ਟੈਨਿਸ: ਡੇਵਿਸ ਕੱਪ ਵਿੱਚ ਭਾਰਤ ਨੇ ਟੋਗੋ ਨੂੰ ਹਰਾਇਆ
ਨਵੀਂ ਦਿੱਲੀ: ਐੱਨ ਸ੍ਰੀਰਾਮ ਬਾਲਾਜੀ ਅਤੇ ਰਿਤਵਿਕ ਚੌਧਰੀ ਬੋਲੀਪੱਲੀ ਦੀ ਜੋੜੀ ਨੇ ਅੱਜ ਇੱਥੇ ਟੋਗੋ ਖ਼ਿਲਾਫ਼ ਡਬਲਜ਼ ਵਰਗ ਵਿੱਚ ਜਿੱਤ ਦਰਜ ਕੀਤੀ, ਜਿਸ ਸਦਕਾ ਭਾਰਤ ਡੇਵਿਸ ਕੱਪ ਟੈਨਿਸ ਵਿਸ਼ਵ ਗਰੁੱਪ-1 ਵਿੱਚ ਬਣਿਆ ਰਹੇਗਾ। ਭਾਰਤ ਦੀ ਵਿਸ਼ਵ ਗਰੁੱਪ-1 ਪਲੇਅ-ਆਫ ਮੁਕਾਬਲੇ ਵਿੱਚ ਜਿੱਤ ਤੈਅ ਹੋਣ ਮਗਰੋਂ ਕਰਨ ਸਿੰਘ ਨੇ ਰਿਵਰਸ ਸਿੰਗਲਜ਼ ਵਿੱਚ ਜਿੱਤ ਦਰਜ ਕਰਕੇ ਟੀਮ ਦੀ ਲੀਡ 4-0 ਕਰ ਦਿੱਤੀ। ਇਸ ਤੋਂ ਬਾਅਦ ਦੋਵਾਂ ਟੀਮਾਂ ਨੇ ਆਖਰੀ (ਪੰਜਵਾਂ) ਮੈਚ ਨਾ ਖੇਡਣ ਦਾ ਫ਼ੈਸਲਾ ਕੀਤਾ। ਭਾਰਤ ਐਤਵਾਰ ਨੂੰ ਮੁਕਾਬਲੇ ਵਿੱਚ 2-0 ਦੀ ਲੀਡ ਨਾਲ ਮੈਦਾਨ ’ਚ ਉੱਤਰਿਆ ਸੀ ਅਤੇ ਉਸ ਨੂੰ ਜਿੱਤਣ ਲਈ ਤਿੰਨ ਮੈਚਾਂ ’ਚੋਂ ਸਿਰਫ਼ ਇੱਕ ਜਿੱਤ ਦੀ ਲੋੜ ਸੀ। ਬਾਲਾਜੀ ਅਤੇ ਰਿਤਵਿਕ ਦੀ ਜੋੜੀ ਨੇ ਮਲਾਪਾ ਟਿੰਗੋ ਅਕੋਮੋਲੋ ਅਤੇ ਹੋਡਾਬਾਲੋ ਇਸਾਕ ਪੇਡੀਓ ਖ਼ਿਲਾਫ਼ ਪਹਿਲੇ ਹੀ ਪੁਰਸ਼ ਡਬਲਜ਼ ਮੈਚ ਵਿੱਚ ਜਿੱਤ ਹਾਸਲ ਕੀਤੀ। ਭਾਰਤ ਇਹ ਮੈਚ 6-2, 6-1 ਨਾਲ ਜਿੱਤਿਆ। ਇਸੇ ਤਰ੍ਹਾਂ ਡੇਵਿਸ ਕੱਪ ਵਿੱਚ ਪਹਿਲਾ ਮੈਚ ਖੇਡ ਰਹੇ 21 ਸਾਲਾ ਕਰਨ ਸਿੰਘ ਨੇ 6-2, 6-3 ਨਾਲ ਜਿੱਤ ਹਾਸਲ ਕੀਤੀ। -ਪੀਟੀਆਈ