ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੌਜਵਾਨਾਂ ਵਿਚ ਵਿਦੇਸ਼ ਜਾਣ ਦਾ ਰੁਝਾਨ

08:34 AM Nov 11, 2023 IST

ਡਾ. ਅਮਨਦੀਪ ਰਾਜੌਰੀ

ਪੰਜਾਬ ਦੀ ਧਰਤੀ, ਪੌਣ-ਪਾਣੀ, ਜਲ ਸ੍ਰੋਤ ਅਤੇ ਵਾਤਵਰਨ ਬੜੇ ਅਦਭੁੱਤ ਹਨ। ਇੱਥੋਂ ਦਾ ਅਮੀਰ ਵਿਰਸਾ ਦੁਨੀਆ ਲਈ ਹਮੇਸ਼ਾ ਖਿੱਚ ਦਾ ਕੇਂਦਰ ਬਣਿਆ ਰਿਹਾ ਹੈ। ਗੁਰੂਆਂ, ਪੀਰ-ਪੈਗੰਬਰਾਂ ਅਤੇ ਰਿਸ਼ੀਆਂ-ਮੁਨੀਆਂ ਦੇ ਅਸ਼ੀਰਵਾਦ ਦੇ ਵਰੋਸਾਏ ਪੰਜਾਬੀ ਨੌਜਵਾਨ ਅੱਜ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੇ ਹਨ। ਪੰਜਾਬ ਦੀ ਜਵਾਨੀ ਦਾ ਪੰਜਾਬ ਤੋਂ ਮੋਹ ਭੰਗ ਹੋਣਾ ਸਭ ਲਈ ਚਿੰਤਾ ਦਾ ਵਿਸ਼ਾ ਹੈੈ। ਇੰਝ ਲੱਗਦਾ ਹੈ, ਜਿਵੇਂ ਪੰਜਾਬ ਦਾ ਨੌਜਵਾਨ ਆਪਣੀ ਜਨਮ ਭੂਮੀ ਤੋਂ ਇੱਕ ਤਰ੍ਹਾਂ ਨਾਲ ਬੇਮੁਖ ਹੋ ਕੇ ਵਿਦੇਸ਼ੀ ਧਰਤੀ ਨੂੰ ਭਾਗ ਲਾ ਰਿਹਾ ਹੈ। ਕਾਲਜਾਂ ਅਤੇ ਯੂਨੀਵਰਸਿਟੀਆਂ ਅੰਦਰ ਵਿਦਿਆਰਥੀਆਂ ਦੇ ਘਟ ਰਹੇ ਦਾਖ਼ਲੇ ਇਸ ਦੀ ਗਵਾਹੀ ਭਰ ਰਹੇ ਹਨ। ਮੈਡੀਕਲ ਖੇਤਰ ਤੋਂ ਇਲਾਵਾ ਤਕਨੀਕੀ ਕੋਰਸ, ਬੀਐੱਡ ਅਤੇ ਇੰਜਨੀਅਰਿੰਗ ਦੇ ਕਾਲਜ ਵੀ ਇੱਕ ਤਰ੍ਹਾਂ ਨਾਲ ਵੈਂਟੀਲੇਟਰ ’ਤੇ ਪਏ ਹਨ। ਉਂਝ ਇਹ ਸਥਤਿੀ ਪੰਜਾਬ ਸਮੇਤ ਗੁਆਂਢੀ ਪ੍ਰਾਂਤਾਂ ਵਿਚ ਬਣ ਰਹੀ ਹੈ ਪਰ ਹੋਰ ਪ੍ਰਾਂਤਾਂ ਦੇ ਮੁਕਾਬਲੇ ਪੰਜਾਬ ਤੋਂ ਵਿਦੇਸ਼ ਜਾਣ ਦੇ ਅੰਕੜੇ ਬੜੇ ਹੈਰਾਨਕੁਨ ਹਨ। ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਦਿੱਲੀ ਸਮੇਤ ਹੋਰ ਪ੍ਰਾਂਤਾਂ ਦੇ ਵਧੇਰੇ ਨੌਜਵਾਨ ਅਮਰੀਕਾ, ਕੈਨੇਡਾ, ਆਸਟਰੇਲੀਆ ਆਦਿ ਦੇਸ਼ਾਂ ਵਿਚ ਜਾ ਰਹੇ ਹਨ; ਯੂਪੀ, ਬਿਹਾਰ ਦੇ ਲੋਕਾਂ ਦਾ ਰੁਝਾਨ ਖਾੜੀ ਦੇਸ਼ਾਂ ਵੱਲ ਹੈ। ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਨਤਿਿਆ ਨੰਦ ਰਾਏ ਨੇ ਲੋਕ ਸਭਾ ਵਿਚ ਜਾਣਕਾਰੀ ਸਾਂਝੀ ਕਰਦਿਆਂ ਪਿਛਲੇ ਸਾਲ ਦੱਸਿਆ ਸੀ ਕਿ ਹੁਣ ਤੱਕ ਇੱਕ ਕਰੋੜ 33 ਲੱਖ 83 ਹਜ਼ਾਰ 718 ਭਾਰਤੀ ਨਾਗਰਿਕ ਵਿਦੇਸ਼ਾਂ ਵਿਚ ਗਏ ਹਨ। ਇਹ ਅੰਕੜਾ ਕੁਝ ਸਾਲਾਂ ’ਚ ਹੀ ਲੱਖਾਂ ਤੋਂ ਵਧ ਕੇ ਕਰੋੜਾਂ ਵਿਚ ਪੁੱਜ ਗਿਆ।
ਦੇਸ਼ ਛੱਡ ਕੇ ਵਿਦੇਸ਼ ਜਾਣ ਵਾਲਿਆਂ ਦੇ ਆਪਣੇ ਕਾਰਨ ਹੋਣਗੇ ਜੋ ਕੌਮੀ ਪੱਧਰ ’ਤੇ ਘੋਖਣ ਦਾ ਵਿਸ਼ਾ ਹੈ। ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਨੌਜਵਾਨ ਲੜਕੇ-ਲੜਕੀਆਂ ਵਿਦੇਸ਼ਾਂ ਵਿਚ ਪੜ੍ਹਨ ਜਾਂਦੇ ਹਨ ਅਤੇ ਫਿਰ ਪੰਜਾਬ ਵਾਪਸ ਨਹੀਂ ਆਉਂਦੇ। ਉਹ ਵਿਦੇਸ਼ੀ ਨਾਗਰਿਕਤਾ ਹਾਸਲ ਕਰ ਕੇ ਉਥੇ ਖੁਸ਼ਹਾਲ ਜ਼ਿੰਦਗੀ ਜਿਊਂਦੇ ਹਨ। ਸੂਬੇ ਵਿਚ 2016 ਤੋਂ ਫਰਵਰੀ 2021 ਤੱਕ ਨੌਂ ਲੱਖ 84 ਹਜ਼ਾਰ ਨੌਜਵਾਨ ਪੰਜਾਬ ਅਤੇ ਚੰਡੀਗੜ੍ਹ ਤੋਂ ਵਿਦੇਸ਼ ਵੱਸ ਗਏ। ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਹਨ। ਵੱਡੀਆਂ ਵੱਡੀਆਂ ਕੋਠੀਆਂ ਨੂੰ ਤਾਲੇ ਲੱਗੇ ਹੋਏ ਹਨ। ਬਜ਼ੁਰਗ ਸ਼ਾਮ ਨੂੰ ਇਕੱਠੇ ਹੋ ਕੇ ਵਿਦੇਸ਼ਾਂ ਵਿਚ ਗਏ ਆਪਣੇ ਜਿਗਰ ਦੇ ਟੋਟਿਆਂ ਦੀਆਂ ਗੱਲਾਂ ਕਰ ਕੇ ਦਿਲ ਹੌਲਾ ਕਰ ਲੈਂਦੇ ਹਨ। ਪੰਜਾਬ ਦੀ ਜਵਾਨੀ ਨੇ ਜੋ ਵੱਡੇ ਪੱਧਰ ’ਤੇ ਵਿਦੇਸ਼ਾਂ ਦਾ ਰੁਖ ਕੀਤਾ ਹੈ, ਇਸ ਦੀ ਪਿੱਠ ਭੂਮੀ ਇੱਕ ਦਿਨ ਵਿਚ ਤਿਆਰ ਨਹੀਂ ਹੋਈ। ਆਜ਼ਾਦੀ ਦੇ ਸਾਢੇ ਸੱਤ ਦਹਾਕੇ ਬੀਤ ਜਾਣ ਬਾਅਦ ਅਸੀਂ ਅਜੇ ਆਪਣੇ ਨਾਗਰਿਕਾਂ ਨੂੰ ਮੁੱਢਲੀਆਂ ਸਹੂਲਤਾਂ ਵੀ ਨਹੀਂ ਦੇ ਸਕੇ।
