ਟੈਨਿਸ: ਜੀਵਨ-ਵਿਜੈ ਦੀ ਜੋੜੀ ਨੇ ਹਾਂਗਜ਼ੂ ਓਪਨ ਦਾ ਖਿਤਾਬ ਜਿੱਤਿਆ
ਨਵੀਂ ਦਿੱਲੀ, 24 ਸਤੰਬਰ
ਜੀਵਨ ਐੱਨ ਅਤੇ ਵਿਜੈ ਸੁੰਦਰ ਪ੍ਰਸ਼ਾਂਤ ਦੀ ਭਾਰਤੀ ਟੈਨਿਸ ਜੋੜੀ ਨੇ ਅੱਜ ਇੱਥੇ ਹਾਂਗਜ਼ੂ ਓਪਨ ਚੈਂਪੀਅਨ ਬਣ ਕੇ ਪੁਰਸ਼ ਡਬਲਜ਼ ਵਿੱਚ ਆਪਣਾ ਪਹਿਲਾ ਏਟੀਪੀ ਖਿਤਾਬ ਜਿੱਤਿਆ, ਜਦਕਿ ਯੂਕੀ ਭਾਂਬਰੀ ਅਤੇ ਉਸ ਦਾ ਫਰਾਂਸ ਦਾ ਜੋੜੀਦਾਰ ਅਲਬਾਨੋ ਓਲੀਵੇਟੀ ਚੇਂਗਦੂ ਓਪਨ ਵਿੱਚ ਉਪ ਜੇਤੂ ਰਹੇ। ਜੀਵਨ ਅਤੇ ਵਿਜੈ ਦੀ ਗੈਰ-ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਇਕ ਘੰਟਾ 49 ਮਿੰਟ ਤੱਕ ਚੱਲੇ ਮੈਚ ’ਚ ਜਰਮਨੀ ਦੀ ਗੈਰ ਦਰਜਾ ਪ੍ਰਾਪਤ ਜੋੜੀ ਕਾਂਸਟੈਂਟਿਨ ਫ੍ਰਾਂਟਜ਼ੇਨ ਅਤੇ ਹੈਂਡਰਿਕ ਜੇਬੈਂਸ ਨੂੰ 4-6, 7-6(5), 10-7 ਨਾਲ ਹਰਾਇਆ। ਪੈਂਤੀ ਸਾਲ ਦੇ ਜੀਵਨ ਲਈ ਇਹ ਏਟੀਪੀ ਟੂਰ ਪੱਧਰ ਦਾ ਦੂਜਾ ਖਿਤਾਬ ਹੈ। ਉਸ ਨੇ 2017 ਵਿੱਚ ਰੋਹਨ ਬੋਪੰਨਾ ਦੇ ਨਾਲ ਚੇਨੱਈ ਓਪਨ ਜਿੱਤਿਆ ਸੀ। ਵਿਜੈ ਦਾ ਇਹ ਏਟੀਪੀ ਟੂਰ ਦਾ ਪਹਿਲਾ ਖਿਤਾਬ ਹੈ। ਸ਼ੁਰੂਆਤੀ ਸੈੱਟ 4-6 ਨਾਲ ਗੁਆਉਣ ਤੋਂ ਬਾਅਦ ਭਾਰਤੀ ਜੋੜੀ ਨੇ ਸ਼ਾਨਦਾਰ ਵਾਪਸੀ ਕਰਦਿਆਂ ਦੂਜਾ ਸੈੱਟ 7-6 ਨਾਲ ਜਿੱਤ ਕੇ ਮੈਚ ਨੂੰ ਟਾਈ ਬ੍ਰੇਕ ਤੱਕ ਲਿਆਂਦਾ। ਟਾਈ ਬ੍ਰੇਕ ਵਿੱਚ ਭਾਰਤੀ ਜੋੜੀ 10-7 ਨਾਲ ਅੱਗੇ ਰਹੀ।
ਇਸ ਤੋਂ ਪਹਿਲਾਂ ਭਾਂਬਰੀ ਅਤੇ ਓਲੀਵੇਟੀ ਦੀ ਜੋੜੀ ਚੇਂਗਦੂ ਓਪਨ ਦੇ ਰੋਮਾਂਚਕ ਫਾਈਨਲ ਵਿੱਚ ਸੈਡੀਓ ਡੂਮਬੀਆ ਅਤੇ ਫੈਬੀਅਨ ਰੇਬੋਲ ਦੀ ਸਿਖਲਾ ਦਰਜਾ ਪ੍ਰਾਪਤ ਫਰਾਂਸ ਦੀ ਜੋੜੀ ਤੋਂ 4-6, 6-4, 4-10 ਨਾਲ ਹਾਰ ਕੇ ਆਪਣੇ ਤੀਜੇ ਖਿਤਾਬ ਤੋਂ ਖੁੰਝ ਗਈ। ਕਰੀਬ ਡੇਢ ਘੰਟੇ ਤੱਕ ਚੱਲੇ ਮੈਚ ’ਚ ਸ਼ੁਰੂਆਤੀ ਸੈੱਟ ਗੁਆਉਣ ਤੋਂ ਬਾਅਦ ਭਾਂਬਰੀ ਅਤੇ ਓਲੀਵੇਟੀ ਨੇ ਦੂਜਾ ਸੈੱਟ ਜਿੱਤ ਕੇ ਮੈਚ ਟਾਈ ਬ੍ਰੇਕ ਤੱਕ ਲਿਆਂਦਾ। ਭਾਰਤ ਅਤੇ ਫਰਾਂਸ ਦੇ ਖਿਡਾਰੀਆਂ ਦੀ ਜੋੜੀ ਨੇ ਵਿਰੋਧੀਆਂ ਦੇ ਦੋ ਏਸ ਦੇ ਮੁਕਾਬਲੇ ਛੇ ਏਸ ਲਾਏ ਪਰ ਛੇ ਡਬਲ ਫਾਲਟ ਉਨ੍ਹਾਂ ਨੂੰ ਮਹਿੰਗਾ ਪਿਆ। -ਪੀਟੀਆਈ