For the best experience, open
https://m.punjabitribuneonline.com
on your mobile browser.
Advertisement

ਮੋਹ ਦੀਆਂ ਤੰਦਾਂ

08:09 AM Mar 11, 2024 IST
ਮੋਹ ਦੀਆਂ ਤੰਦਾਂ
Advertisement

ਸੁਪਿੰਦਰ ਸਿੰਘ ਰਾਣਾ

Advertisement

"ਵੀਰ, ਬੀਬੀ ਤੇਰੇ ਨਾਲ ਗੱਲ ਕਰਨੀ ਚਾਹੁੰਦੀ। ਛੇਤੀ ਟੈਮ ਕੱਢ ਕੇ ਰੋਪੜ ਹਸਪਤਾਲ ਜਾ ਆਈਂ।” ਇਹ ਕਹਿੰਦਿਆਂ ਮਾਮੇ ਦੇ ਵੱਡੇ ਮੁੰਡੇ ਦੀ ਆਵਾਜ਼ ਬੰਦ ਜਿਹੀ ਹੋ ਗਈ। ਉਹ ਫਰਾਂਸ ਤੋਂ ਬੋਲ ਰਿਹਾ ਸੀ। “ਕੀ ਗੱਲ ਹੋ ਗਈ ਮਾਮੀ ਨੂੰ?” ਮੈਂ ਪੂਰੀ ਗੱਲ ਪੁੱਛਣੀ ਚਾਹੀ। ਉਹ ਬੋਲਿਆ, “ਬੱਸ ਘਰੋਂ ਫੋਨ ਆਇਆ ਸੀ। ਦੋ ਦਿਨ ਤੋਂ ਕੁਝ ਖਾਧਾ-ਪੀਤਾ ਨਹੀਂ ਬੀਬੀ ਨੇ। ਹਸਪਤਾਲ ਜਾਣ ਤੋਂ ਮਨ੍ਹਾ ਕਰਦੀ ਰਹੀ। ਫੇਰ ਆਵਾਜ਼ ਬੰਦ ਹੋ ਗਈ।” ਉਹ ਠੁਸਕ ਪਿਆ, “ਘਰਦੇ ਰੋਪੜ ਹਸਪਤਾਲ ਲੈ ਗਏ। ਉਨ੍ਹਾਂ ਦਾਖ਼ਲ ਕਰ ਲਿਆ। ਦੂਜੇ ਕੁ ਦਿਨ ਬੋਲਣ ਲੱਗ ਪਈ। ਬੱਸ ਤੇਰਾ ਈ ਨਾਮ ਲਿਆ; ਅਖੇ, ਆਪਣੇ ਵੀਰ ਨੂੰ ਬੁਲਾ ਦਿਓ।” ਨਾਲ ਹੀ ਦੱਸਣ ਲੱਗਿਆ, “ਮੈਂ ਟਿਕਟ ਕਰਾ ਲਈ ਆ। ਪਰਸੋਂ ਸਵੇਰੇ ਪਹੁੰਚ ਜਾਊਂਗਾ। ਤੂੰ ਜ਼ਰੂਰ ਜਾ ਆਈਂ।” ਇਹ ਕਹਿੰਦਿਆਂ ਉਹਨੇ ਫੋਨ ਕੱਟ ਦਿੱਤਾ।