ਜਿੱਥੇ ਬੱਚੇ ਵਿਦੇਸ਼ ਜਾਣਾ ਚਾਹੁੰਦੇ ਹਨ ਉਥੇ ਉਨ੍ਹਾਂ ਦੇ ਮਾਪੇ ਵੀ ਉਨ੍ਹਾਂ ਨੂੰ ਵਿਦੇਸ਼ ਭੇਜਣ ਲਈ ਤੱਤਪਰ ਹਨ। ਕਿਉਂਕਿ ਰਾਜ ਸੱਤਾ ਦਾ ਸੁਖ ਭੋਗ ਰਹੀਆਂ ਸਰਕਾਰਾਂ ਦੇ ਫੋਕੇ ਵਾਅਦਿਆਂ ਅਤੇ ਲਾਰਿਆਂ ਨੇ ਉਨ੍ਹਾਂ ਦਾ ਵੀ ਪੰਜਾਬ ਤੋਂ ਮੋਹ-ਭੰਗ ਕਰ ਦਿੱਤਾ ਹੈ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਅੰਦਰ ਬੇਰੁਜ਼ਗਾਰੀ ਅਤੇ ਨੌਜਵਾਨਾਂ ਪ੍ਰਤੀ ਸਰਕਾਰਾਂ ਦਾ ਬੇਰੁਖ਼ੀ ਵਾਲਾ ਵਤੀਰਾ ਪਰਵਾਸ ਦਾ ਵੱਡਾ ਕਾਰਨ ਹੈ। ਅਸੀਂ ਜਾਣਦੇ ਹਾਂ ਕਿ ਗਰੀਬੀ ਅਤੇ ਅਨਪੜ੍ਹਤਾ ਸਕੀਆਂ ਭੈਣਾਂ ਹਨ। ਪੜ੍ਹੇ ਲਿਖੇ ਨੌਜਵਾਨ ਹਾਸ਼ੀਏ ’ਤੇ ਚਲੇ ਗਏ। ਸੱਤਾਧਾਰੀਆਂ ਅਤੇ ਗੈਂਗਸਟਰਾਂ ਦੇ ਗੱਠਜੋੜ ਨੇ ਹੋਰ ਬਰਬਾਦ ਕਰ ਦਿੱਤਾ। ਇਹ ਜ਼ਮੀਨਾਂ ਕੌਡੀਆਂ ਦੇ ਭਾਅ ਖਰੀਦ ਕੇ ਬਿਲਡਿੰਗਾਂ ਉਸਾਰਨ ਲੱਗੇ। ਸੱਤਾ ਦੇ ਗੈਂਗਸਟਰਾਂ ਅਤੇ ਬਿਲਡਰਾਂ ਨਾਲ ਗੱਠਜੋੜ ਨੇ ਆਰਥਿਕ ਪੱਖੋਂ ਪੰਜਾਬ ਨੂੰ ਬਰਬਾਦ ਕਰ ਦਿੱਤਾ। ਗਲੀਆਂ ਬਾਜ਼ਾਰਾਂ ਅੰਦਰ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਨੌਜਵਾਨਾਂ ਸਰਕਾਰੀ ਨੌਕਰੀਆਂ ਨਹੀਂ ਮਿਲ ਰਹੀਆਂ। ਪੱਕੇ ਮੁਲਾਜ਼ਮਾਂ ਦੀ ਥਾਂ ਕੱਚੇ ਮੁਲਾਜ਼ਮ ਰੱਖੇ ਜਾ ਰਹੇ ਹਨ। ਇਹ ਮੁਲਾਜ਼ਮ ਪੱਕੇ ਹੋਣ ਦੀ ਆਸ ਵਿਚ ਕਈ ਕਈ ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਅੱਜ ਦੀ ਨੌਜਵਾਨ ਪੀੜ੍ਹੀ ਆਪਣੀਆਂ ਅੱਖਾਂ ਨਾਲ ਇਨ੍ਹਾਂ ਦੀ ਲੁੱਟ ਦੇਖ ਰਹੀ ਹੈ। ਫਿਰ ਅਜਿਹੇ ਹਾਲਾਤ ਵਿਚ ਪੰਜਾਬੀ ਨੌਜਵਾਨ ਵਿਦੇਸ਼ਾਂ ਦਾ ਰੁਖ ਨਾ ਕਰਨ ਤਾਂ ਹੋਰ ਕੀ ਕਰਨ?
