For the best experience, open
https://m.punjabitribuneonline.com
on your mobile browser.
Advertisement

ਦਸ ਭਾਰਤੀ ਮਛੇਰਿਆਂ ’ਤੇ ਸ੍ਰੀਲੰਕਾ ਜਲ ਸੈਨਾ ਦੇ ਮਲਾਹ ਦੀ ਮੌਤ ਦਾ ਲਾਇਆ ਜਾਵੇਗਾ ਦੋਸ਼

07:47 AM Jun 28, 2024 IST
ਦਸ ਭਾਰਤੀ ਮਛੇਰਿਆਂ ’ਤੇ ਸ੍ਰੀਲੰਕਾ ਜਲ ਸੈਨਾ ਦੇ ਮਲਾਹ ਦੀ ਮੌਤ ਦਾ ਲਾਇਆ ਜਾਵੇਗਾ ਦੋਸ਼
Advertisement

ਕੋਲੰਬੋ, 27 ਜੂਨ
ਸ੍ਰੀਲੰਕਾ ਦੀ ਸਮੁੰਦਰੀ ਸੀਮਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਮੱਛੀਆਂ ਫੜਨ ਦੇ ਦੋਸ਼ ਹੇਠ ਸੋਮਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਦਸ ਭਾਰਤੀ ਮਛੇਰਿਆਂ ’ਤੇ ਜਲ ਸੈਨਾ ਦੇ ਇੱਕ ਮਲਾਹ ਦੀ ਮੌਤ ਦਾ ਦੋਸ਼ ਲਾਇਆ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਮਛੇਰਿਆਂ ਦੀ ਕਿਸ਼ਤੀ ਜ਼ਬਤ ਕਰਨ ਦੀ ਮੁਹਿੰਮ ਦੌਰਾਨ ਇਸ ਮਲਾਹ ਦੀ ਮੌਤ ਹੋ ਗਈ ਸੀ। ਸ੍ਰੀਲੰਕਾ ਦੀ ਜਲ ਸੈਨਾ ਤਰਫ਼ੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਲ ਸੈਨਾ ਦੇ ਵਿਸ਼ੇਸ਼ ‘ਬੋਟ ਸਕੁਆਡਰੋਨ’ ਦੇ ਇੱਕ ਸੀਨੀਅਰ ਮਲਾਹ ਨੂੰ ਭਾਰਤੀ ਕਿਸ਼ਤੀ ਨੂੰ ਜ਼ਬਤ ਕਰਨ ਦੇ ਵਿਰੋਧ ਦੌਰਾਨ ਗੰਭੀਰ ਸੱਟਾਂ ਲੱਗੀਆਂ। ਬਿਆਨ ਵਿੱਚ ਕਿਹਾ ਗਿਆ, ‘‘ਸੀਨੀਅਰ ਮਲਾਹ ਨੂੰ ਜਾਫਨਾ ਦੇ ਟੀਚਿੰਗ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।’’ ਸ੍ਰੀਲੰਕਾ ਦੀ ਜਲ ਸੈਨਾ ਨੇ ਦੱਸਿਆ ਕਿ ਸੋਮਵਾਰ ਨੂੰ ਦਸ ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੀ ਮੱਛੀਆਂ ਫੜਨ ਵਾਲੀ ਕਿਸ਼ਤੀ ਨੂੰ ਜ਼ਬਤ ਕਰ ਲਿਆ ਗਿਆ। ਮੱਛੀਆਂ ਫੜਨ ਵਾਲੀ ਕਿਸ਼ਤੀ ਨੂੰ ਕਾਂਕੇਸੰਤੁਰਾਈ ਬੰਦਰਗਾਹ ’ਤੇ ਲਿਆਂਦਾ ਗਿਆ ਅਤੇ ਮਛੇਰਿਆਂ ਨੂੰ ਕਾਨੂੰਨੀ ਕਾਰਵਾਈ ਲਈ ਮੈਲਾਡੀ ਫਿਸ਼ਰੀਜ਼ ਇੰਸਪੈਕਟਰ ਨੂੰ ਸੌਂਪ ਦਿੱਤਾ ਗਿਆ। ਜਲ ਸੈਨਾ ਨੇ ਦੱਸਿਆ ਕਿ ਜਾਫਨਾ ਮੈਜਿਸਟਰੇਟ ਨੇ ਮਲਾਹ ਦਾ ਪੋਸਟਮਾਰਟਮ ਕਰਵਾਇਆ ਅਤੇ ਜਾਂਚ ਤੋਂ ਪਤਾ ਲੱਗਿਆ ਕਿ ਮਲਾਹ ਦੀ ਮੌਤ ਹਾਦਸੇ ਦੌਰਾਨ ਰੀੜ੍ਹ ਦੀ ਹੱਡੀ ’ਤੇ ਸੱਟ ਲੱਗਣ ਕਾਰਨ ਹੋਈ ਸੀ। -ਪੀਟੀਆਈ