ਦੂਜੇ ਦਿਨ ਮੈਂ ਰੋਪੜ ਪਹੁੰਚ ਗਿਆ। ਆਈਸੀਯੂ ਦੇ ਬਾਹਰ ਕਾਫ਼ੀ ਲੋਕ ਖੜ੍ਹੇ ਸਨ। ਸਭ ਸਮੇਂ ਦੀ ਉਡੀਕ ਕਰ ਰਹੇ ਸਨ। ਸਵੇਰੇ ਗਿਆਰਾਂ ਕੁ ਵਜੇ ਇੱਕ ਘੰਟੇ ਲਈ ਮਰੀਜ਼ ਨੂੰ ਮਿਲਣ ਲਈ ਅੰਦਰ ਜਾਣ ਦਿੱਤਾ ਜਾਂਦਾ ਸੀ ਤੇ ਸ਼ਾਮ ਨੂੰ ਪੰਜ ਤੋਂ ਛੇ ਵਜੇ। ਸਕਿਉਰਿਟੀ ਗਾਰਡ ਨੂੰ ਮਾਮੀ ਦਾ ਨਾਮ ਦੱਸ ਕੇ ਮੈਂ ਦਰਵਾਜ਼ੇ ਤੋਂ ਪਰ੍ਹਾਂ ਹੋ ਕੇ ਖੜ੍ਹ ਗਿਆ। ਦੋ ਕੁ ਜਣਿਆਂ ਦੇ ਜਾਣ ਮਗਰੋਂ ਉਹਨੇ ਮੈਨੂੰ ਅੰਦਰ ਭੇਜ ਦਿੱਤਾ। ਅੰਦਰ ਗਿਆ ਤਾਂ ਮਾਮੀ ਨੂੰ ਪਛਾਨਣਾ ਔਖਾ ਹੋਇਆ ਪਿਆ ਸੀ। ਬੈੱਡ ਅੱਗੇ ਪਏ ਮੇਜ਼ ਜਿਹੇ ਉੱਤੇ ਪਏ ਕਾਗਜ਼ ’ਤੇ ਨਾਮ ਪੜ੍ਹ ਕੇ ਪਛਾਣ ਹੋਈ। ਮੱਥਾ ਟੇਕਿਆ। ਹੌਲੀ ਜਿਹੀ ਆਵਾਜ਼ ਆਈ, “ਜਿਊਂਦਾ ਰਹਿ ਪੁੱਤ। ਆ ਗਿਆ ਤੂੰ। ਮੈਂ ਕੱਲ੍ਹ ਦੀ ਉਡੀਕੀ ਜਾਨੀ।” ਉਹਦੇ ਹੱਥ ਦੇ ਪੁੱਠੇ ਪਾਸੇ ਗੁਲੂਕੋਜ਼ ਵਾਲੀ ਡਰਿੱਪ ਲੱਗੀ ਹੋਈ ਸੀ। ਇਸ ਦੇ ਬਾਵਜੂਦ ਉਹਨੇ ਮੈਨੂੰ ਪਿਆਰ ਦੇਣ ਲਈ ਸਿਰ ’ਤੇ ਹੱਥ ਰੱਖਿਆ। ਮੇਰਾ ਹੱਥ ਆਪਣੇ ਹੱਥ ਵਿੱਚ ਫੜੀ ਰੱਖਿਆ, ਫਿਰ ਬੋਲਣ ਲੱਗੀ, “ਪੁੱਤ ਮੇਰੇ ਮਗਰੋਂ ਆਪਣੇ ਭਾਈਆਂ ਦਾ ਖਿਆਲ ਰੱਖੀਂ।” ਮੈਂ ਹੌਸਲਾ ਦਿੱਤਾ, “ਮਾਮੀ ਕੁਝ ਨਹੀਂ ਹੁੰਦਾ ਤੈਨੂੰ। ਅਜੇ ਤਾਂ ਸਾਡੇ ਨਿਆਣਿਆਂ ਦੇ ਵਿਆਹ ਦੇਖਣੇ ਨੇ ਤੂੰ।” ਆਖਣ ਲੱਗੀ, “ਕੱਲ੍ਹ ਮੈਨੂੰ ਤੇਰੀ ਨਾਨੀ ਦਿਸੀ ਸੀ। ਹੁਣ ਮੇਰਾ ਆਖਰੀ ਸਮਾਂ ਆ ਗਿਆ ਜਾਪਦਾ। ਤੂੰ ਘਰੇ ਗੇੜਾ ਮਾਰਦਾ ਰਹੀਂ। ਦੇਖੀਂ, ਮੇਰੇ ਪਿੱਛੋਂ ਇਹ ਤਿੰਨੋਂ ਕਿਤੇ ਲੜ ਨਾ ਪੈਣ। ਬੜੇ ਤਾਂ ਦੋਵੇਂ ਵਧੀਆ ਸੈੱਟ ਨੇ, ਛੋਟੇ ਦਾ ਅਜੇ ਕੁਝ ਨਹੀਂ ਬਣਿਆ। ਜੇ ਨਾ ਟਲੇ ਤਾਂ ਤਿੰਨਾਂ ਨੂੰ ਬਿਠਾ ਕੇ ਜ਼ਮੀਨ ਵੰਡ ਜੀਂ। ਤੇਰਾ ਕਹਿਣਾ ਨਹੀਂ ਕੋਈ ਮੋੜਦਾ। ਦੇਖੀਂ ਸਾਡੀ ਜ਼ਮੀਨ ਨਾ ਵਿਕਣ ਦੇਈਂ। ਬਹੁਤ ਔਖੀ ਬਣਾਈ ਤੇਰੇ ਨਾਨੇ ਤੇ ਮਾਮਿਆਂ ਨੇ।”
