ਟੈਨਿਸ: ਬੋਪੰਨਾ ਤੇ ਐਬਡੇਨ ਦੀ ਜੋੜੀ ਮਿਆਮੀ ਓਪਨ ਦੇ ਫਾਈਨਲ ਵਿੱਚ
ਮਿਆਮੀ, 29 ਮਾਰਚ
ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਉਸ ਦੇ ਆਸਟਰੇਲਿਆਈ ਜੋੜੀਦਾਰ ਮੈਥਿਊ ਐਬਡੇਨ ਨੇ ਇੱਥੇ ਮਾਰਸੇਲ ਗ੍ਰੈਨੋਲਰਜ਼ ਅਤੇ ਹੋਰਾਸਿਓ ਜ਼ੇਬਾਲੋਸ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਮਿਆਮੀ ਓਪਨ ਦੇ ਪੁਰਸ਼ ਡਬਲਜ਼ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਆਸਟਰੇਲੀਅਨ ਓਪਨ ਜੇਤੂ ਬੋਪੰਨਾ ਅਤੇ ਐਬਡੇਨ ਨੇ ਸੈਮੀਫਾਈਨਲ ਵਿੱਚ ਸਪੇਨ ਦੇ ਗ੍ਰੈਨੋਲਰਜ਼ ਅਤੇ ਅਰਜਨਟੀਨਾ ਦੇ ਜ਼ੇਬਾਲੋਸ ਨੂੰ 6-1, 6-4 ਨਾਲ ਮਾਤ ਦਿੱਤੀ। ਫਾਈਨਲ ਵਿੱਚ ਬੋਪੰਨਾ ਤੇ ਐਬਡੇਨ ਦਾ ਸਾਹਮਣਾ ਕਰੋਏਸ਼ੀਆ ਦੇ ਇਵਾਨ ਡੋਡਿਗ ਅਤੇ ਅਮਰੀਕਾ ਦੇ ਆਸਟਿਨ ਕ੍ਰਾਜਿਸੇਕ ਨਾਲ ਹੋਵੇਗਾ, ਜਿਨ੍ਹਾਂ ਨੇ ਦੂਜੇ ਸੈਮੀਫਾਈਨਲ ਵਿੱਚ ਜਰਮਨੀ ਦੇ ਕੇਵਿਨ ਕ੍ਰਾਵੇਟਜ਼ ਅਤੇ ਟਿਮ ਪੁਟਜ਼ ਨੂੰ 6-4, 6-7 (7), 10-7 ਨਾਲ ਹਰਾਇਆ। ਬੋਪੰਨਾ ਦੁਬਈ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨ ਅਤੇ ਇੰਡੀਅਨ ਵੇਲਜ਼ ਮਾਸਟਰਜ਼ ’ਚੋਂ ਬਾਹਰ ਹੋਣ ਮਗਰੋਂ ਡਬਲਜ਼ ਰੈਂਕਿੰਗ ਵਿੱਚ ਦੂਜੇ ਸਥਾਨ ’ਤੇ ਖਿਸਕ ਗਿਆ ਸੀ ਪਰ ਇਹ ਜਿੱਤ ਉਸ ਨੂੰ ਮੁੜ ਸਿਖਰਲੇ ਸਥਾਨ ’ਤੇ ਪਹੁੰਚਾਉਣ ਵਿੱਚ ਮਦਦ ਕਰੇਗੀ। -ਪੀਟੀਆਈ