ਟੈਨਿਸ: ਸ੍ਰੀਰਾਮ ਤੇ ਮਿਗੁਏਲ ਦੀ ਜਿੱਤ, ਨਾਗਲ ਬਾਹਰ
ਨਵੀਂ ਦਿੱਲੀ, 6 ਜਨਵਰੀ
ਭਾਰਤ ਦੇ ਐੱਨ ਸ੍ਰੀਰਾਮ ਬਾਲਾਜੀ ਅਤੇ ਮੈਕਸਿਕੋ ਦੇ ਮਿਗੁਏਲ ਰੇਯੇਸ-ਵਾਰੇਲਾ ਦੀ ਪੁਰਸ਼ ਡਬਲਜ਼ ਜੋੜੀ ਨੇ ਅੱਜ ਐਡੀਲੇਡ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦੇ ਪ੍ਰੀ-ਕੁਆਰਟਰ ਵਿੱਚ ਥਾਂ ਬਣਾ ਲਈ ਹੈ, ਜਦੋਂਕਿ ਸੁਮਿਤ ਨਾਗਲ ਸਖ਼ਤ ਚੁਣੌਤੀ ਪਾਰ ਨਹੀਂ ਕਰ ਸਕਿਆ ਅਤੇ ਔਕਲੈਂਡ ਦੇ ਏਐਸਬੀ ਕਲਾਸਿਕ ਦੇ ਸਿੰਗਲਜ਼ ਵਿੱਚ ਹਾਰ ਗਿਆ। ਬਾਲਾਜੀ ਅਤੇ ਮਿਗੁਏਲ ਦੀ ਜੋੜੀ ਨੇ ਪਹਿਲਾ ਸੈੱਟ ਗੁਆਉਣ ਮਗਰੋਂ ਜ਼ੋਰਦਾਰ ਵਾਪਸੀ ਕਰਦਿਆਂ ਭਾਰਤ ਦੇ ਰੋਹਨ ਬੋਪੰਨਾ ਅਤੇ ਉਸ ਦੇ ਜੋੜੀਦਾਰ ਕੋਲੰਬੀਆ ਦੇ ਨਿਕੋਲਸ ਬੈਰਿਨਟੋਸ ਨੂੰ 4-6, 6-2, 10-7 ਨਾਲ ਹਰਾਇਆ।
ਬੋਪੰਨਾ ਨੇ ਆਸਟਰੇਲੀਆ ਦੇ ਮੈਥਿਊ ਐਬਡੇਨ ਨਾਲ ਦੋ ਸਾਲ ਦੀ ਸਾਂਝੇਦਾਰੀ ਨੂੰ ਖਤਮ ਕਰ ਕੇ ਆਸਟਰੇਲੀਅਨ ਓਪਨ ਤੋਂ ਪਹਿਲਾਂ ਬੈਰਿਨਟੋਸ ਨਾਲ ਜੋੜੀ ਬਣਾਈ ਹੈ।
ਪਹਿਲਾ ਸੈੱਟ ਗੁਆਉਣ ਦੇ ਬਾਵਜੂਦ ਬਾਲਾਜੀ ਅਤੇ ਮਿਗੁਏਲ ਨੇ ਦੂਜੇ ਸੈੱਟ ਵਿੱਚ ਵਾਪਸੀ ਕੀਤੀ ਅਤੇ ਵਿਰੋਧੀ ਟੀਮ ਦੀ ਖ਼ਰਾਬ ਸਰਵਿਸ ਦਾ ਫਾਇਦਾ ਉਠਾਉਂਦਿਆਂ ਇੱਕ ਘੰਟੇ 15 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਜਿੱਤ ਦਰਜ ਕੀਤੀ। ਭਾਰਤ ਅਤੇ ਮੈਕਸਿਕੋ ਦੀ ਗੈਰ-ਦਰਜਾ ਪ੍ਰਾਪਤ ਜੋੜੀ ਇਸ ਏਟੀਪੀ 250 ਟੂਰਨਾਮੈਂਟ ਦੇ ਅਗਲੇ ਗੇੜ ਵਿੱਚ ਫਿਨਲੈਂਡ ਦੇ ਹੈਰੀ ਹੇਲੀਓਵਾਰਾ ਅਤੇ ਬਰਤਾਨੀਆ ਦੇ ਹੈਨਰੀ ਪੇਟੇਨ ਨਾਲ ਭਿੜੇਗੀ। ਦੂਜੇ ਪਾਸੇ ਭਾਰਤ ਦੇ ਸੀਨੀਅਰ ਸਿੰਗਲਜ਼ ਖਿਡਾਰੀ ਨਾਗਲ ਨੂੰ ਏਐੱਸਬੀ ਕਲਾਸਿਕ ਵਿੱਚ ਅਮਰੀਕਾ ਦੇ ਅਲੈਕਸ ਮਿਸ਼ੇਲਸਨ ਖ਼ਿਲਾਫ਼ ਪਹਿਲਾ ਸੈੱਟ ਜਿੱਤਣ ਦੇ ਬਾਵਜੂਦ ਦੋ ਘੰਟੇ 40 ਮਿੰਟ ਤੱਕ ਚੱਲੇ ਮੈਚ ਵਿੱਚ 7-6, 4-6, 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