ਹੁਣ ਮੈਥੋਂ ਕੁਝ ਬੋਲ ਨਾ ਹੋਇਆ। ਕੁਝ ਸਮੇਂ ਮਗਰੋਂ ਸਕਿਉਰਿਟੀ ਗਾਰਡ ਅੰਦਰ ਆ ਗਿਆ। ਮੈਨੂੰ ਬਾਹਰ ਜਾਣਾ ਪੈਣਾ ਸੀ। ਮੈਂ ਕਿਹਾ- “ਦੋ ਕੁ ਮਿੰਟ!” ਬੱਚਿਆਂ ਦਾ ਹਾਲ ਚਾਲ ਪੁੱਛਣ ਮਗਰੋਂ ਮਾਮੀ ਫਿਰ ਬੋਲਣ ਲੱਗੀ, “ਤੇਰੇ ਕਹਿਣ ’ਤੇ ਮੈਨੂੰ ਕਈ ਸਾਲ ਕਵਾਟਰਾਂ ਦਾ ਕਿਰਾਇਆ ਮਿਲਦਾ ਰਿਹਾ। ਉਹਦੇ ਆਸਰੇ ਮੇਰਾ ਬੁਢੇਪਾ ਰੁਲ਼ਿਆ ਨਹੀਂ। ਦਵਾਈ ਬੂਟੀ ਚਲਦੀ ਰਹੀ। ਨਹੀਂ ਤਾਂ ਔਖਾ ਹੋ ਜਾਂਦੈ ਪੁੱਤ। ਹਾਂ ਪੁੱਤ! ਪੇਟੀ ’ਚ ਮੇਰਾ ਸਾਮਾਨ ਪਿਆ। ਤਿੰਨਾਂ ਨੂੰ ਬਿਠਾ ਕੇ ਵੰਡ ਦਈਂ।” ਫਿਰ ਮਾਮੀ ਦਾ ਹੱਥ ਢਿੱਲਾ ਪੈ ਗਿਆ। ਥੋੜ੍ਹਾ ਰੁਕ ਕੇ ਬੋਲੀ, “ਦੇਖੀਂ ਪੁੱਤ, ਪਿੱਠ ਪਿੱਛੇ ਕੀ ਹੋਇਆ।” ਕੱਪੜਾ ਉਪਰ ਚੁੱਕ ਕੇ ਦੇਖਿਆ ਤਾਂ ਜ਼ਖ਼ਮ। ਨਰਸ ਨੂੰ ਬੁਲਾ ਕੇ ਦੱਸਿਆ। ਥੋੜ੍ਹੀ ਦੇਰ ਉਥੇ ਰਹਿ ਕੇ ਘਰ ਨੂੰ ਤੁਰ ਪਿਆ। ਸਾਰੇ ਰਸਤੇ ਮਾਮੀ ਬਾਰੇ ਸੋਚਦਾ ਰਿਹਾ।
... ਬਚਪਨ ਦਾ ਜ਼ਿਆਦਾ ਸਮਾਂ ਨਾਨਕੇ ਬੀਤਿਆ ਸੀ। ਪਤਾ ਨਹੀਂ ਮਾਮੀ ਕਿਹੜੀ ਮਿੱਟੀ ਦੀ ਬਣੀ ਹੋਈ ਸੀ! ਹਰ ਸਮੇਂ ਹਸੂੰ ਹਸੂੰ ਕਰਦਾ ਚਿਹਰਾ। ਡੰਗਰਾਂ ਦਾ ਕੱਖ-ਕੰਡਾ ਕਰਨ ਦੇ ਨਾਲ ਨਾਲ ਉਹ ਨਾਨੇ-ਨਾਨੀ ਦਾ ਵੀ ਖਿਆਲ ਰੱਖਦੀ। ਵੱਡੀ ਮਾਮੀ ਦੇ ਦੋ ਨਿਆਣੇ, ਤਿੰਨ ਭੈਣ ਭਰਾ ਅਸੀਂ ਤੇ ਛੋਟੀ ਮਾਮੀ ਦੇ ਚਾਰ ਜੁਆਕ, ਸਾਰਿਆਂ ਨੂੰ ਮਾਮੀ ਰੋਜ਼ ਤਰਤੀਬ ਨਾਲ ਕੰਮ ਵੰਡ ਦਿੰਦੀ। ਛੋਟਾ ਮਾਮਾ ਦੁਬਈ ਗਿਆ ਹੋਇਆ ਸੀ। ਉਹ ਕੰਮ ਵਿੱਚ ਇੰਨਾ ਰੁੱਝੀ ਰਹਿੰਦੀ ਕਿ ਆਪਣਾ ਮੂੰਹ ਸਿਰ ਵੀ ਧੋਣਾ ਭੁੱਲ ਜਾਂਦੀ। ਅਸੀਂ ਰੋਟੀ ਖਾਣ ਲੱਗਣਾ ਤਾਂ ਉਹਨੇ ਖੇਡਣ ਅਤੇ ਜ਼ੋਰ ਵਾਲਾ ਕੰਮ ਕਰਨ ਵਾਲੇ ਨੂੰ ਦੁੱਧ, ਘੀ ਵੱਧ ਦੇਣਾ। ਸਾਰਿਆਂ ਨੇ ਰੋਟੀ ਖਾ ਲੈਣੀ ਤਾਂ ਮਾਮੀ ਨੇ ਬਹੁਤੀ ਵਾਰ ਸਾਡੀ ਜੂਠੀ ਦਾਲ ਸਬਜ਼ੀ ਨਾਲ ਹੀ ਰੋਟੀ ਖਾ ਲੈਣੀ। ਸਦਾ ਮੁਸਕਰਾਉਂਦਾ ਚਿਹਰਾ ਹੁਣ ਮੁਰਝਾਇਆ ਪਿਆ ਸੀ। ਜਵਾਨ ਹੋਏ ਨਿਆਣੇ ਅਗਾਂਹ ਬਾਲ-ਬੱਚਿਆਂ ਵਾਲੇ ਹੋ ਗਏ ਸਨ। ਇੱਕ ਦੂਜੇ ਨੂੰ ਮਿਲਣ ਦਾ ਹੁਣ ਕਿਸੇ ਕੋਲ ਸਮਾਂ ਕਿੱਥੇ ਸੀ! ਮੈਨੂੰ ਚੇਤੇ ਹੈ- ਜਦੋਂ ਮਾਮੀ ਦੇ ਵੱਡੇ ਮੁੰਡੇ ਦਾ ਵਿਆਹ ਸੀ, ਉਸ ਦਿਨ ਹੀ ਮੈਂ ਉਹਦੇ ਨਵਾਂ ਸੂਟ ਪਾਇਆ ਦੇਖਿਆ ਸੀ।
ਮਾਂ ਦੇ ਤੁਰ ਜਾਣ ਬਾਅਦ ਕੋਈ ਸਲਾਹ ਕਰਨੀ ਹੁੰਦੀ ਤਾਂ ਮਾਮੀ ਕੋਲ ਜਾਂਦੇ। ਨਾਨਾ-ਨਾਨੀ ਦੇ ਚਲਾਣੇ ਪਿੱਛੋਂ ਸੜਕ ਹਾਦਸੇ ਵਿੱਚ ਛੋਟੇ ਮਾਮੇ ਦਾ ਦੇਹਾਂਤ ਹੋ ਗਿਆ। ਮਾਮੀ ਦੇ ਤਿੰਨੇ ਪੁੱਤ ਵਿਦੇਸ਼ ਚਲੇ ਗਏ। ਛੋਟਾ ਮੁੁੰਡਾ ਕੁਝ ਸਮੇਂ ਮਗਰੋਂ ਮੁੜ ਆਇਆ। ਮਾਮੀ ਹੁਣ ਘੱਟ ਹੀ ਬੋਲਦੀ। ਕੁਝ ਤਾਂ ਉਹ ਆਪ ਢਿੱਲੀ ਰਹਿੰਦੀ, ਕੁਝ ਘਰ ਦੀਆਂ ਕਬੀਲਦਾਰੀਆਂ ਬੋਲਣ ਜੋਗਾ ਨਾ ਛੱਡਦੀਆਂ। ਬਥੇਰਾ ਕਹਿੰਦੇ ਕਿ ਮਾਮੀ, ਹੁਣ ਨਿਆਣੇ ਸਿਆਣੇ ਹੋ ਗਏ, ਬਹੁਤਾ ਫ਼ਿਕਰ ਨਾ ਕਰਿਆ ਕਰ ਪਰ ਉਹ ਕਿੱਥੇ ਸੁਣਦੀ ਸੀ।
