ਕਾਲਜ ਵਿੱਚ ਦਸ ਰੋਜ਼ਾ ਐੱਨਸੀਸੀ ਕੈਂਪ ਸਮਾਪਤ
ਪੱਤਰ ਪ੍ਰੇਰਕ
ਜਲੰਧਰ, 27 ਨਵੰਬਰ
ਇੱਥੇ ਪੰਜਾਬ ਐੱਨਸੀਸੀ ਬਟਾਲੀਅਨ ਦੀ ਅਗਵਾਈ ਹੇਠ ਡੀਏਵੀ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਕਾਲਜ ਵਿੱਚ ਦਸ ਰੋਜ਼ਾ ਕੈਂਪ ਸਮਾਪਤ ਹੋ ਗਿਆ। 350 ਐੱਨਸੀਸੀ ਕੈਡੇਟਾਂ ਨੇ ਮਿਲਟਰੀ ਸਿਖਲਾਈ, ਸ਼ਖਸੀਅਤ ਵਿਕਾਸ ਅਤੇ ਲੀਡਰਸ਼ਿਪ ਦੇ ਮੰਤਰ ਸਿੱਖੇ। ਗਰੁੱਪ ਕਮਾਂਡਰ ਬ੍ਰਿਗੇਡੀਅਰ ਸੈਨਾ ਮੈਡਲ ਅਜੇ ਤਿਵਾੜੀ ਨੇ ਵੀ ਕੈਂਪ ਦਾ ਨਿਰੀਖਣ ਕੀਤਾ। ਕੈਂਪ ਕਮਾਂਡਰ ਕਰਨਲ ਵਿਨੋਦ ਜੋਸ਼ੀ ਨੇ ਦੱਸਿਆ ਕਿ ਕੈਂਪ ਦੌਰਾਨ ਉਨ੍ਹਾਂ ਨੂੰ ਸਵੇਰੇ ਛੇ ਵਜੇ ਸਵੇਰੇ ਉੱਠਣ, ਰੋਜ਼ਾਨਾ ਦੇ ਕੰਮ ਕਰਨ, ਦੌੜਨ ਅਤੇ ਕਸਰਤ ਕਰਨੀ ਸਿਖਾਈ ਗਈ। ਕਰਨਲ ਜੋਸ਼ੀ ਨੇ ਦੱਸਿਆ ਕਿ ਕੈਡੇਟਾਂ ਨੂੰ ਫੌਜ ਵਿੱਚ ਡਰਿੱਲ ਦਾ ਇਤਿਹਾਸ ਅਤੇ ਮਹੱਤਵ ਸਮਝਾਇਆ ਗਿਆ। ਕੈਡਿਟਾਂ ਨੂੰ ਅਨੁਸ਼ਾਸਨ ਅਤੇ ਹਥਿਆਰਾਂ ਨਾਲ ਗੋਲੀ ਚਲਾਉਣ ਦੇ ਤਰੀਕੇ ਸਿਖਾਏ ਗਏ। ਕੈਂਪ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ ਦੇ ਗੈਸਟ ਲੈਕਚਰਾਂ ਦਾ ਵੀ ਪ੍ਰਬੰਧ ਕੀਤਾ ਗਿਆ। ਸਮਾਪਤੀ ਭਾਸ਼ਣ ਵਿੱਚ ਕਰਨਲ ਜੋਸ਼ੀ ਨੇ ਕੈਡੇਟਾਂ ਨੂੰ ਕਿਹਾ ਕਿ ਬਦਲਾਅ ਜੀਵਨ ਦਾ ਇੱਕ ਹਿੱਸਾ ਹੈ। ਸਮਰਪਣ ਅਤੇ ਸਮਝਦਾਰੀ ਨਾਲ ਸਹੀ ਰਸਤੇ ’ਤੇ ਅੱਗੇ ਵਧੋ। ਕੈਂਪ ਵਿੱਚ ਡੀਏਵੀ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਕਾਲਜ ਵੱਲੋਂ ਸਾਰੀਆਂ ਪ੍ਰਬੰਧਕੀ ਸਹੂਲਤਾਂ ਮੁਫ਼ਤ ਦਿੱਤੀਆਂ ਗਈਆਂ।