For the best experience, open
https://m.punjabitribuneonline.com
on your mobile browser.
Advertisement

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਮੀਂਹ ਨਾਲ ਤਾਪਮਾਨ ਡਿੱਗਿਆ, ਝੋਨਾ ਭਿੱਜਿਆ ਤੇ ਵਾਢੀ ਰੁਕੀ

12:09 PM Oct 16, 2023 IST
ਪੰਜਾਬ  ਹਰਿਆਣਾ ਤੇ ਚੰਡੀਗੜ੍ਹ ’ਚ ਮੀਂਹ ਨਾਲ ਤਾਪਮਾਨ ਡਿੱਗਿਆ  ਝੋਨਾ ਭਿੱਜਿਆ ਤੇ ਵਾਢੀ ਰੁਕੀ
ਮਲੋਟ ਦੀ ਮੰਡੀ ਦਾ ਦ੍ਰਿਸ਼।-ਫੋਟੋ: ਲਖਵਿੰਦਰ ਸਿੰਘ
Advertisement

ਚੰਡੀਗੜ੍ਹ, 16 ਅਕਤੂਬਰ
ਪੰਜਾਬ, ਹਰਿਆਣਾ ਅਤੇ ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਅੱਜ ਮੀਂਹ ਪਿਆ, ਜਿਸ ਕਾਰਨ ਤਾਪਮਾਨ ਵਿਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਅਨੁਸਾਰ ਹਰਿਆਣਾ ਦੇ ਅੰਬਾਲਾ, ਹਿਸਾਰ, ਸਿਰਸਾ, ਫਤਿਹਾਬਾਦ ਅਤੇ ਕੁਰੂਕਸ਼ੇਤਰ ਦੇ ਨਾਲ-ਨਾਲ ਪੰਜਾਬ ਦੇ ਲੁਧਿਆਣਾ, ਪਟਿਆਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ ਅਤੇ ਮੁਹਾਲੀ ਵਿੱਚ ਵੀ ਮੀਂਹ ਪਿਆ। ਭਾਰੀ ਬਰਸਾਤ ਨੇ ਪੰਜਾਬ ਤੇ ਹਰਿਆਣਾ ’ਚ ਕਿਸਾਨਾਂ ਦੇ ਸਾਹ ਸੂਤ ਲਏ ਹਨ। ਖੇਤਾਂ ’ਚ ਖੜੀ ਝੋਨੇ ਦੀ ਫਸਲ ਵਿਛ ਗਈ ਹੈ ਤੇ ਮੰਡੀਆਂ ’ਚ ਆਇਆ ਝੋਨਾ ਭਿੱਜ ਗਿਆ ਹੈ।

ਮਲੋਟ (ਲਖਵਿੰਦਰ ਸਿੰਘ): ਬੇਮੌਸਮੇਂ ਮੀਂਹ ਕਰਕੇ ਦਾਣਾ ਮੰਡੀ 'ਚ ਪਿਆ ਝੋਨਾ ਮੀਂਹ ਦੇ ਪਾਣੀ ਵਿਚ ਰੁੜ ਗਿਆ, ਉਥੇ ਖੇਤਾਂ ਵਿਚ ਖੜ੍ਹੀ ਫਸਲ ਵੀ ਨੁਕਸਾਨੀ ਗਈ ਹੈ। ਮਾੜੇ ਖ਼ਰੀਦ ਪ੍ਰਬੰਧਾਂ ਕਰਕੇ ਝੋਨੇ ਦੀ ਚੁਕਾਈ ਨਾ ਹੋਣ ਕਰਕੇ ਕਿਸਾਨ ਵੱਡੀ ਮੁਸੀਬਤ ਦੇ ਸ਼ਿਕਾਰ ਹੋ ਚੁੱਕੇ ਹਨ।

