For the best experience, open
https://m.punjabitribuneonline.com
on your mobile browser.
Advertisement

ਤੇਂਦੁਲਕਰ ਨੂੰ ਮਿਲੇਗਾ ਬੀਸੀਸੀਆਈ ਲਾਈਫਟਾਈਮ ਅਚੀਵਮੈਂਟ ਪੁਰਸਕਾਰ

07:12 AM Feb 01, 2025 IST
ਤੇਂਦੁਲਕਰ ਨੂੰ ਮਿਲੇਗਾ ਬੀਸੀਸੀਆਈ ਲਾਈਫਟਾਈਮ ਅਚੀਵਮੈਂਟ ਪੁਰਸਕਾਰ
ਸਚਿਨ ਤੇਂਦੁਲਕਰ , ਜਸਪ੍ਰੀਤ ਬੁਮਰਾਹ, ਸਮ੍ਰਿਤੀ ਮੰਧਾਨਾ
Advertisement

ਮੁੰਬਈ, 31 ਜਨਵਰੀ
ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਸ਼ਨਿਚਰਵਾਰ ਨੂੰ ਇੱਥੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਾਲਾਨਾ ਸਮਾਗਮ ਵਿੱਚ ਬੋਰਡ ਦੇ ‘ਲਾਈਫਟਾਈਮ ਅਚੀਵਮੈਂਟ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਪੁਰਸ਼ ਵਰਗ ਵਿੱਚ 2023-24 ਲਈ ਸਰਬੋਤਮ ਕੌਮਾਂਤਰੀ ਕ੍ਰਿਕਟਰ ਲਈ ਬੀਸੀਸੀਆਈ ਦੇ ਪੌਲੀ ਉਮਰੀਗਰ ਪੁਰਸਕਾਰ, ਜਦਕਿ ਸ਼ਾਨਦਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਮਹਿਲਾ ਵਰਗ ਵਿੱਚ ਇਸੇ ਪੁਰਸਕਾਰ ਲਈ ਚੁਣਿਆ ਗਿਆ ਹੈ।
ਭਾਰਤ ਲਈ 664 ਕੌਮਾਂਤਰੀ ਮੈਚ ਖੇਡਣ ਵਾਲੇ 51 ਸਾਲਾ ਤੇਂਦੁਲਕਰ ਦੇ ਨਾਂ ਕ੍ਰਿਕਟ ਇਤਿਹਾਸ ਵਿੱਚ ਸਭ ਤੋਂ ਵੱਧ ਟੈਸਟ ਅਤੇ ਇੱਕ ਰੋਜ਼ਾ ਦੌੜਾਂ ਬਣਾਉਣ ਦਾ ਰਿਕਾਰਡ ਹੈ। ਇਹ ਪੁਰਸਕਾਰ ਭਾਰਤੀ ਕ੍ਰਿਕਟ ਟੀਮ ਦੇ ਪਹਿਲੇ ਕਪਤਾਨ ਸੀਕੇ ਨਾਇਡੂ ਦੀ ਯਾਦ ਵਿੱਚ ਸ਼ੁਰੂ ਕੀਤਾ ਗਿਆ ਸੀ। ਬੋਰਡ ਸੂਤਰ ਨੇ ਨੂੰ ਦੱਸਿਆ, ‘ਹਾਂ, ਉਸ ਨੂੰ ਸਾਲ 2024 ਲਈ ਸੀਕੇ ਨਾਇਡੂ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।’ ਤੇਂਦੁਲਕਰ ਨੇ 200 ਟੈਸਟ ਅਤੇ 463 ਇੱਕ ਰੋਜ਼ਾ ਮੈਚ ਖੇਡੇ, ਜੋ ਕ੍ਰਿਕਟ ਇਤਿਹਾਸ ਵਿੱਚ ਕਿਸੇ ਵੀ ਖਿਡਾਰੀ ਵੱਲੋਂ ਖੇਡੇ ਗਏ ਸਭ ਤੋਂ ਵੱਧ ਮੈਚ ਹਨ। ਟੈਸਟ ਵਿੱਚ ਉਸ ਦੇ ਨਾਮ 15,921 ਦੌੜਾਂ ਅਤੇ ਇੱਕ ਰੋਜ਼ਾ ਮੈਚਾਂ ’ਚ 18,426 ਦੌੜਾਂ ਹਨ। ਉਸ ਨੇ ਆਪਣੇ ਸ਼ਾਨਦਾਰ ਕਰੀਅਰ ਵਿੱਚ ਸਿਰਫ਼ ਇੱਕ ਟੀ-20 ਕੌਮਾਂਤਰੀ ਮੈਚ ਖੇਡਿਆ। ਉਸ ਨੇ 1989 ਵਿੱਚ 16 ਸਾਲ ਦੀ ਉਮਰ ਵਿੱਚ ਪਾਕਿਸਤਾਨ ਖ਼ਿਲਾਫ਼ ਆਪਣਾ ਪਹਿਲਾ ਟੈਸਟ ਖੇਡਿਆ ਸੀ। ਉਹ ਕੌਮਾਂਤਰੀ ਕ੍ਰਿਕਟ ਦੇ ਇਤਿਹਾਸ ਵਿੱਚ 100 ਸੈਂਕੜੇ ਲਾਉਣ ਵਾਲਾ ਵੀ ਇਕਲੌਤਾ ਖਿਡਾਰੀ ਹੈ।
ਬੁਮਰਾਹ ਨੂੰ ਬੀਤੇ ਦਿਨੀਂ ਆਈਸੀਸੀ ਵੱਲੋਂ ਟੈਸਟ ਅਤੇ 2024 ਸਾਲ ਦਾ ਸਰਬੋਤਮ ਕ੍ਰਿਕਟਰਰ ਵੀ ਐਲਾਨਿਆ ਗਿਆ ਸੀ। ਉਸ ਨੇ ਪਿਛਲੇ ਸਾਲ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇੰਗਲੈਂਡ ਅਤੇ ਬੰਗਲਾਦੇਸ਼ ਖ਼ਿਲਾਫ਼ ਭਾਰਤ ਦੀਆਂ ਘਰੇਲੂ ਲੜੀ ਵਿੱਚ ਜਿੱਤਾਂ ’ਚ ਮੁੱਖ ਭੂਮਿਕਾ ਨਿਭਾਈ। 31 ਸਾਲਾ ਤੇਜ਼ ਗੇਂਦਬਾਜ਼ ਆਸਟਰੇਲੀਆ ਖ਼ਿਲਾਫ਼ ਬਾਰਡਰ-ਗਾਵਸਕਰ ਟਰਾਫੀ ਦੇ ਪੰਜ ਟੈਸਟ ਮੈਚਾਂ ਵਿੱਚ 32 ਵਿਕਟਾਂ ਲੈ ਕੇ ‘ਮੈਨ ਆਫ ਦਿ ਸੀਰੀਜ਼’ ਰਿਹਾ। ਇਸੇ ਤਰ੍ਹਾਂ ਆਈਸੀਸੀ ਦੀ ਸਾਲ ਦੀ ਸਰਬੋਤਮ ਮਹਿਲਾ ਇੱਕ ਰੋਜ਼ਾ ਕ੍ਰਿਕਟਰ ਮੰਧਾਨਾ ਨੇ 2024 ਵਿੱਚ 743 ਦੌੜਾਂ ਬਣਾਈਆਂ। ਉਸ ਨੇ ਚਾਰ ਇੱਕ ਰੋਜ਼ਾ ਸੈਂਕੜੇ ਲਾਏ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement