ਟੈਨਿਸ: ਨਾਗਲ ਵਿੰਬਲਡਨ ਦੇ ਪਹਿਲੇ ਗੇੜ ’ਚੋਂ ਹੀ ਬਾਹਰ
ਲੰਡਨ, 2 ਜੁਲਾਈ
ਭਾਰਤ ਦਾ ਸਿਖਰਲੇ ਦਰਜੇ ਦਾ ਟੈਨਿਸ ਖਿਡਾਰੀ ਸੁਮਿਤ ਨਾਗਲ 44 ਆਪਣੀਆਂ ਗਲਤੀਆਂ ਕਾਰਨ ਸਰਬੀਆ ਦੇ ਮਿਓਮੀਰ ਕੇਕਮਾਨੋਵਿਚ ਹੱਥੋਂ ਹਾਰ ਕੇ ਵਿੰਬਲਡਨ ਦੇ ਪਹਿਲੇ ਗੇੜ ’ਚੋਂ ਹੀ ਬਾਹਰ ਹੋ ਗਿਆ। ਪੁਰਸ਼ ਸਿੰਗਲਜ਼ ਦੇ ਮੁੱਖ ਡਰਾਅ ਵਿੱਚ ਪਹਿਲੀ ਵਾਰ ਹਿੱਸਾ ਲੈ ਰਹੇ ਨਾਗਲ ਨੂੰ ਦੋ ਘੰਟੇ 38 ਮਿੰਟ ਤੱਕ ਚੱਲੇ ਮੈਚ ਵਿੱਚ 2-6, 6-3, 3-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੁਨੀਆ ਦੇ 53ਵੇਂ ਨੰਬਰ ਦੇ ਖਿਡਾਰੀ ਕੇਕਮਾਨੋਵਿਚ ਖ਼ਿਲਾਫ਼ ਨਾਗਲ ਨੇ ਸਿਰਫ ਇੱਕ ਸੈੱਟ ਜਿੱਤਿਆ। 72ਵੇਂ ਸਥਾਨ ’ਤੇ ਕਾਬਜ਼ ਭਾਰਤ ਦੇ 26 ਸਾਲਾ ਖਿਡਾਰੀ ਨੇ 47 ਵਿਨਰ ਵੀ ਲਾਏ ਪਰ ਕੁੱਲ ਮਿਲਾ ਕੇ ਉਸ ਨੂੰ ਸੰਘਰਸ਼ ਕਰਨਾ ਪਿਆ। ਅੰਤ ਵਿੱਚ ਨਾਗਲ ਕੇਕਮਾਨੋਵਿਚ ਦੇ 122 ਅੰਕਾਂ ਦੇ ਮੁਕਾਬਲੇ ਸਿਰਫ਼ 104 ਅੰਕ ਹੀ ਬਣਾ ਸਕਿਆ। ਸਰਬੀਆ ਦੇ ਖਿਡਾਰੀ ਨੇ ਛੇ ਏਸ ਲਾਏ ਅਤੇ ਸਿਰਫ਼ ਦੋ ਡਬਲ ਫਾਲਟ ਕੀਤੇ। ਇਹ ਨਾਗਲ ਖ਼ਿਲਾਫ਼ ਕੇਕਮਾਨੋਵਿਚ ਦੀ ਦੋ ਮੈਚਾਂ ’ਚ ਦੂਜੀ ਜਿੱਤ ਹੈ। ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਨਾਗਲ ਪੰਜ ਸਾਲਾਂ ਵਿੱਚ ਵਿੰਬਲਡਨ ਪੁਰਸ਼ ਸਿੰਗਲਜ਼ ਦੇ ਮੁੱਖ ਡਰਾਅ ਵਿੱਚ ਖੇਡਣ ਵਾਲਾ ਪਹਿਲਾ ਭਾਰਤੀ ਹੈ। -ਪੀਟੀਆਈ