ਟੈਨਿਸ: ਬੋਪੰਨਾ-ਐਬਡਨ ਦੀ ਜੋੜੀ ਏਟੀਪੀ ਫਾਈਨਲਜ਼ ’ਚ
ਨਵੀਂ ਦਿੱਲੀ, 29 ਅਕਤੂਬਰ
ਭਾਰਤੀ ਸਟਾਰ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਉਸ ਦੇ ਆਸਟਰੇਲਿਆਈ ਜੋੜੀਦਾਰ ਮੈਥਿਊ ਐਬਡਨ ਨੇ ਏਟੀਪੀ ਟੈਨਿਸ ਫਾਈਨਲਜ਼ ਵਿੱਚ ਜਗ੍ਹਾ ਬਣਾ ਲਈ ਹੈ। ਰੋਲੈਕਸ ਪੈਰਿਸ ਮਾਸਟਰਜ਼ ’ਚੋਂ ਨਥਾਨਿਏਲ ਲੈਮਨਸ ਅਤੇ ਜੈਕਸਨ ਵਿਥਰੋ ਦੀ ਜੋੜੀ ਦੇ ਬਾਹਰ ਹੋਣ ਮਗਰੋਂ ਬੋਪੰਨਾ ਅਤੇ ਐਬਡਨ ਨੂੰ ਟੂਰਨਾਮੈਂਟ ਵਿੱਚ ਜਗ੍ਹਾ ਮਿਲੀ ਹੈ। ਏਟੀਪੀ ਫਾਈਨਲਜ਼ 10 ਤੋਂ 17 ਨਵੰਬਰ ਤੱਕ ਇਨਾਲਪੀ ਐਰੀਨਾ ਵਿੱਚ ਹੋਵੇਗਾ, ਜਿਸ ’ਚ ਦੁਨੀਆ ਦੀਆਂ ਸਿਖਰਲੀਆਂ ਅੱਠ ਜੋੜੀਆਂ ਹਿੱਸਾ ਲੈਣਗੀਆਂ। ਬੋਪੰਨਾ ਅਤੇ ਐਬਡਨ ਨੇ ਆਸਟਰੇਲੀਆ ਓਪਨ ਦਾ ਖਿਤਾਬ ਜਿੱਤ ਕੇ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ।
ਇਸ ਦੌਰਾਨ ਰੋਹਨ 43 ਸਾਲ 331 ਦਿਨ ਦੀ ਉਮਰ ’ਚ ਦੁਨੀਆ ਦਾ ਨੰਬਰ ਇਕ ਖਿਡਾਰੀ ਬਣਨ ਵਾਲਾ ਉਮਰਦਰਾਜ਼ ਖਿਡਾਰੀ ਵੀ ਬਣਿਆ ਸੀ। ਇਸ ਤੋਂ ਬਾਅਦ ਬੋਪੰਨਾ ਅਤੇ ਐਬਡਨ ਨੇ ਮਿਆਮੀ ਓਪਨ ਦਾ ਖਿਤਾਬ ਜਿੱਤਿਆ। ਇਸ ਜੋੜੀ ਨੇ ਲਗਾਤਾਰ ਦੂਜੇ ਸਾਲ ਏਟੀਪੀ ਫਾਈਨਲਜ਼ ਲਈ ਕੁਆਲੀਫਾਈ ਕੀਤਾ ਹੈ। ਇਹ ਦੋਵੇਂ 2023 ਵਿੱਚ ਸੈਮੀਫਾਈਨਲ ’ਚ ਪਹੁੰਚੇ ਸਨ। ਹੁਣ ਬੋਪੰਨਾ ਦੀਆਂ ਨਜ਼ਰਾਂ ਆਪਣੇ ਪਹਿਲੇ ਏਟੀਪੀ ਫਾਈਨਲਜ਼ ਖ਼ਿਤਾਬ ’ਤੇ ਟਿਕੀਆਂ ਹੋਈਆਂ ਹਨ। ਇਸ ਤੋਂ ਪਹਿਲਾਂ ਉਸ ਨੇ 2012 ਵਿੱਚ ਮਹੇਸ਼ ਭੂਪਤੀ ਅਤੇ 2015 ’ਚ ਫਲੋਰਿਨ ਐੱਮ ਨਾਲ ਫਾਈਨਲ ਵਿੱਚ ਜਗ੍ਹਾ ਬਣਾਈ ਸੀ। -ਪੀਟੀਆਈ