ਟੈਨਿਸ: ਕੋਕੋ ਗੌਫ ਨੇ ਪੇਗੁਲਾ ਨੂੰ ਹਰਾਇਆ
ਰਿਯਾਦ, 4 ਨਵੰਬਰ
ਅਮਰੀਕਾ ਦੀ ਕੋਕੋ ਗੌਫ ਨੇ ਡਬਲਿਊਟੀਏ ਫਾਈਨਲ ਵਿੱਚ ਹਮਵਤਨ ਜੈਸਿਕਾ ਪੇਗੁਲਾ ਨੂੰ 6-3, 6-2 ਨਾਲ ਹਰਾ ਕੇ ਸਾਲ ਦੇ ਆਖ਼ਰੀ ਟੈਨਿਸ ਟੂਰਨਾਮੈਂਟ ’ਚ ਸ਼ਾਨਦਾਰ ਸ਼ੁਰੂਆਤ ਕੀਤੀ। ਦੂਜਾ ਦਰਜਾ ਪ੍ਰਾਪਤ ਇਗਾ ਸਵਿਆਤੇਕ ਨੇ ਆਪਣੇ ਪਹਿਲੇ ਮੈਚ ਵਿੱਚ ਬਾਰਬੋਰਾ ਕ੍ਰੈਜਿਸਿਕੋਵਾ ਨੂੰ 4-6, 7-5, 6-2 ਨਾਲ ਹਰਾਇਆ। ਇਹ ਉਸ ਦੀ ਪਿਛਲੇ ਦੋ ਮਹੀਨਿਆਂ ਵਿੱਚ ਪਹਿਲੀ ਜਿੱਤ ਹੈ। ਇਸ ਟੂਰਨਾਮੈਂਟ ਵਿੱਚ ਵਿਸ਼ਵ ਦੀਆਂ ਚੋਟੀ ਦੀਆਂ ਅੱਠ ਖਿਡਾਰਨਾਂ ਭਾਗ ਲੈ ਰਹੀਆਂ ਹਨ। ਨਵੇਂ ਕੋਚ ਨਾਲ ਡਬਲਿਊਟੀਏ ਫਾਈਨਲ ਵਿੱਚ ਪਹੁੰਚੀ ਇਗਾ ਸਵਿਆਤੇਕ ਨੇ ਸਤੰਬਰ ਵਿੱਚ ਅਮਰੀਕੀ ਓਪਨ ਦੇ ਕੁਆਰਟਰ ਫਾਈਨਲ ਵਿੱਚ ਪੇਗੁਲਾ ਤੋਂ ਸਿੱਧੇ ਸੈੱਟਾਂ ’ਚ ਹਾਰਨ ਮਗਰੋਂ ਕੋਈ ਮੈਚ ਨਹੀਂ ਖੇਡਿਆ ਸੀ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਸਿਖਰਲਾ ਦਰਜਾ ਪ੍ਰਾਪਤ ਆਰਯਨਾ ਸਬਾਲੇਂਕਾ ਨੇ ਆਪਣੇ ਸ਼ੁਰੂਆਤੀ ਮੈਚ ਵਿੱਚ ਜ਼ੇਂਗ ਕਿਨਵੇਨ ’ਤੇ ਸਿੱਧੇ ਸੈਟਾਂ ’ਚ ਜਿੱਤ ਦਰਜ ਕੀਤੀ ਸੀ। ਇੱਕ ਹੋਰ ਮੈਚ ਵਿੱਚ ਚੌਥਾ ਦਰਜਾ ਪ੍ਰਾਪਤ ਇਟਲੀ ਦੀ ਜੈਸਮੀਨ ਪਾਓਲਿਨੀ ਨੇ ਪੰਜਵਾਂ ਦਰਜਾ ਪ੍ਰਾਪਤ ਇਲੇਨਾ ਰਯਬਾਕਿਨਾ ਨੂੰ ਹਰਾਇਆ ਸੀ। -ਏਪੀ