ਟੈਨਿਸ: ਬੋਪੰਨਾ-ਐਬਡਨ ਦੀ ਜੋੜੀ ਪੈਰਿਸ ਮਾਸਟਰਜ਼ ਦੇ ਕੁਆਰਟਰ ਫਾਈਨਲ ’ਚ
ਪੈਰਿਸ, 30 ਅਕਤੂਬਰ
ਭਾਰਤ ਦੇ ਸਟਾਰ ਖਿਡਾਰੀ ਰੋਹਨ ਬੋਪੰਨਾ ਅਤੇ ਉਸ ਦੇ ਆਸਟਰੇਲਿਆਈ ਜੋੜੀਦਾਰ ਮੈਥਿਊ ਐਬਡਨ ਨੇ ਇੱਥੇ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰਕੇ ਪੈਰਿਸ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਭਾਰਤ ਅਤੇ ਆਸਟਰੇਲੀਆ ਦੀ ਇਸ ਜੋੜੀ ਨੇ ਮੰਗਲਵਾਰ ਨੂੰ ਇੱਕ ਘੰਟਾ 16 ਮਿੰਟ ਤੱਕ ਚੱਲੇ ਮੈਚ ਵਿੱਚ ਬ੍ਰਾਜ਼ੀਲ ਦੇ ਮਾਰਸੇਲੋ ਮੇਲੋ ਅਤੇ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੂੰ 6-4, 7-6 ਨਾਲ ਹਰਾਇਆ। ਬੋਪੰਨਾ ਅਤੇ ਐਬਡਨ ਨੇ ਮੈਚ ਦੌਰਾਨ ਚਾਰ ਏਸ ਲਾਏ। ਭਾਰਤ ਅਤੇ ਆਸਟਰੇਲੀਆ ਦੀ ਇਸ ਤੀਜਾ ਦਰਜਾ ਪ੍ਰਾਪਤ ਜੋੜੀ ਨੇ ਪਹਿਲੀ ਗੇਮ ਵਿੱਚ ਅਹਿਮ ਬਰੇਕ ਲੈਂਦਿਆਂ ਸ਼ੁਰੂਆਤੀ ਸੈੱਟ ਆਪਣੇ ਨਾਮ ਕੀਤਾ। ਬੋਪੰਨਾ ਅਤੇ ਐਬਡਨ ਦੀ ਮੌਜੂਦਾ ਆਸਟਰੇਲਿਆਈ ਓਪਨ ਚੈਂਪੀਅਨ ਜੋੜੀ ਕੋਲ ਦੂਜੇ ਸੈੱਟ ਦੀ ਪੰਜਵੀਂ ਗੇਮ ਵਿੱਚ ਸਰਵਿਸ ਤੋੜਨ ਦਾ ਮੌਕਾ ਸੀ ਪਰ ਮੇਲੋ ਅਤੇ ਜ਼ਵੇਰੇਵ ਇਸ ਨੂੰ ਟਾਈਬ੍ਰੇਕਰ ਤੱਕ ਪਹੁੰਚਾਉਣ ਵਿੱਚ ਸਫਲ ਰਹੇ। ਬੋਪੰਨਾ ਅਤੇ ਏਬਡਨ ਪਹਿਲਾਂ ਹੀ ਸੀਜ਼ਨ ਦੇ ਆਖ਼ਰੀ ਟੂਰਨਾਮੈਂਟ ਏਟੀਪੀ ਫਾਈਨਲਜ਼ ਲਈ ਕੁਆਲੀਫਾਈ ਕਰ ਚੁੱਕੇ ਹਨ। ਉਧਰ ਅਲੈਕਸੇਈ ਪੋਪਿਰਿਨ ਨੇ ਚੌਥਾ ਦਰਜਾ ਪ੍ਰਾਪਤ ਦਾਨਿਲ ਮੈਦਵੇਦੇਵ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ। ਆਸਟਰੇਲੀਆ ਦੇ 25 ਸਾਲਾ ਖਿਡਾਰੀ ਨੇ ਰੂਸੀ ਖਿਡਾਰੀ ਨੂੰ ਤਿੰਨ ਸੈੱਟਾਂ ’ਚ 6-4, 2-6, 7-6 ਨਾਲ ਹਰਾਇਆ। -ਪੀਟੀਆਈ