ਪਿੰਡਾਂ ਦੇ ਸਕੂਲਾਂ ਦੀ ਹਾਲਤ ਇਹ ਹੈ ਕਿ ਪੰਜਾਬ ਦੇ ਹਜ਼ਾਰਾਂ ਅਜਿਹੇ ਪ੍ਰਾਇਮਰੀ ਸਕੂਲ ਹਨ ਜਿੱਥੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਬੱਚਿਆਂ ਨੂੰ ਇੱਕ ਹੀ ਮਾਸਟਰ ਪੜ੍ਹਾ ਰਿਹਾ ਹੈ। ਵੱਡੀਆਂ ਕਲਾਸਾਂ ਵਿਚ ਦੂਜੇ ਵਿਸ਼ਿਆਂ ਦੇ ਅਧਿਆਪਕ ਪੰਜਾਬੀ ਪੜ੍ਹਾ ਰਹੇ ਹਨ। ਸਕੂਲਾਂ ਅੰਦਰ ਬੱਚਿਆਂ ਦੀ ਗਿਣਤੀ ਘਟ ਰਹੀ ਹੈ।
ਸਿਹਤ ਸਹੂਲਤਾਂ ਦੇਣ ਤੋਂ ਸਰਕਾਰਾਂ ਅਸਮਰੱਥ ਰਹੀਆਂ ਹਨ। ਸਰਕਾਰੀ ਹਸਪਤਾਲਾਂ ਦਾ ਪ੍ਰਬੰਧ ਸੰਤੁਸ਼ਟੀ ਵਾਲਾ ਨਹੀਂ। ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਘਾਟ ਹੈ। ਪ੍ਰਾਈਵੇਟ ਇਲਾਜ ਬਹੁਤ ਮਹਿੰਗਾ ਹੈ। ਜਿੱਥੇ ਬੀਤੇ ਸਮਿਆਂ ਦੌਰਾਨ ਰਵਾਇਤੀ ਸੱਤਾਧਾਰੀ ਪਾਰਟੀਆਂ ਨੇ ਆਪਣਾ ਬਣਦਾ ਰੋਲ ਅਦਾ ਨਹੀਂ ਕੀਤਾ, ਉਥੇ ਕੌਮੀ ਸਰਕਾਰਾਂ ਦੀ ਨਿੱਜੀਕਰਨ ਦੀ ਨੀਤੀ ਨੇ ਵੀ ਲੋਕਾਂ ਦਾ ਘਾਣ ਕੀਤਾ ਤੇ ਬੇਰੁਜ਼ਗਾਰੀ ਵਿਚ ਵਾਧਾ ਕੀਤਾ।
ਇਹੀ ਉਹ ਕਾਰਨ ਹਨ ਜਿਨ੍ਹਾਂ ਕਰ ਕੇ ਨੌਜਵਾਨ ਵਿਦੇਸ਼ ਜਾ ਰਿਹਾ ਹੈ। ਅੱਜ ਦਾ ਨੌਜਵਾਨ ਚਾਹੁੰਦਾ ਹੈ ਕਿ ਉਸ ਨੂੰ ਲਾਲ ਪੀਲੇ ਕਾਰਡਾਂ, ਆਟਾ ਦਾਲ ਸਕੀਮ, ਬੁਢਾਪਾ ਪੈਨਸ਼ਨ ਸਮੇਤ ਹੋਰ ਸਬਸਿਡੀਆਂ ਦੀ ਜਗ੍ਹਾ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਰੁਜ਼ਗਾਰ ਦੀ ਗਾਰੰਟੀ ਦਿੱਤੀ ਜਾਵੇ ਅਤੇ ਇਕਸਾਰ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਤਾਂ ਜੋ ਉਹ ਸਨਮਾਨ ਭਰੀ ਜ਼ਿੰਦਗੀ ਜੀਅ ਸਕੇ।
ਸੰਪਰਕ: 94191-71191

Advertisement

Advertisement