ਟੈਨਿਸ: ਸਵਿਆਤੇਕ ਤੇ ਮੌਨਫਿਲਜ਼ ਆਸਟਰੇਲੀਅਨ ਓਪਨ ਦੇ ਚੌਥੇ ਗੇੜ ’ਚ
ਮੈਲਬਰਨ, 18 ਜਨਵਰੀ
ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਇਗਾ ਸਵਿਆਤੇਕ ਨੇ ਬਿਹਤਰੀਨ ਖੇਡ ਦਾ ਨਜ਼ਾਰਾ ਪੇਸ਼ ਕਰ ਕੇ ਬਰਤਾਨੀਆ ਦੀ ਐੱਮਾ ਰਾਡੂਕਾਨੂ ’ਤੇ ਆਸਾਨ ਜਿੱਤ ਦਰਜ ਕੀਤੀ ਜਦਕਿ ਗਾਏਲ ਮੌਨਫਿਲਜ਼ ਨੇ 38 ਸਾਲ ਦੀ ਉਮਰ ਵਿੱਚ ਵੀ ਆਪਣਾ ਜ਼ੋਰਦਾਰ ਖੇਡ ਦਿਖਾਉਂਦੇ ਹੋਏ ਅੱਜ ਇੱਥੇ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਚੌਥੇ ਗੇੜ ’ਚ ਜਗ੍ਹਾ ਬਣਾਈ।
ਸਵਿਆਤੇਕ ਨੇ ਮੈਚ ਦੇ ਆਖ਼ਰੀ 11 ਗੇਮ ਜਿੱਤ ਕੇ ਅਮਰੀਕੀ ਓਪਨ ਵਿੱਚ 2021 ਦੀ ਚੈਂਪੀਅਨ ਰਾਡੂਕਾਨੂ ਨੂੰ 6-1, 6-0 ਨਾਲ ਹਰਾਇਆ। ਪਿਛਲੇ ਸਾਲ ਡੋਪਿੰਗ ਮਾਮਲੇ ਕਾਰਨ ਇਕ ਮਹੀਨੇ ਦੀ ਮੁਅੱਤਲੀ ਸਵੀਕਾਰ ਕਰਨ ਵਾਲੀ ਸਵਿਆਤੇਕ ਨੇ ਚਾਰ ਵਾਰ ਫਰੈਂਚ ਓਪਨ ਅਤੇ 2022 ਵਿੱਚ ਅਮਰੀਕੀ ਓਪਨ ਦਾ ਖ਼ਿਤਾਬ ਜਿੱਤਿਆ ਸੀ। ਆਸਟਰੇਲੀਅਨ ਓਪਨ ਵਿੱਚ ਹਾਲਾਂਕਿ ਉਹ ਅਜੇ ਇਕ ਸੈਮੀ ਫਾਈਨਲ ਤੋਂ ਅੱਗੇ ਨਹੀਂ ਵਧ ਸਕੀ ਹੈ। ਪਿਛਲੇ ਸਾਲ ਅਮਰੀਕੀ ਓਪਨ ਦੇ ਉਪ ਜੇਤੂ ਤੇ ਇੱਥੇ ਚੌਥਾ ਦਰਜਾ ਪ੍ਰਾਪਤ ਟੇਲਰ ਫਰਿਟਜ਼ ਬਾਹਰ ਹੋ ਗਿਆ ਹੈ। ਉਸ ਨੂੰ ਮੌਨਫਿਲਜ਼ ਨੇ 3-6, 7-5, 7-6 (1), 6-4 ਨਾਲ ਹਰਾਇਆ। ਮੌਨਫਿਲਜ਼ ਸਾਲ ਦੇ ਪਹਿਲੇ ਗਰੈਂਡਸਲੈਮ ਦੇ ਚੌਥੇ ਗੇੜ ’ਚ ਪਹੁੰਚਣ ਵਾਲਾ 38 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਦੂਜਾ ਖਿਡਾਰੀ ਬਣ ਗਿਆ ਹੈ। ਉਸ ਨੇ ਇਸ ਤਰ੍ਹਾਂ ਰੋਜਰ ਫੈਡਰਰ ਦੀ ਬਰਾਬਰੀ ਕੀਤੀ। ਅਮਰੀਕਾ ਦੇ ਐਲੇਕਸ ਮਿਸ਼ੇਲਸਨ ਨੇ ਰੂਸ ਦੇ ਕਰੇਨ ਖਾਚਾਨੋਵ ਨੂੰ 6-3, 7-6 (5), 6-2 ਨਾਲ ਹਰਾ ਕੇ ਪੁਰਸ਼ ਸਿੰਗਲਜ਼ ਦੇ ਚੌਥੇ ਗੇੜ ’ਚ ਪ੍ਰਵੇਸ਼ ਕੀਤਾ। -ਏਪੀ
ਬਾਲਾਜੀ-ਵਰੇਲਾ ਦੀ ਜੋੜੀ ਆਸਟਰੇਲੀਅਨ ਓਪਨ ਤੋਂ ਬਾਹਰ
ਭਾਰਤ ਦੇ ਐੱਨ ਸ੍ਰੀਰਾਮ ਬਾਲਾਜੀ ਅਤੇ ਮੈਕਸਿਕੋ ਦੇ ਉਨ੍ਹਾਂ ਦੇ ਜੋੜੀਦਾਰ ਮਿਗੁਏਲ ਏਂਜਲ ਰੇਅਜ਼-ਵਰੇਲਾ ਅੱਜ ਇੱਥੇ ਨੂਨੋ ਬੋਰਗੇਸ ਅਤੇ ਫਰਾਂਸਿਸਕੋ ਕੈਬਰਾਲ ਦੀ ਪੁਰਤਗਾਲੀ ਜੋੜੀ ਤੋਂ ਦੂਜੇ ਗੇੜ ਵਿੱਚ ਹਾਰਨ ਤੋਂ ਬਾਅਦ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਤੋਂ ਬਾਹਰ ਹੋ ਗਏ। ਮੈਲਬਰਨ ਪਾਰਕ ਵਿੱਚ ਦੋ ਘੰਟੇ ਤੇ 9 ਮਿੰਟ ਤੱਕ ਚੱਲੇ ਕਰੀਬੀ ਮੁਕਾਬਲੇ ਵਿੱਚ ਬਾਲਾਜੀ ਤੇ ਵਰੇਲਾ ਦੀ ਜੋੜੀ ਨੂੰ 6-7 (7), 6-4, 3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