For the best experience, open
https://m.punjabitribuneonline.com
on your mobile browser.
Advertisement

‘ਗੁਨਾਹਗਾਰ’ ਨਾਟਕ ਰਾਹੀਂ ਸ਼ਹੀਦ ਭਗਤ ਸਿੰਘ ਦੀ ਕਹਾਣੀ ਬਿਆਨੀ

07:03 AM Oct 21, 2024 IST
‘ਗੁਨਾਹਗਾਰ’ ਨਾਟਕ ਰਾਹੀਂ ਸ਼ਹੀਦ ਭਗਤ ਸਿੰਘ ਦੀ ਕਹਾਣੀ ਬਿਆਨੀ
ਨਾਟਕ ‘ਗੁਨਾਹਗਾਰ’ ਦਾ ਇੱਕ ਦ੍ਰਿਸ਼।
Advertisement

ਹਰਦੇਵ ਚੌਹਾਨ
ਚੰਡੀਗੜ੍ਹ, 20 ਅਕਤੂਬਰ
ਆਜ਼ਾਦੀ ਦੇ ਪਰਵਾਨੇ ਬਸਤੀਵਾਦੀ ਸਮਾਜ ਦੇ ਕਦੀਮੀ ਗੁਨਾਹਗਾਰ ਹਨ ਪਰ ਉਹ ਲੋਕਾਂ ਦੇ ਅਮਰ ਨਾਇਕ ਹਨ। ਉਹ ਲੋਕ ਮਨਾਂ ਵਿੱਚ ਸਦਾ ਲਈ ਜੋਤ ਵਾਂਗ ਜਗਦੇ ਰਹਿੰਦੇ ਹਨ। ਭਗਤ ਸਿੰਘ ਅਤੇ ਉਸ ਦੇ ਸਾਥੀ ਕਰੋੜਾਂ ਭਾਰਤੀਆਂ ਦੀ ਜ਼ਿੰਦ-ਜਾਨ ਹਨ। ਹਰੀਸ਼ ਜੈਨ ਦੇ ਲਿਖੇ ਨਾਟਕ ‘ਗੁਨਾਹਗਾਰ’ ਨੇ ਅੱਜ ਰੰਧਾਵਾ ਆਡੀਟੋਰੀਅਮ, ਕਲਾ ਭਵਨ, ਚੰਡੀਗੜ੍ਹ ਵਿੱਚ ਉਨਾਂ ਸਮਿਆਂ ਨੂੰ ਫਿਰ ਤੋਂ ਇਸ ਨਾਟਕ ਰਾਹੀਂ ਸਜੀਵ ਕੀਤਾ। ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਵਿੱਚ ਸ਼ਹੀਦ ਭਗਤ ਸਿੰਘ ਖ਼ਿਲਾਫ਼ ਕੇਸ ਦੀ ਕਹਾਣੀ ਤੇ ਸਾਮਰਾਜੀ ਜੱਜਾਂ ਦੀਆਂ ਬੇਈਮਾਨੀਆਂ ਨੂੰ ਨਾਟਕ ਰਾਹੀਂ ਪੇਸ਼ ਕੀਤਾ ਗਿਆ। ਨਾਟਕ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ।
ਨਾਟਕ ਵਿੱਚ ਦਿਖਾਇਆ ਗਿਆ ਕਿ ਭਗਤ ਸਿੰਘ ਤੇ ਬੀਕੇ ਦੱਤ ਨੇ ਅੱਠ ਅਪਰੈਲ 1929 ਵਾਲੇ ਦਿਨ ਦਿੱਲੀ ਅਸੈਂਬਲੀ ਵਿੱਚ ਬੰਬ ਸੁੱਟ ਕੇ ਬ੍ਰਿਟਿਸ਼ ਸਾਮਰਾਜ ਨੂੰ ਵੰਗਾਰਿਆ ਸੀ। ਉਨ੍ਹਾਂ ਕਿਹਾ ਸੀ ਕਿ ਬੋਲਿਆਂ ਨੂੰ ਸੁਣਾਉਣ ਲਈ ਉੱਚੇ ਧਮਾਕਿਆਂ ਦੀ ਲੋੜ ਹੁੰਦੀ ਹੈ। ਇਸ ਬੰਬ ਧਮਾਕੇ ਨੇ ਲੋਕਾਂ ਨੂੰ ਹਲੂਣਿਆ ਤੇ ਫਿਰ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਗਲੀ-ਗਲੀ ਗੂੰਜਣ ਲੱਗ ਪਿਆ। ਦਿੱਲੀ ਦਾ ਸੈਸ਼ਨ ਜੱਜ ਦੋਸ਼ੀਆਂ ਨੂੰ ਬਾ-ਮੁਸ਼ੱਕਤ ਕੈਦ ਅਤੇ ਕਾਲੇ ਪਾਣੀ ਦੀ ਸਜ਼ਾ ਸੁਣਾ ਦਿੰਦਾ ਹੈ। ਇਸ ਫ਼ੈਸਲੇ ਦੇ ਵਿਰੁੱਧ ਭਗਤ ਸਿੰਘ ਅਤੇ ਬੀਕੇ ਦੱਤ ਨੇ ਲਾਹੌਰ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ। ਉੱਥੋਂ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ।
ਜੋਨ ਪਾਲ ਸਹੋਤਾ, ਯੁਵਨੀਸ਼ ਨਾਇਕ, ਰਾਹੁਲ ਸਹਿਗਲ, ਹਰਪ੍ਰੀਤ, ਹਰਸ਼ਿਤਾਹ ਦੀਪਿਕਾ, ਰੇਹਾਨ ਤੇ ਅਭਿਸ਼ੇਕ ਆਦਿ ਕਲਾਕਾਰਾਂ ਨੇ ਆਪਣੀ ਕਲਾਕਾਰੀ ਨਾਲ ਦੇਸ਼ ਭਗਤੀ ਦਾ ਜਜ਼ਬਾ ਫਿਰ ਤੋਂ ਪੈਦਾ ਕੀਤਾ। ਲੇਖਕ ਹਰੀਸ਼ ਜੈਨ ਨੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ।

Advertisement

Advertisement
Advertisement
Author Image

Advertisement