੱਡੇ ਪੱਧਰ ’ਤੇ ਜਵਾਨਾਂ, ਟੈਂਕਾਂ, ਤੋਪਾਂ, ਰਾਕੇਟਾਂ ਅਤੇ ਲੜਾਕੂ ਜੈੱਟਾਂ ਨਾਲ ਮੋਰਚੇਬੰਦੀ ਕੀਤੀ ਹੋਈ ਹੈ। ਜੈਸ਼ੰਕਰ ਅਮਰੀਕਾ ’ਚ ਕਾਰਨੇਗੀ ਐਂਡਾਓਮੈਂਟ ਵੱਲੋਂ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਚੀਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, ‘ਜਦੋਂ ਤੱਕ ਅਸਲ ਕੰਟਰੋਲ ਰੇਖਾ ’ਤੇ ਫ਼ੌਜਾਂ ਦੀ ਤਾਇਨਾਤੀ ਨਾਲ ਤਣਾਅ ਰਹੇਗਾ, ਉਦੋਂ ਤੱਕ ਦੋਵੇਂ ਮੁਲਕਾਂ ਦੇ ਬਾਕੀ ਸਬੰਧਾਂ ’ਤੇ ਉਸ ਦਾ ਪਰਛਾਵਾਂ ਪੈਂਦਾ ਰਹੇਗਾ।’ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਕਾਰ ਸਬੰਧ ਪਿਛਲੇ ਚਾਰ ਸਾਲਾਂ ਤੋਂ ਬਹੁਤੇ ਵਧੀਆ ਨਹੀਂ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਨੇ ਸਰਹੱਦ ’ਤੇ ਸ਼ਾਂਤੀ ਬਹਾਲੀ ਲਈ ਕਈ ਸਮਝੌਤੇ ਕੀਤੇ ਸਨ ਪਰ ਚੀਨ ਨੇ 2020 ’ਚ ਉਨ੍ਹਾਂ ਦੀ ਉਲੰਘਣਾ ਕਰ ਦਿੱਤੀ। ਚੀਨ ਨਾਲ ਵਪਾਰਕ ਸਬੰਧਾਂ ਬਾਰੇ ਜੈਸ਼ੰਕਰ ਨੇ ਕਿਹਾ ਕਿ ਭਾਰਤ ਦਾ ਵਪਾਰ ਇਕ ਪੱਧਰ ’ਤੇ ਸਿਆਸੀ ਜਾਂ ਬਾਕੀ ਸਬੰਧਾਂ ਨਾਲੋਂ ਲਗਭਗ ਖੁਦਮੁਖਤਿਆਰ ਹੈ। ਜੈਸ਼ੰਕਰ ਨੇ ਪਿਛਲੇ ਤਿੰਨ ਮਹੀਨਿਆਂ ’ਚ ਘੱਟੋ ਘੱਟ ਪੰਜਵੀਂ ਵਾਰ ਅਸਲ ਕੰਟਰੋਲ ਰੇਖਾ ’ਤੇ ਭਾਰਤ ਦੀ ਸਥਿਤੀ ਬਾਰੇ ਜਨਤਕ ਤੌਰ ’ਤੇ ਬਿਆਨ ਦਿੱਤਾ ਹੈ।