ਦੂਜੇ ਦਿਨ ਮਾਮੀ ਦਾ ਵੱਡਾ ਪੁੱਤਰ ਵਿਦੇਸ਼ ਤੋਂ ਆ ਗਿਆ, ਸਿੱਧਾ ਹਸਪਤਾਲ ਹੀ ਪਹੁੰਚ ਗਿਆ। ਮਾਮੀ ਦੀ ਆਵਾਜ਼ ਬੰਦ ਹੋ ਗਈ ਸੀ। ਪੁੱਤ ਆਖੀ ਜਾਵੇ- “ਵੀਰ ਬੀਬੀ ਨੂੰ ਕੁਝ ਨਹੀਂ ਹੋਣਾ ਚਾਹੀਦਾ, ਜਿੰਨੇ ਮਰਜ਼ੀ ਮਹਿੰਗੇ ਹਸਪਤਾਲ ’ਚ ਲੈ ਜਾਵੋ।” ਬਹੁਤ ਓਹੜ-ਪੋਹੜ ਕੀਤੇ। ਸਭ ਵਿਅਰਥ। ਦੂਜਾ ਪੁੱਤਰ ਵੀ ਵਿਦੇਸ਼ ਤੋਂ ਤੁਰ ਪਿਆ। ਉਸ ਦੇ ਆਉਣ ਤੋਂ ਪਹਿਲਾਂ ਹੀ ਮਾਮੀ ਨੇ ਆਖ਼ਰੀ ਸਾਹ ਲਿਆ। ਦਿਨ ਢਲੇ ਦਾਗ਼ ਦੇ ਦਿੱਤਾ। ਹਫਤੇ ਮਗਰੋਂ ਭੋਗ ਪਾ ਦਿੱਤਾ। ਦੋ ਦਿਨ ਮਗਰੋਂ ਮਾਮੀ ਦਾ ਵਿਚਕਾਰਲਾ ਪੁੱਤਰ ਜਹਾਜ਼ ਵਿੱਚ ਬੈਠ ਗਿਆ। ਦੂਜੇ ਦੋਵੇਂ ਭਰਾ ਕੁਝ ਦਿਨਾਂ ਮਗਰੋਂ ਮਕਾਨ ਬਣਾਉਣ ਲੱਗ ਪਏ। ਬਾਹਰ ਫਿਰਨੀ ਕੋਲ ਜਿਹੜੀ ਥੋੜ੍ਹੀ ਜਿਹੀ ਥਾਂ ਪਈ ਸੀ, ਵੇਚ ਦਿੱਤੀ। ਮਾਮੀ ਸਾਰੀ ਉਮਰ ਕੱਚੇ ਕੋਠੇ ਲਿਪਦੀ ਰਹੀ, ਹੁਣ ਮੁੰਡਿਆਂ ਨੇ ਵਧੀਆ ਕੋਠੀ ਬਣਾ ਲਈ ਸੀ। ਕੋਠੀ ਵਿੱਚ ਉਪਰ ਥੱਲੇ ਘੁੰਮਦਿਆਂ ਕਾਫ਼ੀ ਸਮਾਂ ਲੱਗ ਜਾਂਦਾ। ਆਲੀਸ਼ਾਨ ਕੋਠੀ ਵਿੱਚ ਸੁੱਖ ਸਹੂਲਤਾਂ ਕਾਫ਼ੀ ਨੇ ਪਰ ਮੋਹ-ਮੁਹੱਬਤ ਕਿਤੇ ਦਿਖਾਈ ਨਹੀਂ ਦਿਸਦੇ। ਪਹਿਲਾਂ ਨਾਨਕੇ ਘਰੋਂ ਜਾਣ ਨੂੰ ਜੀਅ ਨਹੀਂ ਸੀ ਕਰਦਾ ਹੁੰਦਾ, ਹੁਣ ਉੱਥੇ ਰਹਿਣ ਨੂੰ ਚਿੱਤ ਨਹੀਂ ਕਰਦਾ।
ਸੰਪਰਕ: 98152-33232

Advertisement

Advertisement
Author Image

Advertisement