Advertisement

ਇਸ ਸਬੰਧੀ ਕਿਸਾਨ ਯੂਨੀਅਨ ਖੋਸਾ ਦੇ ਉੱਪ ਪ੍ਰਧਾਨ ਪੰਜਾਬ, ਭਗਵੰਤ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਇੰਦਰਜੀਤ ਸਿੰਘ ਅਸਪਾਲਾਂ, ਕਿਸਾਨ ਬਲਕਾਰ ਸਿੰਘ, ਅਮਨਦੀਪ ਸਿੰਘ ਦਾਨੇਵਾਲਾ ਆਦਿ ਨੇ ਕਿਹਾ ਕਿ ਜੇ ਚੁਕਾਈ ਨਾਲ ਦੀ ਨਾਲ ਹੁੰਦੀ ਤਾਂ ਕਿਸਾਨਾਂ ਦੇ ਝੋਨੇ ਦੀ ਬੇਕਦਰੀ ਨਾ ਹੁੰਦੀ। ਉਨ੍ਹਾਂ ਮੰਡੀ ਦੀ ਸੜਕ ਦੇ ਨਾਲ-ਨਾਲ ਪਿਆ ਸਾਰੇ ਦਾ ਸਾਰਾ ਝੋਨਾ ਸੀਵਰੇਜ ਵਿਚ ਜਾਂਦਾ ਦਿਖਾਇਆ। ਕਿਸਾਨਾਂ ਨੇ ਕਿਹਾ ਕਿ ਆੜ੍ਹਤੀਆਂ, ਮਜ਼ਦੂਰਾਂ ਅਤੇ ਸ਼ੈਲਰ ਵਾਲਿਆਂ ਦੀ ਲਗਾਤਾਰ ਹੜਤਾਲ ਕਰਕੇ ਝੋਨੇ ਦੀ ਚੁਕਾਈ ਨਹੀਂ ਹੋਈ, ਜੇ ਚੁਕਾਈ ਸਮੇਂ ਸਿਰ ਹੁੰਦੀ ਤਾਂ ਝੋਨੇ ਦਾ ਕਿਸੇ ਹੱਦ ਤੱਕ ਬਚਾਅ ਹੋ ਜਾਂਦਾ। ਹੁਣ ਕਿਸਾਨਾਂ ਨੂੰ ਸਾਰਾ ਝੋਨਾ ਸੁਕਾਉਣ ਲਈ ਹੋਰ ਮੁਸ਼ੱਕਤ ਕਰਨੀ ਪਈ। ਸ਼ੈੱਲਰ ਯੂਨੀਅਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਸਰਕਾਰਾਂ ਵੱਲੋਂ ਸ਼ੈਲਰਾਂ ਵਾਲਿਆਂ 'ਤੇ ਬੇਲੋੜਾ ਭਾਰ ਪਾਇਆ ਜਾ ਰਿਹਾ, ਜਿਸ ਕਰਕੇ ਹੜਤਾਲ ਕੀਤੀ ਹੈ। ਮਾਰਕੀਟ ਕਮੇਟੀ ਦੇ ਸਕੱਤਰ ਅਮਨਦੀਪ ਸਿੰਘ ਕੰਗ ਨੇ ਮੀਂਹ ਕਰਕੇ ਹੋਏ ਨੁਕਸਾਨ ਦੀ ਗੱਲ ਮੰਨਦਿਆਂ ਕਿਹਾ ਕਿ ਮੰਡੀ ਵਿੱਚ ਖ਼ਰੀਦ ਦੇ ਪ੍ਰਬੰਧ ਪੁਖ਼ਤਾ ਸਨ। ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ। ਮੰਡੀ ਦਾ ਪਾਣੀ ਇਕ ਪਾਸੇ ਇਕੱਠਾ ਹੋਣ ਕਰਕੇ ਸਮੱਸਿਆ ਆਈ ਹੈ, ਕੁੱਝ ਸਮੇਂ ਵਿੱਚ ਪਾਣੀ ਦੀ ਨਿਕਾਸੀ ਹੋ ਜਾਵੇਗੀ।