Advertisement

ਜੈਸ਼ੰਕਰ ਨੇ ਸਟਾਲਿਨ ਨੂੰ ਭਾਰਤੀ ਮਛੇਰਿਆਂ ਦੀ ਰਿਹਾਈ ਦਾ ਦਿੱਤਾ ਭਰੋਸਾ

ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੂੰ ਭਰੋਸਾ ਦਿਵਾਇਆ ਕਿ ਦੱਖਣੀ ਰਾਜ ਦੇ 34 ਭਾਰਤੀ ਮਛੇਰਿਆਂ ਦੀ ਰਿਹਾਈ ਲਈ ਯਤਨ ਕੀਤੇ ਜਾਣਗੇ, ਜੋ ਸ੍ਰੀਲੰਕਾ ਦੀ ਹਿਰਾਸਤ ਵਿੱਚ ਹਨ। ਜੈਸ਼ੰਕਰ ਦਾ ਇਹ ਭਰੋਸਾ ਸਟਾਲਿਨ ਵੱਲੋਂ ਵਿਦੇਸ਼ ਮੰਤਰੀ ਨੂੰ ਮਛੇਰਿਆਂ ਦੀ ਰਿਹਾਈ ਲਈ ਦਖ਼ਲ ਦੇਣ ਦੀ ਅਪੀਲ ਮਗਰੋਂ ਆਇਆ ਹੈ। ਜੈਸ਼ੰਕਰ ਨੇ ਸਟਾਲਿਨ ਨੂੰ ਇੱਕ ਪੱਤਰ ਵਿੱਚ ਲਿਖਿਆ, ‘‘ਕੇਂਦਰ ਭਾਰਤੀ ਮਛੇਰਿਆਂ ਦੀ ਭਲਾਈ ਅਤੇ ਸੁਰੱਖਿਆ ਨੂੰ ‘ਸਭ ਤੋਂ ਵੱਧ ਤਰਜੀਹ’ ਦਿੰਦਾ ਹੈ।’’ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਇਸ ਮੁੱਦੇ ’ਤੇ 19, 25 ਅਤੇ 25 ਜੂਨ ਨੂੰ ਵਿਦੇਸ਼ ਮੰਤਰੀ ਨੂੰ ਪੱਤਰ ਲਿਖੇ ਸਨ। ਜੈਸ਼ੰਕਰ ਨੇ ਕਿਹਾ ਕਿ ਕੋਲੰਬੋ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਜਾਫਨਾ ਵਿੱਚ ਭਾਰਤੀ ਵਣਜ ਦੂਤਾਵਾਸ ਨਜ਼ਰਬੰਦ ਲੋਕਾਂ ਦੀ ਜਲਦੀ ਰਿਹਾਈ ਲਈ ਅਜਿਹੇ ਮਾਮਲਿਆਂ ਨੂੰ ਲਗਾਤਾਰ ਉਠਾ ਰਹੇ ਹਨ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×