ਪਟਿਆਲਾ ਦਿਹਾਤੀ ’ਚ ਦਸ ਕਰੋੜ ਨਾਲ ਹੋਵੇਗਾ ਪਾਣੀ ਤੇ ਸੀਵਰੇਜ ਸਮੱਸਿਆ ਦਾ ਹੱਲ
ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਜੁਲਾਈ
ਵਿਧਾਨ ਸਭਾ ਹਲਕਾ ਪਟਿਆਲਾ ਵਿੱਚ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਦੇ ਸਥਾਈ ਹੱਲ ਲਈ ਤਕਰੀਬਨ ਦਸ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਜਿਸ ਸਬੰਧੀ ਕੰਮ ਦੀ ਸ਼ੁਰੂਆਤ ਹੋ ਗਈ ਹੈ। ਸਮੁੱਚੇ ਸ਼ਹਿਰ ਲਈ ਨਿਰਧਾਰਤ 14.50 ਕਰੋੜ ਰੁਪਏ ਦੇ ਪ੍ਰਾਜੈਕਟ ਵਿਚੋਂ 80 ਫੀਸਦੀ ਕੰਮ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਵਿੱਚ ਖਰਚ ਹੋਣੇ ਹਨ। ਇਹ ਪ੍ਰਗਟਾਵਾ ਜ਼ਿਲ੍ਹਾ ਯੂਥ ਕਾਂਗਰਸ ਸ਼ਹਿਰੀ ਪਟਿਆਲਾ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਤੇ ਕੌਂਸਲਰ ਹਰਵਿੰਦਰ ਸ਼ੁਕਲਾ ਦੀ ਅਗਵਾਈ ਹੇਠਾਂ ਹੋਈ ਮੀਟਿੰਗ ’ਚ ਸ਼ਾਮਲ ਵਿਧਾਨ ਸਭਾ ਹਲਕਾ ਦਿਹਾਤੀ ਦੇ ਸਮੂਹ ਕੌਂਸਲਰਾਂ ਨੇ ਸਾਂਝੇ ਤੌਰ ’ਤੇ ਕੀਤਾ। ਇਸ ਸਬੰਧੀ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਤੇ ਹਲਕੇ ਦੇ ਵਿਧਾਇਕ ਬ੍ਰਹਮ ਮਹਿੰਦਰਾ ਸਣੇ ਲੋਕ ਸਭਾ ਮੈਂਬਰ ਪਰਨੀਤ ਕੌਰ ਦਾ ਧੰਨਵਾਦ ਵੀ ਕੀਤਾ। ਮੀਟਿੰਗ ’ਚ ਸੇਵਕ ਸਿੰਘ ਝਿੱਲ, ਹਰਮਿੰਦਰਪਾਲ ਸ਼ਰਮਾ, ਸਨੀ ਗੁਰਾਬਾ, ਸੰਜੀਵ ਸ਼ਰਮਾ, ਅਮਰਪ੍ਰੀਤ ਸਿੰਘ ਬੌਬੀ, ਰਿਚੀ ਡਕਾਲਾ, ਮਨੋਜ ਠਾਕੁਰ, ਗਿਆਨ ਇਸ਼ਵਰ, ਬਿੱਟੂ ਛੀਨਾ, ਸੇਵਾ ਸਿੰਘ, ਪ੍ਰਵੀਨ ਰਾਣਾ, ਭੁੱਟੋ ਬਾਜਵਾ, ਰਾਜੇਸ਼ ਸ਼ਰਮਾ ਰਾਜੂ, ਰਾਕੇਸ਼ ਗੁਪਤਾ ਹਿਮਾਸ਼ ਜੋਸ਼ੀ ਹਾਜ਼ਰ ਸਨ। ਮੀਟਿੰਗ ਦੀ ਕਾਰਵਾਈ ਮੀਡੀਆ ਨੂੰ ਜਾਰੀ ਕਰਦਿਆਂ, ਕੌਂਸਲਰ ਸੇਵਕ ਸਿੰਘ ਝਿੱਲ ਨੇ ਦੱਸਿਆ ਕਿ ਮੀਟਿੰਗ ’ਚ ਸੰਜੀਵ ਸ਼ਰਮਾ ਹਰਵਿੰਦਰ ਸ਼ੁਕਲਾ ਦਾ ਕਹਿਣਾ ਸੀ ਕਿ ਰੋਜ਼ਾਨਾ ਪੀਣ ਵਾਲੇ ਪਾਣੀ ਤੇ ਸੀਵਰੇਜ ਨੂੰ ਲੈ ਕੇ ਲੋਕਾਂ ਦੀਆਂ ਸ਼ਿਕਾਇਤਾਂ ਵਧ ਰਹੀਆਂ ਸਨ। ਜਿਸ ਕਰਕੇ ਇਸ ਸਮੱਸਿਆ ਦਾ ਹੱਲ ਕਰਨਾ ਜ਼ਰੂਰੀ ਸੀ। ਜਿਸ ਕਰਕੇ ਹਲਕੇ ਦੇ ਸਮੂਹ ਕੌਂਸਲਰਾਂ ਵੱਲੋਂ ਇਹ ਮਾਮਲਾ ਯੂਥ ਕਾਂਗਰਸ ਦੇ ਸੂਬਾਈ ਜਨਰਲ ਸਕੱਤਰ ਮੋਹਿਤ ਮਹਿੰਦਰਾ ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਧਿਆਨ ਵਿੱਚ ਲਿਆਂਦਾ।
ਇਨ੍ਹਾਂ ਕਲੋਨੀਆਂ ਨੂੰ ਮਿਲੇਗਾ ਲਾਭ
ਕੌਂਸਲਰਾਂ ਦਾ ਕਹਿਣਾ ਹੈ ਕਿ ਸੀਵਰੇਜ ਤੇ ਵਾਟਰ ਸਪਲਾਈ ਦੀਆਂ ਲਾਈਨਾਂ ਪੈਣ ਨਾਲ਼ ਪਟਿਆਲਾ ਦਿਹਾਤੀ ਹਲਕੇ ਦੇ ਜਿਹੜੇ ਇਲਾਕਿਆਂ ਨੂੰ ਲਾਭ ਮਿਲੇਗਾ, ਉਨ੍ਹਾਂ ਵਿੱਚ ਆਦਰਸ਼ ਨਗਰ, ਆਦਰਸ਼ ਨਗਰ ਅਮਰੂਦਾਂ ਵਾਲੇ ਬਾਗ ਵਾਲੀ ਗਲੀ, ਅਵਲੋਵਾਲ ਕਰਤਾਰ ਕਾਲੋਨੀ, ਬਲੌਸਮ ਐਨਕਲੇਵ, ਅਮਨ ਬਾਗ, ਗ੍ਰੀਨ ਪਾਰਕ ਕਾਲੋਨੀ, ਤਿਰਪੜੀ ਨੇੜੇ ਕੁਟੀਆ, ਤਿਰਪੜੀ ਨੇੜੇ ਮਨੂ ਲੱਸੀ, ਬਿਸ਼ਨ ਨਗਰ, ਤਫੱਜਲਪੁਰਾ, ਸ਼ਹੀਦ ਭਗਤ ਸਿੰਘ ਨਗਰ, ਬਸੰਤ ਬਿਹਾਰ, ਕੋਹਲੀ ਸਵੀਟਸ ਦੇ ਪਿਛਲੇ ਪਾਸੇ, ਘੁੰਮਣ ਨਗਰ ਅਤੇ ਦਰਸ਼ਨ ਨਗਰ ਕਾਲੋਨੀਆਂ ਆਦਿ ਸ਼ਾਮਲ ਹਨ।