ਮਾਨਸਾ/ ਪਟਿਆਲਾ: (ਜੋਗਿੰਦਰ ਸਿੰਘ ਮਾਨ/ਸਰਬਜੀਤ ਸਿੰਘ ਭੰਗੂ)
ਪੰਜਾਬ ਵਿੱਚ ਮੀਂਹ ਅਤੇ ਝੱਖੜ ਕਾਰਨ ਖੇਤਾਂ ਵਿਚ ਝੋਨੇ ਦੀ ਕੰਬਾਈਨਾਂ ਨਾਲ ਵਾਢੀ ਦਾ ਕੰਮ ਰੁਕ ਗਿਆ ਹੈ, ਜਦੋਂ ਕਿ ਅਨਾਜ ਮੰਡੀਆਂ ਵਿੱਚ ਵਿਕਣ ਲਈ ਪੁੱਜਿਆ ਝੋਨਾ ਪੂਰੇ ਪ੍ਰਬੰਧ ਨਾ ਹੋਣ ਕਾਰਨ ਭਿੱਜ ਗਿਆ ਹੈ। ਮੀਂਹ ਨੇ ਅਨਾਜ ਮੰਡੀਆਂ ਵਿਚ ਝੋਨੇ ਦੀ ਤੁਲਾਈ, ਝਰਾਈ ਦਾ ਕੰਮ ਵੀ ਠੱਪ ਕਰ ਦਿੱਤਾ ਹੈ। ਅਨੇਕਾਂ ਮੰਡੀਆਂ ਵਿੱਚ ਆੜ੍ਹਤੀਆਂ ਕੋਲ਼ ਤਰਪਾਲਾਂ ਦਾ ਪ੍ਰਬੰਧ ਨਾ ਹੋਣ ਕਾਰਨ ਵਿਕਣ ਲਈ ਆਇਆ ਝੋਨਾ ਭਿੱਜ ਗਿਆ ਹੈ। ਅੱਜ ਕਿਸੇ ਵੀ ਮੰਡੀ ਵਿਚ ਬੋਲੀ ਲੱਗਣ ਦੀ ਕੋਈ ਉਮੀਦ ਨਹੀਂ ਵਿਖਾਈ ਦੇ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਅਨੁਸਾਰ ਹੁਣ ਧੁੱਪਾਂ ਲੱਗਣ ਦਾ ਸਮਾਂ ਸੀ ਪਰ‌ ਮੀਂਹ ਨੇ ਸਾਉਣੀ ਦੀਆਂ ਪੱਕ ਰਹੀਆਂ ਫਸਲਾਂ ਦਾ ਕੰਮ ਖਿਲਾਰ ਦਿੱਤਾ ਹੈ।

ਰਾਜ ਵਿੱਚ ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਕਈ ਦਿਨਾਂ ਤੋਂ ਲਿਫਟਿੰਗ ਪੂਰੀ ਤਰ੍ਹਾਂ ਠੱਪ ਹੈ, ਜਿਸ ਕਾਰਨ ਮੰਡੀਆਂ ਵਿੱਚ ਝੋਨੇ ਦੀਆਂ ਭਰੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਮੌਸਮ ਵਿਭਾਗ ਵੱਲੋਂ ਮੀਂਹ ਦੀ ਕੀਤੀ ਪੇਸ਼ੀਨਗੋਈ ਦੇ ਕਾਰਨ ਭਾਵੇਂ ਖਰੀਦ ਏਜੰਸੀਆਂ ਨੇ ਕਈ ਥਾਵਾਂ ’ਤੇ ਮੰਡੀਆਂ ’ਚ ਝੋਨਾ ਤਰਪਾਲਾਂ ਨਾਲ ਢੱਕ ਦਿੱਤਾ ਸੀ ਪਰ ਅੱਜ ਮੀਂਹ ਦੇ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਪੱਲੀਆਂ ਉਡਾ ਦਿੱਤੀਆਂ, ਜਿਸ ਦੌਰਾਨ ਮੰਡੀਆਂ ’ਚ ਪਈ ਜੀਰੀ ਦੀ ਫ਼ਸਲ ਮੀਹ ਨਾਲ ਭਿੱਜ ਗਈ। ਇਸ ਤੋਂ ਇਲਾਵਾ ਮੰਡੀ ਵਿੱਚ ਵਿਕਣ ਲਈ ਆਈ ਜੀਰੀ ਦੇ ਹੇਠਾਂ ਵੀ ਪਾਣੀ ਵੜ ਗਿਆ, ਜਿਸ ਕਾਰਨ ਕਿਸਾਨ ਤੇ ਮਜ਼ਦੂਰ ਮੰਡੀਆਂ ਵਿੱਚੋਂ ਪਾਣੀ ਕੱਢਦੇ ਰਹੇ।

ਫੋਟੋ: ਰਾਜੇਸ਼ ਸੱਚਰ
Advertisement
Author Image

Advertisement
×