ਦਾਨ ਸਿੰਘ ਵਾਲਾ ਕਾਂਡ ਦੇ ਮੁੱਖ ਮੁਲਜ਼ਮ ਸਣੇ ਦਸ ਕਾਬੂ
ਮਨੋਜ ਸ਼ਰਮਾ
ਬਠਿੰਡਾ, 15 ਜਨਵਰੀ
ਪਿੰਡ ਦਾਨ ਸਿੰਘ ਵਾਲਾ ਵਿੱਚ ਬੀਤੇ ਵੀਰਵਾਰ ਦੀ ਅੱਧੀ ਰਾਤ ਨੂੰ ਵਾਪਰੇ ਕਾਂਡ ਦੇ ਮਾਮਲੇ ਵਿੱਚ ਪੁਲੀਸ ਨੇ ਮੁੱਖ ਮੁਲਜ਼ਮ ਰਮਿੰਦਰ ਸਿੰਘ ਉਰਫ਼ ਦਲੇਰ ਸਮੇਤ ਹੁਣ ਤੱਕ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੌਰਤਲਬ ਹੈ, ਕਿ ਇਸ ਘਟਨਾ ਵਿੱਚ ਪਿੰਡ ਦੇ ਕੋਠੇ ਜੀਵਨ ਸਿੰਘ ਵਾਲਾ ਵਿੱਚ ਨੌਜਵਾਨਾਂ ਵੱਲੋਂ ਪੌਣੀ ਦਰਜਨ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਸੀ। ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ ਵੱਲੋਂ ਡੀਐੱਸਪੀ ਭੁੱਚੋ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਇੰਸਪੈਕਟਰ ਜਸਵਿੰਦਰ ਕੌਰ ਮੁੱਖ ਅਧਿਕਾਰੀ ਥਾਣਾ ਨੇਹੀਆਂ ਵਾਲਾ ਦੀ ਇੱਕ ਵਿਸ਼ੇਸ਼ ਟੀਮ ਬਣਾਈ ਗਈ ਸੀ ਜਿਸ ਨੇ ਹੁਣ ਤੱਕ 10 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਐਸਪੀ ਅਮਰਜੀਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਰਮਿੰਦਰ ਸਿੰਘ ਉਰਫ਼ ਦਲੇਰ, ਲਭਵੀਰ ਸਿੰਘ ਉਰਫ਼ ਲਭਪ੍ਰੀਤ ਸਿੰਘ, ਅਜੇਪਾਲ ਸਿੰਘ ਉਰਫ਼ ਪਿੰਕਾ, ਧਰਮਪ੍ਰੀਤ ਸਿੰਘ, ਸਾਰੇ ਵਾਸੀਆਨ ਕੋਠੇ ਜੀਵਨ ਸਿੰਘ ਵਾਲਾ ਅਤੇ ਪਰਮਿੰਦਰ ਸਿੰਘ ਉਰਫ਼ ਹੈਪੀ ਘੱਗਾ ਸ਼ਾਮਲ ਹਨ। ਦੱਸਣਯੋਗ ਹੈ ਕਿ ਪੁਲੀਸ ਵੱਲੋਂ ਰੇਸ਼ਮ ਸਿੰਘ, ਰਣਜੀਤ ਸਿੰਘ (ਦਾਨ ਸਿੰਘ ਵਾਲਾ) ਅਤੇ ਖੁਸ਼ਪ੍ਰੀਤ ਸਿੰਘ (ਮਹਿਮਾ ਸਰਜਾ) ਨੂੰ ਮਿਤੀ 11 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 13 ਜਨਵਰੀ ਨੂੰ ਗੁਰਪ੍ਰੀਤ ਸਿੰਘ (ਕੋਠੇ ਨਾਥੇਆਣਾ ਮਹਿਮਾ ਸਰਜਾ) ਅਤੇ ਸਮਿੰਦਰ ਸਿੰਘ ਉਰਫ਼ ਧੱਲੂ (ਦਾਨ ਸਿੰਘ ਵਾਲਾ) ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਬਠਿੰਡਾ ਪੁਲੀਸ ਨੇ ਕਿਹਾ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਕਾਬੂ ਕੀਤਾ ਜਾਵੇਗਾ।